ਤਹਿਰਾਨ : ਇਜ਼ਰਾਈਲ ਵੱਲੋਂ ਵੀਰਵਾਰ ਲਿਬਨਾਨ ‘ਤੇ ਭਾਰੀ ਬੰਬਾਰੀ ਕਰਕੇ 200 ਤੋਂ ਵੱਧ ਲੋਕਾਂ ਨੂੰ ਮਾਰ ਦੇਣ ਨਾਲ ਅਮਰੀਕਾ ਤੇ ਈਰਾਨ ਵਿਚਾਲੇ ਹੋਈ ਜੰਗਬੰਦੀ ਦੇ ਭਵਿੱਖ ਬਾਰੇ ਸਵਾਲ ਪੈਦਾ ਹੋ ਗਏ ਹਨ। ਇਜ਼ਰਾਈਲ ਦਾ ਦਾਅਵਾ ਹੈ ਕਿ ਜੰਗਬੰਦੀ ਵਿੱਚ ਉਸਦੇ ਲਿਬਨਾਨ ਉੱਤੇ ਹਮਲੇ ਰੋਕਣ ਦੀ ਸ਼ਰਤ ਨਹੀਂ ਹੈ। ਇਸੇ ਦੌਰਾਨ ਪਾਕਿਸਤਾਨ ਨੇ ਕਿਹਾ ਹੈ ਕਿ ਜੰਗਬੰਦੀ ਨੂੰ ਪੱਕੀ ਕਰਨ ਲਈ ਸ਼ੁੱਕਰਵਾਰ ਨੂੰ ਇਸਲਾਮਾਬਾਦ ਵਿੱਚ ਹੋਣ ਵਾਲੀ ਗੱਲਬਾਤ ਵਿੱਚ ਪਾਕਿਸਤਾਨੀ ਆਗੂਆਂ ਤੋਂ ਇਲਾਵਾ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵਾਂਸ, ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਈਰਾਨ ਵੱਲੋਂ ਸੰਸਦ ਦੇ ਸਪੀਕਰ ਮੁਹੰਮਦ ਬਗਰ ਗਾਲੀਬਾਫ, ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਸ਼ਾਮਲ ਹੋਣਗੇ। ਲਿਬਨਾਨ ਦੇ ਪ੍ਰਧਾਨ ਮੰਤਰੀ ਨਵਾਫ ਸਲਾਮ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਕਿਹਾ ਹੈ ਕਿ ਉਹ ਜੰਗਬੰਦੀ ਵਿੱਚ ਲਿਬਨਾਨ ਨੂੰ ਸ਼ਾਮਲ ਕਰਾਉਣ। ਇਸੇ ਦੌਰਾਨ ਈਰਾਨ ਨੇ ਅਮਰੀਕਾ ‘ਤੇ ਜੰਗਬੰਦੀ ਦੀਆਂ ਤਿੰਨ ਮੁੱਖ ਸ਼ਰਤਾਂ ਦੀ ਉਲੰਘਣਾ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਈਰਾਨੀ ਸਪੀਕਰ ਗਾਲੀਬਾਫ ਨੇ ਕਿਹਾ ਹੈ ਕਿ ਅਮਰੀਕਾ ਨੇ 10-ਨੁਕਾਤੀ ਪ੍ਰਸਤਾਵ ਦੀਆਂ ਬੁਨਿਆਦੀ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਈਰਾਨ ਨੇ ਕਿਹਾ ਹੈ ਕਿ ਜਿਸ ਬੁਨਿਆਦ ‘ਤੇ ਗੱਲਬਾਤ ਸ਼ੁਰੂ ਹੋਣੀ ਸੀ, ਉਹ ਹੁਣ ਖਤਮ ਹੋ ਚੁੱਕੀ ਹੈ, ਜਿਸ ਕਾਰਨ ਅੱਗੇ ਦੀ ਗੱਲਬਾਤ ਜਾਂ ਜੰਗਬੰਦੀ ਦੀ ਹੁਣ ਕੋਈ ਤੁਕ ਨਹੀਂ ਰਹਿ ਜਾਂਦੀ। ਇਸ ਦੇ ਉਲਟ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਈਰਾਨ ਨਾਲ ਹੋਇਆ ਸਮਝੌਤਾ ਪੂਰੀ ਤਰ੍ਹਾਂ ਅਮਲ ਵਿੱਚ ਨਹੀਂ ਆਉਂਦਾ, ਉਦੋਂ ਤੱਕ ਅਮਰੀਕੀ ਫੌਜ ਈਰਾਨ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਾਇਨਾਤ ਰਹੇਗੀ। ਟਰੰਪ ਨੇ ਕਿਹਾ ਕਿ ਅਮਰੀਕਾ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਮਾਮਲੇ ‘ਤੇ ਨਜ਼ਰ ਰੱਖ ਰਿਹਾ ਹੈ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਸਮਝੌਤੇ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਮੁੜ ਹਮਲੇ ਸ਼ੁਰੂ ਹੋ ਸਕਦੇ ਹਨ। ਉਨ੍ਹਾ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਹ ਜੰਗ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਵੱਡੀ, ਸ਼ਕਤੀਸ਼ਾਲੀ ਅਤੇ ਵਿਨਾਸ਼ਕਾਰੀ ਸਾਬਤ ਹੋਵੇਗੀ। ਹਾਲਾਂਕਿ, ਉਨ੍ਹਾ ਨੇ ਇਹ ਉਮੀਦ ਵੀ ਜਤਾਈ ਕਿ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਜੰਗਬੰਦੀ ਦੇ ਬਾਵਜੂਦ ਹਾਰਮੁਜ਼ ਜਲ ਮਾਰਗ ਵਿੱਚ ਜਹਾਜ਼ਾਂ ਦੀ ਆਵਾਜਾਈ ਹਾਲੇ ਤਕ ਰੁਕੀ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਇਸ ਰਸਤੇ ਤੋਂ ਸਿਰਫ ਇਕ ਤੇਲ ਟੈਂਕਰ ਅਤੇ ਪੰਜ ਮਾਲਵਾਹਕ ਜਹਾਜ਼ ਹੀ ਲੰਘ ਸਕੇ ਹਨ। ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਇਸ ਮਹੱਤਵਪੂਰਨ ਜਲ ਮਾਰਗ ਰਾਹੀਂ ਰੋਜ਼ਾਨਾ ਤਕਰੀਬਨ 140 ਜਹਾਜ਼ ਗੁਜ਼ਰਦੇ ਸਨ।


