ਮੋਦੀ ਨੇ ਅਮਰੀਕਾ ਦੀ ਕਠਪੁਤਲੀ ਬਣ ਕੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਮਿੱਟੀ ‘ਚ ਰੋਲਿਆ : ਅਰਸ਼ੀ

0
8

ਫਰੀਦਕੋਟ (ਐਲਿਗਜੈਂਡਰ ਡਿਸੂਜਾ)
ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਦੀ ਕਠਪੁਤਲੀ ਬਣ ਕੇ ਭਾਰਤ ਦੀ ਪ੍ਰਵਾਣਿਤ ਅਤੇ ਸੁਤੰਤਰ ਵਿਦੇਸ਼ ਨੀਤੀ ਨੂੰ ਤਹਿਸ-ਨਹਿਸ ਕਰ ਦਿੱਤਾ ਹੈ।
ਸਥਾਨਕ ਸ਼ਹੀਦ ਕਾਮਰੇਡ ਅਮੋਲਕ ਸਿੰਘ ਭਵਨ ਵਿਖੇ ਪਾਵਰਕੌਮ ਪੈਨਸ਼ਨਰ ਆਗੂ ਹਰਪਾਲ ਸਿੰਘ ਮਚਾਕੀ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਰਸ਼ੀ ਨੇ ਕਿਹਾ ਕਿ ਅਮਰੀਕੀ ਸਾਮਰਾਜਵਾਦ ਤੇਲ ਸਰੋਤਾਂ ‘ਤੇ ਕਬਜ਼ਾ ਕਰਨ ਲਈ ਦੁਨੀਆ ਭਰ ਵਿੱਚ ਅਰਾਜਕਤਾ ਫੈਲਾ ਰਿਹਾ ਹੈ।
ਕਾਮਰੇਡ ਅਰਸ਼ੀ ਨੇ ਦੋਸ਼ ਲਾਇਆ ਕਿ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਵੈਨੇਜ਼ੁਏਲਾ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਨਿਸ਼ਾਨਾ ਬਣਾਇਆ ਅਤੇ ਹੁਣ ਈਰਾਨ ਦੇ ਤੇਲ ਭੰਡਾਰਾਂ ‘ਤੇ ਮਾੜੀ ਨੀਅਤ ਰੱਖਦਿਆਂ ਉੱਥੋਂ ਦੇ ਨਿਰਦੋਸ਼ ਲੋਕਾਂ ‘ਤੇ ਭਿਆਨਕ ਬੰਬਾਰੀ ਕੀਤੀ ਜਾ ਰਹੀ ਹੈ।ਉਨ੍ਹਾ ਕਿਹਾ ਕਿ ਅਮਰੀਕਾ ਅੱਗੇ ਗੋਡੇ ਟੇਕਣ ਕਾਰਨ ਭਾਰਤ ਨੂੰ ਆਪਣੇ ਰਵਾਇਤੀ ਦੋਸਤਾਂ ਰੂਸ ਅਤੇ ਈਰਾਨ ਤੋਂ ਤੇਲ ਮਿਲਣਾ ਲੱਗਭੱਗ ਬੰਦ ਹੋ ਗਿਆ ਹੈ।ਇਹ ਦੇਸ਼ ਦੇ ਹਿੱਤਾਂ ਨਾਲ ਸਿੱਧੀ ਗ਼ੱਦਾਰੀ ਹੈ।ਇਸ ਜੰਗ ਕਾਰਨ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧ ਰਹੀਆਂ ਹਨ, ਜਿਸ ਦਾ ਖ਼ਮਿਆਜ਼ਾ ਆਮ ਜਨਤਾ ਭੁਗਤ ਰਹੀ ਹੈ।ਮੀਟਿੰਗ ਦੌਰਾਨ ਇੱਕ ਮਤਾ ਪਾਸ ਕਰਕੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਥੋਪੀ ਗਈ ਜੰਗ ਦੀ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਭਾਰਤ ਆਪਣੀ ਪੁਰਾਣੀ ‘ਗੁੱਟ ਨਿਰਪੱਖ ਨੀਤੀ’ ‘ਤੇ ਪਹਿਰਾ ਦਿੰਦੇ ਹੋਏ ਈਰਾਨ ਦੇ ਹੱਕ ਵਿੱਚ ਖੜ੍ਹੇ। ਸੂਬੇ ਦੇ ਹਾਲਾਤ ‘ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਪੁਲਸ ਨੂੰ ‘ਖੁੱਲ੍ਹੀ ਛੁੱਟੀ’ ਦੇ ਕੇ ਸੂਬੇ ਨੂੰ ਪੁਲਸ ਰਾਜ ਵਿੱਚ ਬਦਲ ਦਿੱਤਾ ਹੈ, ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਨਿੱਘਰ ਰਹੀ ਹੈ।
ਉਨ੍ਹਾ ਐਲਾਨ ਕੀਤਾ ਕਿ 7 ਅਤੇ 8 ਅਪ੍ਰੈਲ ਨੂੰ ਅਜੇ ਭਵਨ, ਚੰਡੀਗੜ੍ਹ ਵਿਖੇ ਸੀ.ਪੀ.ਆਈ. ਦੀ ਸੂਬਾ ਕੌਂਸਲ ਦੀ ਅਹਿਮ ਮੀਟਿੰਗ ਹੋਵੇਗੀ, ਜਿਸ ਵਿੱਚ ਪਾਰਟੀ ਦੇ ਅਗਲੇ ਸੰਘਰਸ਼ਾਂ ਦੀ ਰੂਪ-ਰੇਖਾ ਉਲੀਕੀ ਜਾਵੇਗੀ।ਮੀਟਿੰਗ ਵਿੱਚ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ (ਖੇਤ ਮਜ਼ਦੂਰ ਸਭਾ), ਪ੍ਰੇਮ ਚਾਵਲਾ (ਕਾਰਜਕਾਰੀ ਜ਼ਿਲ੍ਹਾ ਸਕੱਤਰ), ਸੁਖਜਿੰਦਰ ਸਿੰਘ ਤੂੰਬੜਭੰਨ (ਕਿਸਾਨ ਸਭਾ), ਵੀਰ ਸਿੰਘ ਕੰਮੇਆਣਾ, ਗੋਰਾ ਪਿਪਲੀ (ਨਰੇਗਾ ਯੂਨੀਅਨ), ਗੁਰਚਰਨ ਸਿੰਘ ਮਾਨ, ਇੰਦਰਜੀਤ ਸਿੰਘ ਗਿੱਲ, ਪ੍ਰਦੀਪ ਸਿੰਘ ਬਰਾੜ, ਪ੍ਰਿੰਸੀਪਲ ਗੁਰਦੀਪ ਕੌਰ ਬਰਾੜ, ਗੁਰਦੀਪ ਸਿੰਘ ਦੀਪ ਸਿੰਘ ਵਾਲਾ ਅਤੇ ਬਲਕਾਰ ਸਿੰਘ ਸਹੋਤਾ ਸਮੇਤ ਹੋਰਨਾਂ ਆਗੂਆਂ ਨੇ ਵੀ ਵਿਚਾਰ ਰੱਖੇ।