ਡਾ. ਨਵਜੋਤ ਕੌਰ ਨੇ ਪਾਰਟੀ ਬਣਾਈ

0
9

ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਮੰਗਲਵਾਰ ਹਲਚਲ ਵੇਖਣ ਨੂੰ ਮਿਲੀ, ਜਦੋਂ ਸਾਬਕਾ ਕ੍ਰਿਕਟਰ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਪਣੀ ‘ਭਾਰਤੀ ਰਾਸ਼ਟਰਵਾਦੀ ਪਾਰਟੀ’ ਬਣਾਉਣ ਦਾ ਐਲਾਨ ਕੀਤਾ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਏ ਗਏ ਇਸ ਫੈਸਲੇ ਨੇ ਸੂਬੇ ਦੇ ਸਿਆਸੀ ਸਮੀਕਰਨਾਂ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਇਹ ਐਲਾਨ ਡਾ. ਸਿੱਧੂ ਨੂੰ ਕਾਂਗਰਸ ਵਿੱਚੋਂ ਕੱਢਣ ਦੇ ਮਹਿਜ਼ ਦੋ ਮਹੀਨੇ ਬਾਅਦ ਹੋਇਆ ਹੈ।
ਡਾ. ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਇਸ ਫੈਸਲੇ ਨੂੰ ‘ਰੱਬੀ ਫੁਰਮਾਨ’ ਦੱਸਦਿਆਂ ਕਿਹਾ ਕਿ ਉਨ੍ਹਾ ਦੀ ਪਾਰਟੀ ਪੰਜਾਬ ਦੀ ਗੁਆਚੀ ਹੋਈ ਸ਼ਾਨ ਬਹਾਲ ਕਰਕੇ ਇਸ ਨੂੰ ਮੁੜ ‘ਸੁਨਹਿਰੀ ਰਾਜ’ ਬਣਾਉਣ ਲਈ ਕੰਮ ਕਰੇਗੀ। ਉਨ੍ਹਾ ਕਿਹਾ ਕਿ ਇਹ ਪਾਰਟੀ ਨਿਆਂ, ਸ਼ਾਂਤੀ ਅਤੇ ਅਧਿਆਤਮਕ ਗੁਣਾਂ ‘ਤੇ ਅਧਾਰਤ ਹੋਵੇਗੀ। ਹਾਲਾਂਕਿ, ਨਵਜੋਤ ਸਿੰਘ ਸਿੱਧੂ ਦੀ ਇਸ ਨਵੀਂ ਪਾਰਟੀ ਵਿੱਚ ਭੂਮਿਕਾ ਅਜੇ ਵੀ ਰਹੱਸ ਬਣੀ ਹੋਈ ਹੈ, ਕਿਉਂਕਿ ਉਨ੍ਹਾ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਅਜੇ ਵੀ ਗਾਂਧੀ ਪਰਵਾਰ ਦੀਆਂ ਤਸਵੀਰਾਂ ਹਨ ਅਤੇ ਉਹ ਸਿਆਸਤ ਤੋਂ ਦੂਰ ਸ਼ੋਅਬਿਜ਼ ਵਿੱਚ ਰੁੱਝੇ ਹੋਏ ਹਨ। ਸਿਆਸੀ ਮਾਹਰ ਇਸ ਕਦਮ ਨੂੰ ਵਿਰੋਧੀ ਵੋਟਾਂ ਦੇ ਖਿੰਡਾਅ ਵਜੋਂ ਦੇਖ ਰਹੇ ਹਨ।