ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ, ਕ੍ਰਿਸ਼ਨ ਗਰਗ)-ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਹੜਤਾਲੀ ਆੜ੍ਹਤੀਆਂ ਨੂੰ ਸਿੱਧਾ ਕਹਿ ਦਿੱਤਾ ਕਿ ਜੇ ਹਰਿਆਣਾ ਦੇ ਮੁੱਖ ਮੰਤਰੀ ਕੋਲ ਜਾ ਕੇ ਹੀ ਪੰਜਾਬ ਦੀ ਚਿੰਤਾ ਕਰਨੀ ਹੈ ਤਾਂ ਪੰਜਾਬ ਦੇ ਆੜ੍ਹਤੀਏ ਹਰਿਆਣਾ ‘ਚ ਆੜ੍ਹਤ ਕਰ ਲੈਣ।
ਉਨ੍ਹਾ ਕਿਹਾ ਕਿ ਆੜ੍ਹਤੀਏ ਹਰ ਮਾਮਲੇ ‘ਚ ਹਰਿਆਣਾ ਨੂੰ ਖਿੱਚ ਲਿਆਉਂਦੇ ਹਨ, ਜਦੋਂ ਕਿ ਹਰਿਆਣਾ ‘ਚ ਸੰਗਰੂਰ ਜ਼ਿਲ੍ਹੇ ਦੇ ਬਰਾਬਰ ਹੀ ਪੈਦਾਵਾਰ ਹੁੰਦੀ ਹੈ। ਉਨ੍ਹਾ ਸਵਾਲ ਕੀਤਾ ਕਿ ਹਰਿਆਣਾ ‘ਚ ਤਾਂ ਬਿਜਲੀ ਮੁਆਫੀ ਵੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆੜ੍ਹਤੀਆਂ ਦੀ ਆੜ੍ਹਤ ਦਾ ਮਾਮਲਾ ਉਹ ਕੇਂਦਰ ਕੋਲ ਤਿੰਨ-ਚਾਰ ਵਾਰ ਉਠਾ ਚੁੱਕੇ ਹਨ।
ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ‘ਚ ਪਹਿਲੀ ਅਪਰੈਲ ਤੋਂ ਪੰਜਾਬ ਦੇ ਆੜ੍ਹਤੀਆਂ ਨੇ ਢਾਈ ਫੀਸਦੀ ਆੜ੍ਹਤ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਨਾਲ ਮਸਲਾ ਨਜਿੱਠਣ ਲਈ ਮੀਟਿੰਗ ਕਰਨ ਤੋਂ ਬਾਅਦ ਆੜ੍ਹਤੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੀਟਿੰਗ ਕੀਤੀ ਸੀ, ਤਾਂ ਜੋ ਕੇਂਦਰ ਤੱਕ ਪਹੁੰਚ ਬਣਾਈ ਜਾ ਸਕੇ। ਮੁੱਖ ਮੰਤਰੀ ਸੈਣੀ ਨੇ ਆੜ੍ਹਤੀਆਂ ਦੀ ਆਓ ਭਗਤ ਕੀਤੀ ਅਤੇ ਸਿਆਸੀ ਚੋਗਾ ਵੀ ਪਾਇਆ ਸੀ।
ਮਾਨ ਨੂੰ ਜਦੋਂ ਸੈਣੀ ਕੋਲ ਆੜ੍ਹਤੀਆਂ ਵੱਲੋਂ ਜ਼ਾਹਰ ਕੀਤੇ ਫਿਕਰਾਂ ਬਾਰੇ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਚੰਗਾ ਹੁੰਦਾ ਆੜ੍ਹਤੀਏ ਹਰਿਆਣਾ ਦੇ ਮੁੱਖ ਮੰਤਰੀ ਕੋਲ ਚਿੰਤਾ ਕਰਨ ਦੀ ਥਾਂ ਮੁੱਦੇ ਉਠਾਉਂਦੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਜਲਦ ਹਰਿਆਣਾ ‘ਚ ਆਪਣੇ ਸਿਆਸੀ ਪ੍ਰੋਗਰਾਮ ਉਲੀਕ ਰਹੇ ਹਨ।


