29.4 C
Jalandhar
Friday, April 19, 2024
spot_img

ਸਕਾਚ ਦੀਆਂ ਬੋਤਲਾਂ ‘ਚ ਨਕਲੀ ਸ਼ਰਾਬ ਭਰਨ ਵਾਲੇ ਗਰੋਹ ਦੇ 4 ਮੈਂਬਰ ਕਾਬੂ

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪੁਲਸ ਫਤਿਹਗੜ੍ਹ ਸਾਹਿਬ ਵੱਲੋਂ ਸ਼ਰਾਬ ਤਸਕਰਾਂ ਦੇ ਇੱਕ ਸੰਗਠਿਤ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਹੈ | ਇਹ ਗਰੋਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਤਸਕਰੀ ਕਰਕੇ ਉਸ ਨੂੰ ਮਹਿੰਗੇ ਇੰਪੋਰਟਡ ਸਕਾਚ ਬ੍ਰਾਂਡਾਂ ਦੀਆਂ ਬੋਤਲਾਂ ਵਿਚ ਭਰਦਾ ਸੀ | ਗਰੋਹ ਦੇ 4 ਮੈਂਬਰਾਂ ਨੂੰ ਨਕਲੀ ਸ਼ਰਾਬ ਸਮੇਤ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ ਸੀਵਾਸ ਰੀਗਲ ਦੇ 4 ਕੇਸ, ਗਲੇਨਲਿਵਟ ਦੇ 4 ਕੇਸ ਅਤੇ ਗੋਲਡ ਲੇਬਲ ਰਿਜ਼ਰਵ ਦੇ 2 ਕੇਸ ਮੌਕੇ ਤੋਂ ਮਿਲੇ ਹਨ | ਸੰਯੁਕਤ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਸੰਗਠਿਤ ਗਰੋਹ ਚੰਡੀਗੜ੍ਹ ਤੋਂ ਪੰਜਾਬ ‘ਚ ਸਸਤੀ ਸ਼ਰਾਬ ਦੀ ਤਸਕਰੀ ਕਰਕੇ ਇਸ ਨੂੰ ਮਹਿੰਗੇ ਸਕਾਚ ਬ੍ਰਾਂਡਾਂ ਦੀਆਂ ਬੋਤਲਾਂ ਵਿਚ ਭਰਦਾ ਹੈ | ਆਬਕਾਰੀ ਵਿਭਾਗ ਦੇ ਸਪੈਸ਼ਲ ਅਪ੍ਰੇਸ਼ਨ ਗਰੁੱਪ (ਐੱਸ ਓ ਜੀ) ਅਤੇ ਜ਼ਿਲ੍ਹਾ ਪੁਲਸ ਫਤਿਹਗੜ੍ਹ ਸਾਹਿਬ ਦੇ ਸਾਂਝੇ ਯਤਨਾਂ ਨਾਲ ਇਹ ਖੁਫ਼ੀਆ ਜਾਣਕਾਰੀ ਹਾਸਲ ਕੀਤੀ ਗਈ ਸੀ |
ਦੋ ਦਿਨ ਪਹਿਲਾਂ ਟੀਮ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਕੁੰਦਨ ਵਿਸਟ ਪੁੱਤਰ ਮੋਹਨ ਸਿੰਘ ਵਾਸੀ ਮਕਾਨ ਨੰਬਰ 226 ਪਿੰਡ ਕਜਹੇੜੀ, ਚੰਡੀਗੜ੍ਹ ਆਪਣੇ ਗਰੋਹ ਦੇ ਮੈਂਬਰਾਂ ਨਾਲ ਮਿਲ ਕੇ ਨਕਲੀ ਸਕਾਚ ਸ਼ਰਾਬ ਦੀ ਸਪਲਾਈ ਕਰਦਾ ਹੈ | ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜਨ ਲਈ ਆਬਕਾਰੀ ਤੇ ਪੁਲਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ ਦੀਆਂ ਟੀਮਾਂ ਹਰਕਤ ਵਿੱਚ ਆਈਆਂ ਅਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ | ਟੀਮਾਂ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਦੋ ਕਾਰਾਂ ਟਾਟਾ ਟਿਆਗੋ ਸੀ ਐੱਚ 01ਬੀ ਵੀ 9460 ਅਤੇ ਸਵਿਫਟ ਐੱਚ ਆਰ 51 ਬੀ ਡੀ 5918 ਨੂੰ ਖਮਾਣੋਂ ਨੇੜੇ ਨਾਕੇ ‘ਤੇ ਰੋਕਿਆ ਗਿਆ ਅਤੇ ਗਰੋਹ ਦੇ ਚਾਰ ਮੈਂਬਰ ਕੁੰਦਨ ਵਿਸਟ, ਹਰਸ਼ਵਰਧਨ ਵਾਸੀ ਮਕਾਨ ਨੰ. 19, ਡਿਫੈਂਸ ਕਲੋਨੀ ਅੰਬਾਲਾ, ਪਰਦੀਪ ਸਿੰਘ ਵਾਸੀ ਪਿੰਡ ਨਰਾਇਣਗੜ੍ਹ, ਜ਼ਿਲ੍ਹਾ ਜੀਂਦ, ਹਰਿਆਣਾ ਅਤੇ ਜੈਸਮੀਨ ਕੌਰ ਵਾਸੀ ਸੰਗਰੂਰ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ | ਪੁੱਛਗਿੱਛ ਦੌਰਾਨ ਗਰੋਹ ਦੇ ਮੈਂਬਰਾਂ ਨੇ ਅੱਗੇ ਖੁਲਾਸਾ ਕੀਤਾ ਕਿ ਉਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਤਸਕਰੀ ਕਰਦੇ ਹਨ ਅਤੇ ਆਪਣੀ ਕਿਰਾਏ ਦੀ ਰਿਹਾਇਸ਼ ਵਿਖੇ ਇਸ ਸ਼ਰਾਬ ਨੂੰ ਮਹਿੰਗੀ ਸਕਾਚ ਦੀਆਂ ਖਾਲੀ ਬੋਤਲਾਂ ‘ਚ ਭਰ ਦਿੰਦੇ ਹਨ | ਬਾਅਦ ਵਿਚ ਟੀਮ ਨੇ ਪਰਦੀਪ ਸਿੰਘ ਅਤੇ ਜੈਸਮੀਨ ਕੌਰ ਦੇ ਮਦਨਪੁਰ, ਜ਼ਿਲ੍ਹਾ ਮੋਹਾਲੀ ਵਿਚ ਕਿਰਾਏ ਦੇ ਮਕਾਨ ‘ਤੇ ਛਾਪਾ ਮਾਰ ਕੇ 2 ਕੇਸ ਹਾਈ ਸਪੀਡ (ਚੰਡੀਗੜ੍ਹ ਵਿਚ ਵਿਕਰੀ ਲਈ), 2 ਕੇਸ ਕਿੰਗ ਗੋਲਡ (ਚੰਡੀਗੜ੍ਹ ਵਿਚ ਵਿਕਰੀ ਲਈ), ਇੱਕ ਕੇਸ ਯੂ ਕੇ ਨੰ 1 (ਚੰਡੀਗੜ੍ਹ ਵਿੱਚ ਵਿਕਰੀ ਲਈ), ਯੂ ਕੇ ਨੰ. 1 ਦੀਆਂ 150 ਖਾਲੀ ਬੋਤਲਾਂ (ਚੰਡੀਗੜ੍ਹ ਵਿੱਚ ਵਿਕਰੀ ਲਈ), ਹਾਈ ਸਪੀਡ ਵਿਸਕੀ ਦੀਆਂ 21 ਖਾਲੀ ਬੋਤਲਾਂ, ਸਿੰਗਲਟਨ ਵਿਸਕੀ ਦੀਆਂ 3 ਖਾਲੀ ਬੋਤਲਾਂ, ਬਲੈਕ ਲੇਬਲ ਜੌਨੀ ਵਾਕਰ ਦੀਆਂ 5 ਖਾਲੀ ਬੋਤਲਾਂ, ਬਲਿਊ ਲੇਬਲ ਦੀਆਂ 14 ਖਾਲੀ ਬੋਤਲਾਂ, ਗਲੇਨਲਿਵਟ ਦੇ 5 ਡੱਬੇ, ਬਲੈਕ ਡੌਗ ਗੋਲਡ ਦੇ 2 ਡੱਬੇ, ਗਲੇਨਫਿਡਿਚ 15 ਯੀਅਰਜ਼ ਦਾ ਇੱਕ ਡੱਬਾ ਅਤੇ ਗਲੇਨਲਿਵਟ, ਗਲੇਨਫਿਡਿਚ ਅਤੇ ਬਲੈਕ ਲੇਬਲ ਬ੍ਰਾਂਡਾਂ ਦੇ ਢੱਕਣ ਜ਼ਬਤ ਕੀਤੇ | ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਉਹ ਮੁਹਾਲੀ ਅਤੇ ਲੁਧਿਆਣਾ ਖੇਤਰ ਦੇ ਵੱਖ-ਵੱਖ ਸਕਰੈਪ ਡੀਲਰਾਂ ਤੋਂ ਸਕਾਚ ਬ੍ਰਾਂਡ ਦੀਆਂ ਖਾਲੀ ਬੋਤਲਾਂ ਖਰੀਦਦੇ ਹਨ ਅਤੇ ਉਹ ਵੀ ਇਸ ਰੈਕੇਟ ਵਿੱਚ ਸ਼ਾਮਲ ਹਨ |

Related Articles

LEAVE A REPLY

Please enter your comment!
Please enter your name here

Latest Articles