ਨੋਇਡਾ : ਇੱਥੇ ਤਿੰਨ ਦਿਨਾਂ ਤੋਂ ਚੱਲ ਰਹੀ ਮਜ਼ਦੂਰ ਹੜਤਾਲ ਸੋਮਵਾਰ ਟਕਰਾਅ ਵਿੱਚ ਬਦਲ ਗਈ। ਮਜ਼ਦੂਰ ਉਸ ਵੇਲੇ ਭੜਕੇ, ਜਦੋਂ ਪੁਲਸ ਨੇ ਕੁਝ ਮਹਿਲਾ ਮਜ਼ਦੂਰਾਂ ‘ਤੇ ਜ਼ੁਲਮ ਢਾਹਿਆ। ਪੁਲਸ ਨੇ ਅੰਨ੍ਹੇਵਾਹ ਹੰਝੂ ਗੈਸ ਛੱਡੀ ਤੇ ਲਾਠੀਚਾਰਜ ਕੀਤਾ।
ਨੋਇਡਾ ਦੇ ਫੇਜ਼ 2 ਵਿੱਚ ਨਿੱਜੀ ਕੰਪਨੀ ‘ਮਦਰਸਨ’ ਦੇ ਵਰਕਰਾਂ ਤੇ ਪੁਲਸ ਵਿਚਾਲੇ ਝੜਪਾਂ ਦੌਰਾਨ ਪੂਰਾ ਇਲਾਕਾ ਘੰਟਿਆਂ ਤੱਕ ਯੁੱਧ ਖੇਤਰ ਬਣਿਆ ਰਿਹਾ। ਇਸ ਦੌਰਾਨ ਦਿੱਲੀ-ਮੇਰਠ ਐੱਕਸਪ੍ਰੈੱਸਵੇਅ ਸਮੇਤ ਨੋਇਡਾ-ਗਾਜ਼ੀਆਬਾਦ ਦੇ ਕਈ ਇਲਾਕਿਆਂ ਵਿੱਚ ਆਵਾਜਾਈ ਜਾਮ ਹੋ ਗਈ। ਵਾਹਨਾਂ ਨੂੰ ਸਾੜਿਆ ਗਿਆ ਅਤੇ ਸੜਕਾਂ ਰੋਕ ਦਿੱਤੀਆਂ ਗਈਆਂ। ਵਾਇਰਲ ਵੀਡੀਓ ਵਿੱਚ ਇੱਕ ਮਜ਼ਦੂਰ ਨੂੰ ਪੁਲਸ ਧੂੰਹਦੀਂ ਅਤੇ ਉਸ ਦੇ ਸਾਥੀ ਚੀਕਦੇ ਨਜ਼ਰ ਆਏ। ਮਜ਼ਦੂਰ ਹਰਿਆਣਾ ਵਾਂਗ ਘੱਟੋ-ਘੱਟ ਉਜਰਤ ਦੀ ਮੰਗ ਕਰ ਰਹੇ ਹਨ।
ਆਰਜ਼ੀ ਵਰਕਰਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਨਵੇਂ ਕਿਰਤ ਕਾਨੂੰਨਾਂ ਦੇ ਉਪਬੰਧਾਂ ਨੂੰ ਲਾਗੂ ਨਹੀਂ ਕੀਤਾ, ਜਿਸ ਕਾਰਨ ਉਹ ਨਾਰਾਜ਼ ਹਨ। ਮਜ਼ਦੂਰਾਂ ਨੇ ਸਵੇਰੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸੈਕਟਰ 1, 60 ਅਤੇ 84 ਦੀਆਂ ਮੁੱਖ ਸੜਕਾਂ ਬੰਦ ਕਰ ਦਿੱਤੀਆਂ।
ਇੱਕ ਮਹਿਲਾ ਮਜ਼ਦੂਰ ਨੇ ਦੱਸਿਆ, ‘ਮੈਂ ਮਦਰਸਨ ਵਿੱਚ ਕੰਮ ਕਰਦੀ ਹਾਂ। ਸਾਨੂੰ ਘੱਟ ਤਨਖਾਹ ਮਿਲ ਰਹੀ ਹੈ। ਅਸੀਂ ਵੱਧ ਤਨਖਾਹ ਚਾਹੁੰਦੇ ਹਾਂ। ਜਦੋਂ ਅਸੀਂ ਧਰਨਾ-ਪ੍ਰਦਰਸ਼ਨ ਕੀਤਾ ਤਾਂ ਬਿਨਾਂ ਕਿਸੇ ਗਲਤੀ ਦੇ ਸਾਨੂੰ ਮਾਰਿਆ ਗਿਆ। ਮੇਰੀਆਂ ਲੱਤਾਂ ‘ਤੇ ਡਾਂਗਾਂ ਮਾਰੀਆਂ। ਮੈਂ ਮੰਗ ਕਰਦੀ ਹਾਂ ਕਿ ਸਾਨੂੰ 20,000 ਤਨਖਾਹ ਮਿਲੇ। ਸਿਰਫ ਇਸ ਤਰ੍ਹਾਂ ਹੀ ਅਸੀਂ ਆਪਣੇ ਜੀਵਨ ਨੂੰ ਚਲਾਉਣ ਯੋਗ ਹੋ ਸਕਦੇ ਹਾਂ, ਨਹੀਂ ਤਾਂ ਹੜਤਾਲ ਜਾਰੀ ਰਹੇਗੀ।’”ਇੱਕ ਹੋਰ ਨੇ ਕਿਹਾ, ‘ਸਰਕਾਰ ਨੇ ਤਨਖਾਹ ਵਧਾਉਣ ਦਾ ਵਾਅਦਾ ਕੀਤਾ ਸੀ। ਸਰਕਾਰ ਤਨਖਾਹ ਕਿਉਂ ਨਹੀਂ ਵਧਾ ਰਹੀ? ਪੁਲਸ ਵਾਲੇ ਮਹਿਲਾਵਾਂ ਨੂੰ ਲਾਠੀਆਂ ਕਿਉਂ ਮਾਰ ਰਹੇ ਹਨ? ਲਾਠੀਚਾਰਜ ਦੀ ਲੋੜ ਕੀ ਸੀ?”’
ਇੱਕ ਹੋਰ ਮਜ਼ਦੂਰ ਨੇ ਕਿਹਾ, ‘ਸਾਨੂੰ 8 ਘੰਟੇ ਦੇ ਕੰਮ ਲਈ 20,000 ਮਿਲਣੇ ਚਾਹੀਦੇ ਹਨ। ਕੁਝ ਕੰਪਨੀਆਂ ਸਿਰਫ 280 ਜਾਂ 300 ਰੁਪਏ ਵਧਾਉਂਦੀਆਂ ਹਨ, ਜਦਕਿ ਘਰ ਦਾ ਕਿਰਾਇਆ 500 ਰੁਪਏ ਵਧ ਜਾਂਦਾ ਹੈ।’”
ਮਜ਼ਦੂਰ ਮੰਜੂ ਦੇਵੀ ਨੇ ਕਿਹਾ, ‘ਮੈਨੂੰ 13 ਹਜ਼ਾਰ ਰੁਪਏ ਮਹੀਨਾ ਮਿਲਦੇ ਹਨ, ਜਦਕਿ 12 ਘੰਟੇ ਕੰਮ ਲਿਆ ਜਾਂਦਾ ਹੈ। ਮੈਂ ਚਾਰ ਬੱਚਿਆਂ ਨੂੰ ਇਸ ਤਨਖਾਹ ਨਾਲ ਕਿਵੇਂ ਪਾਲ ਸਕਦੀ ਹਾਂ? ਉਨ੍ਹਾਂ ਨੂੰ ਖੁਆ ਤੇ ਪੜ੍ਹਾ ਕਿਵੇਂ ਸਕਦੀ ਹਾਂ।’”
ਇੱਕ ਹੋਰ ਮਜ਼ਦੂਰ ਨੇ ਕਿਹਾ, ‘ਗੈਸ ਦੀਆਂ ਕੀਮਤਾਂ ਵਧ ਰਹੀਆਂ ਹਨ, ਪਰ ਸਾਡੀਆਂ ਤਨਖਾਹਾਂ ਨਹੀਂ ਵਧਾਈਆਂ ਜਾ ਰਹੀਆਂ। ਸਾਡੀ ਤਨਖਾਹ 13 ਹਜ਼ਾਰ ਰੁਪਏ ਹੈ, ਜਿਸ ਨੂੰ 20 ਹਜ਼ਾਰ ਰੁਪਏ ਕੀਤਾ ਜਾਣਾ ਚਾਹੀਦਾ ਹੈ।’”
ਮਜ਼ਦੂਰਾਂ ਦਾ ਇਹ ਅਜਿਹਾ ਪਹਿਲਾ ਪ੍ਰੋਟੈੱਸਟ ਨਹੀਂ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਉਦਯੋਗਿਕ ਕੇਂਦਰਾਂ ਵਿੱਚ ਕਾਮਿਆਂ ਦੇ ਪ੍ਰਦਰਸ਼ਨ ਚੱਲ ਰਹੇ ਹਨ, ਇੱਥੋਂ ਤੱਕ ਕਿ ਈਰਾਨ ਯੁੱਧ ਦੌਰਾਨ ਪੈਦਾ ਹੋਏ ਡੂੰਘੇ ਊਰਜਾ ਸੰਕਟ ਤੋਂ ਪਹਿਲਾਂ ਵੀ ਇਹ ਜਾਰੀ ਸਨ।
ਉਦਯੋਗਿਕ ਕਾਮਿਆਂ ਦੁਆਰਾ ਵੱਡੇ ਵਿਰੋਧ ਪ੍ਰਦਰਸ਼ਨ ਘੱਟੋ-ਘੱਟ ਪੰਜ ਥਾਵਾਂ ‘ਤੇ ਹੋਏ, ਜਿਸ ਦੀ ਸ਼ੁਰੂਆਤ ਇਸ ਸਾਲ 2 ਫਰਵਰੀ ਨੂੰ ਬਿਹਾਰ ਦੇ ਉਦਯੋਗਿਕ ਕਸਬੇ ਬਰੌਨੀ ਤੋਂ ਹੋਈ ਸੀ। ਇਸ ਤੋਂ ਬਾਅਦ ਗੁਜਰਾਤ ਵਿੱਚ ਹੀਰਾ ਕੱਟਣ ਅਤੇ ਪਾਲਿਸ਼ ਕਰਨ ਦੇ ਕੇਂਦਰ ਸੂਰਤ ਵਿੱਚ, ਆਟੋਮੋਬਾਈਲ ਅਤੇ ਇਲੈਕਟ੍ਰਾਨਿਕਸ ਖੇਤਰ ਦੇ ਕੇਂਦਰ ਮਾਨੇਸਰ ਵਿੱਚ, ਟੈਕਸਟਾਈਲ ਅਤੇ ਰੀਸਾਈਕਲਿੰਗ ਦੇ ਕੇਂਦਰ ਪਾਣੀਪਤ ਵਿੱਚ ਅਤੇ ਫੁਟਵੀਅਰ ਅਤੇ ਟੈਕਸਟਾਈਲ ਨਿਰਮਾਣ ਖੇਤਰ ਦੇ ਕੇਂਦਰ ਨੋਇਡਾ ਵਿੱਚ ਪ੍ਰਦਰਸ਼ਨ ਹੋਏ।
ਇਨ੍ਹਾਂ ਦਾ ਸਾਂਝਾ ਵਿਸ਼ਾ ਹੈ ਕਿ ਕੰਮ ਦੀਆਂ ਬਿਹਤਰ ਸਥਿਤੀਆਂ ਹੋਣ, ਖਾਸ ਕਰਕੇ ਕੰਟਰੈਕਟ ਕਾਮਿਆਂ ਨੂੰ ਘੱਟੋ-ਘੱਟ ਉਜਰਤ, ਓਵਰਟਾਈਮ ਦਾ ਬਿਹਤਰ ਭੁਗਤਾਨ, ਬਕਾਇਆ ਰਕਮਾਂ ਦਾ ਨਿਪਟਾਰਾ ਅਤੇ ਨਿਯਮਤ ਕਾਮੇ ਵਾਂਗ ਬਰਾਬਰ ਕੰਮ ਦੀਆਂ ਸਥਿਤੀਆਂ ਹੋਣ। ਕਈ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਨੇ ਦੱਸਿਆ ਕਿ ਕਾਮਿਆਂ ਨੂੰ ਨਵੰਬਰ 2025 ਵਿੱਚ ਲੇਬਰ ਕੋਡ ਲਾਗੂ ਹੋਣ ਤੋਂ ਬਾਅਦ ਉਜਰਤਾਂ ਵਿੱਚ ਵਾਧੇ ਦੀ ਉਮੀਦ ਸੀ। ਹਾਲਾਂਕਿ, ਉਜਰਤਾਂ ਵਿੱਚ ਸੋਧ ਉਮੀਦ ਅਨੁਸਾਰ ਨਹੀਂ ਹੋਈ।
ਹਾਲ ਹੀ ਦੇ ਊਰਜਾ ਸੰਕਟ ਨਾਲ ਲੇਬਰ ਸੰਕਟ ਹੋਰ ਡੂੰਘਾ ਹੋ ਗਿਆ ਹੈ, ਜਿਸ ਨਾਲ ਪ੍ਰਵਾਸੀ ਮਜ਼ਦੂਰ ਰਹਿਣ-ਸਹਿਣ ਦੀ ਵਧੀ ਲਾਗਤ ਨਾਲ ਜੂਝ ਰਹੇ ਹਨ। ਪਿਛਲੇ ਹਫ਼ਤੇ ਹਰਿਆਣਾ ਸਰਕਾਰ ਨੇ ਮਾਨੇਸਰ ਸਮੇਤ ਪ੍ਰਮੁੱਖ ਉਦਯੋਗਿਕ ਕੇਂਦਰਾਂ ਵਿੱਚ ਕਾਮਿਆਂ ਦੇ ਵੱਡੇ ਪੱਧਰ ‘ਤੇ ਪ੍ਰਦਰਸ਼ਨਾਂ ਤੋਂ ਬਾਅਦ ਇੱਕ ਦਹਾਕੇ ਤੋਂ ਵੱਧ ਦੇ ਵਕਫੇ ਬਾਅਦ ਗੈਰ-ਹੁਨਰਮੰਦ, ਨੀਮ-ਹੁਨਰਮੰਦ ਅਤੇ ਹੁਨਰਮੰਦ ਕਾਮਿਆਂ ਲਈ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕੀਤਾ ਸੀ। ਨੋਇਡਾ ਉਦਯੋਗਿਕ ਖੇਤਰ ਵਿੱਚ ਵਿਆਪਕ ਰੋਸ ਪ੍ਰਦਰਸ਼ਨ ਹਰਿਆਣਾ ਸਰਕਾਰ ਵੱਲੋਂ 9 ਮਾਰਚ ਨੂੰ 1 ਅਪ੍ਰੈਲ 2026 ਤੋਂ ਲਾਗੂ ਹੋਣ ਵਾਲੀਆਂ ਸੋਧੀਆਂ ਗਈਆਂ ਘੱਟੋ-ਘੱਟ ਉਜਰਤਾਂ ਤੋਂ ਬਾਅਦ ਹੋਇਆ ਹੈ।
ਹਰਿਆਣਾ ਵਿੱਚ ਗੈਰ-ਹੁਨਰਮੰਦ ਕਾਮਿਆਂ ਲਈ ਮੁੱਢਲੀ ਮਾਸਕ ਘੱਟੋ-ਘੱਟ ਉਜਰਤ ਵਧਾ ਕੇ 15,220.71 ਰੁਪਏ ਕਰ ਦਿੱਤੀ ਗਈ ਹੈ ਅਤੇ ਉੱਚ ਹੁਨਰਮੰਦ ਕਾਮਿਆਂ ਲਈ ਮਾਸਕ ਉਜਰਤ 19,42.85 ਰੁਪਏ ਕਰ ਦਿੱਤੀ ਗਈ ਹੈ। ਪ੍ਰਤੀ ਦਿਨ ਦੀ ਦਿਹਾੜੀ, ਜੋ ਕਿ ਠੇਕਾ ਕਰਮਚਾਰੀਆਂ ‘ਤੇ ਲਾਗੂ ਹੋਵੇਗੀ, ਗੈਰ-ਹੁਨਰਮੰਦ ਕਾਮਿਆਂ ਲਈ 582.4 ਰੁਪਏ ਅਤੇ ਉੱਚ ਹੁਨਰਮੰਦ ਕਾਮਿਆਂ ਲਈ 747.14 ਰੁਪਏ ਹੋਵੇਗੀ।





