ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਜੰਗਬੰਦੀ ਦਾ ਐਲਾਨ ਕਰਦਿਆਂ ਇਸ ਦਾ ਸਿਹਰਾ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਆਰਮੀ ਚੀਫ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਦਿੱਤਾ, ਪਰ ਬਾਅਦ ਵਿੱਚ ਇੱਕ ਇੰਟਰਵਿਊ ਵਿੱਚ ਮੰਨਿਆ ਕਿ ਚੀਨ ਦੀ ਵੀ ਖਾਸ ਭੂਮਿਕਾ ਰਹੀ ਹੈ। ਦਰਅਸਲ ਚੀਨ ਨੇ ਸ਼ਾਂਤ, ਪਰ ਪ੍ਰਭਾਵੀ ਤਰੀਕੇ ਨਾਲ ਈਰਾਨ ਨੂੰ ਜੰਗਬੰਦੀ ਦੇ ਰਾਹ ‘ਤੇ ਲਿਆਉਣ ਦੇ ਯਤਨ ਕੀਤੇ। ਉਸ ਨੇ ਪਹਿਲਾਂ ਪਾਕਿਸਤਾਨ, ਤੁਰਕੀ ਤੇ ਮਿਸਰ ਰਾਹੀਂ ਈਰਾਨ ‘ਤੇ ਦਬਾਅ ਪਾਇਆ। ਚੀਨ ਨੇ ਸ਼ੁਰੂ ਵਿੱਚ ਹੀ ਕਹਿ ਦਿੱਤਾ ਸੀ ਕਿ ਸਾਰੀਆਂ ਧਿਰਾਂ ਨੂੰ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ ਤੇ ਜੰਗ ਛੇਤੀ ਖਤਮ ਕਰਨੀ ਚਾਹੀਦੀ ਹੈ, ਜਿਹੜੀ ਕਿ ਸ਼ੁਰੂ ਹੀ ਨਹੀਂ ਹੋਣੀ ਚਾਹੀਦੀ ਸੀ। ਜੰਗ ਵਿਸ਼ਵ ਆਰਥਿਕ ਸਥਿਰਤਾ ਤੇ ਊਰਜਾ ਸੁਰੱਖਿਆ ਲਈ ਖਤਰਾ ਹੈ। ਚੀਨ ਨੇ ਇਸ ਤੋਂ ਪਹਿਲਾਂ 2023 ਵਿੱਚ ਈਰਾਨ ਤੇ ਉਸ ਦੇ ਕੱਟੜ ਵਿਰੋਧੀ ਸਾਊਦੀ ਅਰਬ ਵਿਚਾਲੇ ਵੀ ਸੁਲ੍ਹਾ ਕਰਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਜੰਗ ਦੌਰਾਨ ਚੀਨ ਦੀ ਖਾਮੋਸ਼ ਭੂਮਿਕਾ ਉਦੋਂ ਸਾਹਮਣੇ ਆਈ ਜਦ ਅਮਰੀਕਾ ਤੇ ਈਰਾਨ ਵਿਚਾਲੇ ਵਿਚੋਲਗੀ ਕਰ ਰਹੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਮਿਸਰ ਤੇ ਤੁਰਕੀ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਚੀਨ ਦਾ ਦੌਰਾ ਕੀਤਾ। ਸ਼ੁਰੂ ਵਿੱਚ ਚੀਨ ਪਾਸੇ ਰਹਿ ਕੇ ਯਤਨ ਕਰ ਰਿਹਾ ਸੀ, ਪਰ ਜਦੋਂ ਟਰੰਪ ਨੇ ਈਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਧਮਕੀ ਦਿੱਤੀ ਤਾਂ ਉਸ ਨੇ ਈਰਾਨ ਨਾਲ ਸਿੱਧੀ ਗੱਲ ਕੀਤੀ ਤੇ ਉਸ ਨੂੰ ਜੰਗਬੰਦੀ ਲਈ ਮਨਾਇਆ। ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਚੀਨ ਤੇ ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਹਾਰਮੁਜ਼ ਜਲਡਮਰੂ ਨੂੰ ਖੁੱਲ੍ਹਵਾਉਣ ਲਈ ਤਾਕਤ ਦੀ ਵਰਤੋਂ ਦਾ ਅਧਿਕਾਰ ਦੇਣ ਵਾਲੇ ਮਤੇ ਨੂੰ ਇਹ ਕਹਿ ਕੇ ਵੀਟੋ ਕਰ ਦਿੱਤਾ ਸੀ ਕਿ ਇਹ ਈਰਾਨ ਦੇ ਵਿਰੁੱਧ ਹੈ।
ਜਿੱਥੇ ਪਾਕਿਸਤਾਨ ਤੇ ਚੀਨ ਜੰਗਬੰਦੀ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਜੋਂ ਸਾਹਮਣੇ ਆਏ ਹਨ, ਉੱਥੇ ਖੁਦ ਨੂੰ ਵਿਸ਼ਵ ਗੁਰੂ ਸਮਝ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਪੁਜ਼ੀਸ਼ਨ ਕਾਫੀ ਅਜੀਬੋ-ਗਰੀਬ ਬਣ ਗਈ ਹੈ। ਮੋਦੀ ਜੰਗ ਤੋਂ ਐਨ ਪਹਿਲਾਂ ਇਜ਼ਰਾਈਲ ਗਏ ਸਨ। ਉੱਥੋਂ ਦੀ ਸੰਸਦ ਨੂੰ ਸੰਬੋਧਨ ਕੀਤਾ ਤੇ ਵੱਡਾ ਸਨਮਾਨ ਵੀ ਹਾਸਲ ਕੀਤਾ। ਇਸ ਤੋਂ ਬਾਅਦ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਹਮਲੇ ਦੀ ਨਿੰਦਾ ਨਹੀਂ ਕੀਤੀ ਅਤੇ ਈਰਾਨ ਦੇ ਮੁਖੀ ਆਇਤੁੱਲ੍ਹਾ ਖਾਮਨੇਈ ਦੇ ਮਾਰੇ ਜਾਣ ਦਾ ਵੀ ਅਫਸੋਸ ਨਹੀਂ ਕੀਤਾ। ਪਾਕਿਸਤਾਨ ਦੀ ਵਿਚੋਲਗੀ ਦੀ ਗੱਲ ਚੱਲੀ ਤਾਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਉਸ ਨੂੰ ਦਲਾਲ ਦੇਸ਼ ਦੱਸਿਆ। ਪਾਕਿਸਤਾਨ ਦੇ ਚਮਕਣ ਨਾਲ ਮੋਦੀ ਦੀ ਵਿਸ਼ਵ ਗੁਰੂ ਦੀ ਸਾਖ ਨੂੰ ਧੱਕਾ ਲੱਗਾ ਹੈ। ਹਾਲਾਂਕਿ ਈਰਾਨ ਦੇ ਆਗੂਆਂ ਨੇ ਭਾਰਤ ਬਾਰੇ ਕੋਈ ਗਲਤ ਗੱਲ ਨਹੀਂ ਕਹੀ, ਪਰ ਈਰਾਨ ਦੇ ਲੋਕ ਤਾਂ ਇਹ ਜ਼ਰੂਰ ਮਹਿਸੂਸ ਕਰ ਰਹੇ ਹੋਣਗੇ ਕਿ ਭਾਰਤ ਨੇ ਉਨ੍ਹਾਂ ਨਾਲ ਨਾ ਖੜ੍ਹ ਕੇ ਸਦੀਆਂ ਪੁਰਾਣੀ ਦੋਸਤੀ ਦਾ ਮੁੱਲ ਨਹੀਂ ਪਾਇਆ। ਹਾਲਾਂਕਿ ਭਾਰਤ ਨੇ ਜੰਗਬੰਦੀ ਦਾ ਸਵਾਗਤ ਕੀਤਾ ਹੈ, ਪਰ ਕੂਟਨੀਤਕ ਤੌਰ ‘ਤੇ ਜੋ ਨੁਕਸਾਨ ਕਰਵਾਇਆ ਹੈ, ਉਸ ਦੀ ਭਰਪਾਈ ਨੂੰ ਸਮਾਂ ਲੱਗੇਗਾ।



