ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਵੀ ਚੰਡੀਗੜ੍ਹ ਤਬਦੀਲ

0
13

ਚੰਡੀਗੜ੍ਹ : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਮਗਰੋਂ ਹੁਣ ਕੋਟਕਪੂਰਾ ਗੋਲੀ ਕਾਂਡ ਦਾ ਟਰਾਇਲ ਵੀ ਚੰਡੀਗੜ੍ਹ ‘ਚ ਚੱਲੇਗਾ। ਕੋਟਕਪੂਰਾ ਮਾਮਲੇ ਦੀ ਸੁਣਵਾਈ ਫਰੀਦਕੋਟ ਦੀ ਹੇਠਲੀ ਅਦਾਲਤ ਵਿੱਚ ਚੱਲ ਰਹੀ ਸੀ। ਮੋਗਾ ਦੇ ਤੱਤਕਾਲੀ ਐੱਸ ਐੱਸ ਪੀ ਚਰਨਜੀਤ ਸ਼ਰਮਾ ਤੇ ਹੋਰਨਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਸੁਣਵਾਈ ਬਹਿਬਲ ਕਲਾਂ ਮਾਮਲੇ ਵਾਂਗ ਚੰਡੀਗੜ੍ਹ ਦੀ ਹੇਠਲੀ ਅਦਾਲਤ ਵਿੱਚ ਤਬਦੀਲ ਕੀਤੀ ਜਾਵੇ। ਹਾਈ ਕੋਰਟ ਨੇ ਵੀਰਵਾਰ ਇਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਅਤੇ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਦੀ ਹੇਠਲੀ ਅਦਾਲਤ ਵਿੱਚ ਤਬਦੀਲ ਕਰਨ ਦਾ ਹੁਕਮ ਦਿੱਤਾ।
ਯੂ ਕੇ ਨੇ ਵੀਜ਼ਾ ਫੀਸ ਵਧਾਈ
ਨਵੀਂ ਦਿੱਲੀ : ਯੂ ਕੇ ਨੇ ਵਿਜ਼ਿਟ, ਪੜ੍ਹਾਈ ਅਤੇ ਵਰਕ ਵੀਜ਼ਾ ਸਮੇਤ ਕਈ ਸ਼੍ਰੇਣੀਆਂ ਵਿੱਚ ਵੀਜ਼ਾ ਫੀਸਾਂ ਵਧਾ ਦਿੱਤੀਆਂ ਹਨ। ਸੋਧੀਆਂ ਹੋਈਆਂ ਦਰਾਂ 8 ਅਪਰੈਲ ਤੋਂ ਲਾਗੂ ਹੋ ਗਈਆਂ ਹਨ। ਥੋੜ੍ਹੇ ਸਮੇਂ ਦੇ ਵਿਜ਼ਿਟ ਵੀਜ਼ਾ (ਛੇ ਮਹੀਨਿਆਂ ਤੱਕ) ਦੀ ਕੀਮਤ 127 ਪੌਂਡ ਤੋਂ ਵਧਾ ਕੇ 135 ਪੌਂਡ ਕਰ ਦਿੱਤੀ ਗਈ ਹੈ, ਜਦੋਂ ਕਿ ਦੋ ਸਾਲਾਂ ਦੇ ਵੀਜ਼ੇ ਦੀ ਫੀਸ 475 ਪੌਂਡ ਤੋਂ ਵਧ ਕੇ 506 ਪੌਂਡ, ਪੰਜ ਸਾਲਾਂ ਦੇ ਵੀਜ਼ੇ ਦੀ 848 ਪੌਂਡ ਤੋਂ 903 ਪੌਂਡ ਅਤੇ 10 ਸਾਲਾਂ ਦੇ ਵੀਜ਼ੇ ਦੀ ਫੀਸ 1,059 ਪੌਂਡ ਤੋਂ ਵਧ ਕੇ 1,128 ਪੌਂਡ ਹੋ ਗਈ ਹੈ। ਸਟੱਡੀ ਵੀਜ਼ਾ ਫੀਸ 524 ਪੌਂਡ ਤੋਂ ਵਧ ਕੇ 558 ਪੌਂਡ ਅਤੇ ਸਕਿਲਡ ਵਰਕਰ ਵੀਜ਼ਾ (ਤਿੰਨ ਸਾਲਾਂ ਤੱਕ) ਫੀਸ 769 ਪੌਂਡ ਤੋਂ ਵਧ ਕੇ 819 ਪੌਂਡ ਹੋ ਗਈ ਹੈ।
ਦੋ ਅਫਸਰ ਮੁਅੱਤਲ
ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਆਈ ਏ ਐੱਸ ਅਧਿਕਾਰੀ ਰਾਮ ਕੁਮਾਰ ਸਿੰਘ, ਜੋ ਵਿਸ਼ੇਸ਼ ਸਕੱਤਰ ਮਾਲ ਤੇ ਆਫਤ ਪ੍ਰਬੰਧਨ ਵਿਭਾਗ ਅਤੇ ਐਡੀਸ਼ਨਲ ਸੀ ਈ ਓ ਪੰਚਕੂਲਾ ਮੈਟਰੋਪੋਲੀਟਨ ਡਿਵੈਲਪਮੈਂਟ ਅਥਾਰਟੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਸਰਕਾਰ ਨੇ ਇੱਕ ਹੋਰ ਆਈ ਏ ਐੱਸ ਅਧਿਕਾਰੀ ਪ੍ਰਦੀਪ ਕੁਮਾਰ-1, ਜੋ ਡਾਇਰੈਕਟਰ ਸਟੇਟ ਟਰਾਂਸਪੋਰਟ ਅਤੇ ਵਿਸ਼ੇਸ਼ ਸਕੱਤਰ ਟਰਾਂਸਪੋਰਟ ਸਨ, ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਹ ਦੋਵੇਂ ਮੁਅੱਤਲੀਆਂ ਆਈ ਡੀ ਐੱਫ ਸੀ ਫਸਟ ਅਤੇ ਏ ਯੂ ਸਮਾਲ ਫਾਈਨਾਂਸ ਬੈਂਕ ਘੁਟਾਲੇ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਸੰਬੰਧ ਵਿੱਚ ਹੋਈਆਂ ਹਨ। ਇਹ ਘੁਟਾਲਾ 590 ਕਰੋੜ ਰੁਪਏ ਦਾ ਹੈ।
ਕੈਬਨਿਟ ਮੀਟਿੰਗ ਭਲਕੇ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 11 ਅਪਰੈਲ ਨੂੰ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਸ ਮੀਟਿੰਗ ਵਿੱਚ 13 ਅਪਰੈਲ ਨੂੰ ਬੇਅਦਬੀ ਰੋਕੂ ਕਾਨੂੰਨ ਲਿਆਉਣ ਸੰਬੰਧੀ ਕੁਝ ਅਹਿਮ ਪ੍ਰਵਾਨਗੀਆਂ ਦਿੱਤੀਆਂ ਜਾ ਸਕਦੀਆਂ ਹਨ।