ਮੋਦੀ ਅੱਗੇ ਨਾ ਕੁਸਕਣ ‘ਤੇ ਆਪ ਆਗੂਆਂ ਦਾ ਰਾਘਵ ਚੱਢਾ ‘ਤੇ ਤਿੱਖਾ ਹਮਲਾ

0
9

ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਉਪ-ਨੇਤਾ ਦੇ ਅਹੁਦੇ ਤੋਂ ਹਟਾਉਣ ਨੂੰ ਇੱਕ ਆਮ ਕਾਰਵਾਈ ਦੱਸਦਿਆਂ ਉਨ੍ਹਾਂ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ।ਪਾਰਟੀ ਨੇ ਚੱਢਾ ਨੂੰ ਪੁੱਛਿਆ ਹੈ ਕਿ ਉਹ ਦੇਸ਼ ਅਤੇ ਪਾਰਟੀ ਨਾਲ ਜੁੜੇ ਮੁੱਦਿਆਂ ‘ਤੇ ਭਾਜਪਾ ਜਾਂ ਮੋਦੀ ਸਰਕਾਰ ਵਿਰੁੱਧ ਬੋਲਣ ਤੋਂ ਕਿਉਂ ਡਰ ਰਹੇ ਹਨ? ਉਹ ਲਗਾਤਾਰ ਪਾਰਟੀ ਲਾਈਨ ਦੇ ਖਿਲਾਫ ਕੰਮ ਕਰ ਰਹੇ ਸਨ। ਮੁੱਖ ਚੋਣ ਕਮਿਸ਼ਨਰ ਵਿਰੁੱਧ ਮਹਾਂਦੋਸ਼ ਦੇ ਪ੍ਰਸਤਾਵ ‘ਤੇ ਹਸਤਾਖਰ ਕਰਨ ਤੋਂ ਇਨਕਾਰ ਕਰਨ ਅਤੇ ਐੱਲ ਪੀ ਜੀ ਸੰਕਟ ‘ਤੇ ਸਦਨ ਵਿੱਚ ਬੋਲਣ ਤੋਂ ਇਨਕਾਰ ਕਰਨ ਸਮੇਤ ਕਈ ਵਾਰ ਰਾਘਵ ਚੱਢਾ ਨੇ ਪਾਰਟੀ ਵਿੱ੍ਹਪ ਦੀ ਉਲੰਘਣਾ ਕੀਤੀ। ਲੰਬੇ ਸਮੇਂ ਤੋਂ ਰਾਘਵ ਚੱਢਾ ਨੇ ਸੰਸਦ ਵਿੱਚ ਅਜਿਹਾ ਕੋਈ ਮੁੱਦਾ ਨਹੀਂ ਉਠਾਇਆ ਜਿਸ ਵਿੱਚ ਉਨ੍ਹਾਂ ਨੇ ਮੋਦੀ ਸਰਕਾਰ ਤੋਂ ਸਵਾਲ ਪੁੱਛੇ ਹੋਣ।ਪਾਰਟੀ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਸਭ ਨੂੰ ਨਿਡਰਤਾ ਅਤੇ ਹਿੰਮਤ ਨਾਲ ਲੜਨਾ ਸਿਖਾਇਆ ਹੈ, ਪਰ ਰਾਘਵ ਚੱਢਾ ਭਾਜਪਾ ਅਤੇ ਮੋਦੀ ਸਰਕਾਰ ਤੋਂ ਸਵਾਲ ਕਰਨ ਤੋਂ ਡਰ ਰਹੇ ਹਨ। ਅਜਿਹੀ ਡਰ ਦੀ ਰਾਜਨੀਤੀ ਕਿਵੇਂ ਚੱਲੇਗੀ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਈ ਵਾਰ ਲੋਕ ਸਭਾ ਅਤੇ ਰਾਜ ਸਭਾ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਮਤ ਹੋ ਕੇ ਫੈਸਲਾ ਲੈਣਾ ਪੈਂਦਾ ਹੈ, ਜਿਵੇਂ ਕਿ ਸਦਨ ਤੋਂ ਵਾਕਆਊਟ ਕਰਨਾ ਜਾਂ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ। ਜੇਕਰ ਕੋਈ ਵਿਅਕਤੀ ਇਹਨਾਂ ਸਮੂਹਿਕ ਫੈਸਲਿਆਂ ਦਾ ਸਮਰਥਨ ਨਹੀਂ ਕਰਦਾ ਅਤੇ ਪਾਰਟੀ ਲਾਈਨ ਦੇ ਉਲਟ ਜਾਂਦਾ ਹੈ, ਤਾਂ ਉਹ ਪਾਰਟੀ ਵਿੱ੍ਹਪ ਦੇ ਖਿਲਾਫ ਹੈ।ਜੋ ਵੀ ਪਾਰਟੀ ਵਿੱ੍ਹਪ ਦੇ ਖਿਲਾਫ ਜਾਵੇਗਾ, ਉਸ ‘ਤੇ ਕਾਰਵਾਈ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਹਿਮ ਮੁੱਦੇ ਚੁੱਕਣ ਦੀ ਬਜਾਏ ਉਹ ਸਮੋਸੇ ਮਹਿੰਗੇ ਹੋਣ ਅਤੇ ਪੀਜ਼ਾ ਦੀ ਡਲਿਵਰੀ ਬਾਰੇ ਗੱਲ ਕਰ ਰਹੇ ਸਨ।”
ਮਾਨ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਅਕਸਰ ਸੰਸਦ ਵਿੱਚ ਨੇਤਾ ਬਦਲਦੀਆਂ ਰਹਿੰਦੀਆਂ ਹਨ। ਉਨ੍ਹਾ ਕਿਹਾ, ”2014-19 ਦੇ ਵਿਚਕਾਰ, ਪਹਿਲਾਂ ਡਾ. ਧਰਮਵੀਰ ਗਾਂਧੀ ਸਦਨ ਵਿੱਚ ਪਾਰਟੀ ਦੇ ਨੇਤਾ ਸਨ ਅਤੇ ਬਾਅਦ ਵਿੱਚ ਮੈਂ ਨੇਤਾ ਬਣਿਆ ਸੀ।”
‘ਆਪ’ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਜਦੋਂ ਪੰਜਾਬ ਦਾ ਮੁੱਦਾ ਹੁੰਦਾ ਹੈ, ਤਾਂ ਉਹ ਉਸ ਸਮੇਂ ਖਾਮੋਸ਼ ਰਹਿੰਦੇ ਹਨ, ਕੁਝ ਨਹੀਂ ਬੋਲਦੇ।ਉਹ ਪ੍ਰਧਾਨ ਮੰਤਰੀ ਮੋਦੀ ਖਿਲਾਫ ਆਵਾਜ਼ ਨਹੀਂ ਉਠਾਉਂਦੇ।
ਮੋਦੀ ਸਰਕਾਰ ਪੰਜਾਬ ਦੇ ਤਮਾਮ ਅਧਿਕਾਰ ਖੋਹਣ ਦਾ ਕੰਮ ਕਰਦੀ ਹੈ, ਉਸ ‘ਤੇ ਵੀ ਉਹ ਕੁਝ ਨਹੀਂ ਬੋਲਦੇ।ਜਦੋਂ ਬਹੁਤ ਸਾਰੇ ਮੁੱਦਿਆਂ ‘ਤੇ ਸਦਨ ਤੋਂ ਵਾਕਆਊਟ ਕਰਨ ਦੀ ਗੱਲ ਆਉਂਦੀ ਹੈ, ਤਾਂ ਉਹ ਵਾਕਆਊਟ ਨਹੀਂ ਕਰਦੇ।ਇਹ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਜਵਾਬ ਦੇਸ਼ ਅਤੇ ਜਨਤਾ ਰਾਘਵ ਚੱਢਾ ਤੋਂ ਚਾਹੁੰਦੀ ਹੈ।
ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਚੱਢਾ ਨੇ ਸਦਨ ਵਿੱਚ ਅਜਿਹਾ ਕੋਈ ਮੁੱਦਾ ਨਹੀਂ ਉਠਾਇਆ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਜਾਂ ਭਾਜਪਾ ਸਰਕਾਰ ਤੋਂ ਕੋਈ ਸਵਾਲ ਪੁੱਛਿਆ ਗਿਆ ਹੋਵੇ। ਅਜਿਹੀ ਡਰ ਦੀ ਰਾਜਨੀਤੀ ਕਿਵੇਂ ਚੱਲੇਗੀ?
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਰਾਘਵ ਚੱਢਾ ਤੋਂ ਸਵਾਲ ਕਰਦਿਆਂ ਕਿਹਾ ਕਿ ਉਹ ਭਾਜਪਾ ਤੋਂ ਇੰਨਾ ਕਿਉਂ ਡਰਦੇ ਹਨ? ਉਹ ਭਾਜਪਾ ‘ਤੇ ਸਵਾਲ ਚੁੱਕਣ ਤੋਂ ਕਿਉਂ ਡਰਦੇ ਹਨ? ਉਹ ਮੋਦੀ ਜੀ ਤੋਂ ਸਵਾਲ ਪੁੱਛਣ ਤੋਂ ਕਿਉਂ ਡਰਦੇ ਹਨ? ਅੱਜ ਸਾਡਾ ਦੇਸ਼ ਬਹੁਤ ਵੱਡੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਅੱਜ ਸਾਡੇ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ‘ਤੇ ਖਤਰਾ ਮੰਡਰਾ ਰਿਹਾ ਹੈ।ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਚੋਣ ਕਮਿਸ਼ਨ ਦੀ ਦੁਰਵਰਤੋਂ ਕਰਕੇ ਪੱਛਮੀ ਬੰਗਾਲ ਦੀ ਚੋਣ ਚੋਰੀ ਕੀਤੀ ਜਾ ਰਹੀ ਹੈ, ਪਰ ਉਹ ਉਸ ‘ਤੇ ਸਵਾਲ ਨਹੀਂ ਉਠਾ ਰਹੇ। ਉਹ ਉਸ ‘ਤੇ ਬੋਲਣ ਤੋਂ ਡਰ ਰਹੇ ਹਨ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਕੋਈ ਮੋਦੀ ਤੋਂ ਡਰ ਜਾਵੇ ਤਾਂ ਦੇਸ਼ ਲਈ ਕੀ ਲੜੇਗਾ? ਪਾਰਟੀ ਨੂੰ ਸੰਸਦ ਵਿੱਚ ਬੋਲਣ ਲਈ ਬਹੁਤ ਘੱਟ ਸਮਾਂ ਮਿਲਦਾ ਹੈ।ਉਸ ਵਿੱਚ ਜਾਂ ਤਾਂ ਦੇਸ਼ ਬਚਾਉਣ ਦਾ ਸੰਘਰਸ਼ ਕਰ ਸਕਦੇ ਹੋ ਜਾਂ ਏਅਰਪੋਰਟ ਕੰਟੀਨ ਵਿੱਚ ਸਮੋਸੇ ਸਸਤੇ ਕਰਵਾਉਣ ਦਾ।ਗੁਜਰਾਤ ਵਿੱਚ ਸਾਡੇ ਸੈਂਕੜੇ ਵਰਕਰ ਭਾਜਪਾ ਦੀ ਪੁਲਸ ਨੇ ਗ੍ਰਿਫਤਾਰ ਕਰ ਲਏ, ਕੀ ਸਾਂਸਦ ਸਾਹਿਬ ਸਦਨ ਵਿੱਚ ਕੁਝ ਬੋਲੇ?
ਚੱਢਾ, ਜਿਸ ਨੂੰ ਵੀਰਵਾਰ ਉਪਰਲੇ ਸਦਨ ਵਿੱਚ ਪਾਰਟੀ ਦੇ ਉਪ-ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਨੇ ‘ਆਪ’ ਲੀਡਰਸ਼ਿਪ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਉਨ੍ਹਾ ਦੀ ਚੁੱਪ ਨੂੰ ਇਹ ਨਾ ਸਮਝਣ ਕਿ ਉਹ ਸਿਆਸੀ ਲੜਾਈ ਵਿੱਚ ਹਾਰ ਗਏ ਹਨ।
ਸੰਸਦ ਮੈਂਬਰ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ, ”ਜਦੋਂ ਸਮਾਂ ਆਵੇਗਾ ਤਾਂ ਮੈਂ ਸਭ ਕੁਝ ਸਪੱਸ਼ਟ ਕਰ ਦਿਆਂਗਾ।” ਰਾਘਵ ਚੱਢਾ ਦੀ ਥਾਂ ਪੰਜਾਬ ਤੋਂ ਦੂਜੇ ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੂੰ ਪਾਰਟੀ ਦਾ ਉਪ-ਨੇਤਾ ਬਣਾਇਆ ਗਿਆ ਹੈ। ਇੱਕ ਵੀਡੀਓ ਸੰਦੇਸ਼ ਵਿੱਚ ਚੱਢਾ ਨੇ ਸਵਾਲ ਕੀਤਾ ਕਿ ‘ਆਪ’ ਨੇ ਰਾਜ ਸਭਾ ਸਕੱਤਰੇਤ ਨੂੰ ਉਨ੍ਹਾ ਨੂੰ ਸੰਸਦ ਵਿੱਚ ਬੋਲਣ ਦੀ ਇਜਾਜ਼ਤ ਨਾ ਦੇਣ ਲਈ ਕਿਉਂ ਕਿਹਾ। ਉਨ੍ਹਾ ਪੁੱਛਿਆ, ”ਮੈਂ ਹਮੇਸ਼ਾ ਉਹ ਮੁੱਦੇ ਉਠਾਏ, ਜੋ ਆਮ ਆਦਮੀ ਨਾਲ ਸੰਬੰਧਤ ਸਨ ਅਤੇ ਸੰਸਦ ਵਿੱਚ ਨਹੀਂ ਉਠਾਏ ਜਾ ਰਹੇ ਸਨ। ਕੀ ਇਹ ਮੁੱਦੇ ਚੁੱਕਣਾ ਪਾਪ ਹੈ? ਆਮ ਆਦਮੀ ਪਾਰਟੀ ਅਜਿਹਾ ਕਿਉਂ ਕਰੇਗੀ? ਮੈਂ ਹਵਾਈ ਅੱਡਿਆਂ ‘ਤੇ ਵਿਕਣ ਵਾਲੇ ਮਹਿੰਗੇ ਖਾਣੇ, ਗਿੱਗ ਵਰਕਰਾਂ, ਮਿਲਾਵਟੀ ਖਾਣੇ ਅਤੇ ਬੈਂਕਾਂ ਵੱਲੋਂ ਲਗਾਏ ਜਾਣ ਵਾਲੇ ਗੁਪਤ ਚਾਰਜਾਂ ਬਾਰੇ ਗੱਲ ਕਰ ਰਿਹਾ ਸੀ। ਫਿਰ ‘ਆਪ’ ਕਿਉਂ ਨਹੀਂ ਚਾਹੁੰਦੀ ਕਿ ਮੈਂ ਬੋਲਾਂ?” ਉਨ੍ਹਾ ਚੇਤਾਵਨੀ ਦਿੱਤੀ ਕਿ ਉਹ ਉਸ ਨਦੀ ਵਰਗੇ ਹਨ, ਜੋ ਸਹੀ ਸਮਾਂ ਆਉਣ ‘ਤੇ ਹੜ੍ਹ ਦਾ ਰੂਪ ਲੈ ਲੈਂਦੀ ਹੈ।