ਡੁਪਲੀਕੇਟ ਈਸਾ

0
13

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁਥ ਸੋਸ਼ਲ’ ‘ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੁਆਰਾ ਤਿਆਰ ਕੀਤੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾ ਨੂੰ ਹਜ਼ਰਤ ਈਸਾ ਮਸੀਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਤਸਵੀਰ ਵਿੱਚ ਟਰੰਪ ਬਾਈਬਲ ਕਾਲ ਦੇ ਚੋਲੇ ਵਿੱਚ ਨਜ਼ਰ ਆ ਰਹੇ ਹਨ ਅਤੇ ਇੱਕ ਬਿਮਾਰ ਵਿਅਕਤੀ ‘ਤੇ ਹੱਥ ਰੱਖ ਕੇ ਉਸ ਦਾ ਇਲਾਜ ਕਰ ਰਹੇ ਹਨ, ਜਦੋਂ ਕਿ ਉਨ੍ਹਾ ਦੀਆਂ ਉਂਗਲਾਂ ਵਿੱਚੋਂ ਰੌਸ਼ਨੀ ਨਿਕਲ ਰਹੀ ਹੈ।
ਇਹ ਤਸਵੀਰ ਉਦੋਂ ਸਾਹਮਣੇ ਆਈ ਹੈ ਜਦੋਂ ਟਰੰਪ ਅਤੇ ਕੈਥੋਲਿਕ ਚਰਚ ਦੇ ਸਰਵਉੱਚ ਆਗੂ ਪੋਪ ਲੀਓ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਪੋਪ ਵੱਲੋਂ ਅਮਰੀਕਾ-ਈਰਾਨ ਜੰਗ ਦੀ ਨਿਖੇਧੀ ਕੀਤੇ ਜਾਣ ਤੋਂ ਭੜਕੇ ਟਰੰਪ ਨੇ ਕਿਹਾ, “ਮੈਂ ਪੋਪ ਲੀਓ ਦਾ ਕੋਈ ਪ੍ਰਸੰਸਕ ਨਹੀਂ ਹਾਂ। ਉਹ ਬਹੁਤ ਉਦਾਰਵਾਦੀ ਵਿਅਕਤੀ ਹਨ ਅਤੇ ਅਪਰਾਧਾਂ ਪ੍ਰਤੀ ਨਰਮ ਹਨ। ਉਹ ‘ਕੱਟੜਪੰਥੀ ਖੱਬੇਪੱਖੀਆਂ’ ਦੇ ਹੱਥਾਂ ਵਿੱਚ ਖੇਡਣਾ ਬੰਦ ਕਰਨ।” ਟਰੰਪ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਉਹ ਵ੍ਹਾਈਟ ਹਾਊਸ ਵਿੱਚ ਨਾ ਹੁੰਦੇ, ਤਾਂ ਲੀਓ ਸ਼ਾਇਦ ਵੈਟੀਕਨ ਵਿੱਚ ਨਾ ਹੁੰਦੇ। ਟਰੰਪ ਵੱਲੋਂ ਪਵਿੱਤਰ ਧਾਰਮਿਕ ਚਿੰਨ੍ਹਾਂ ਦੀ ਸਿਆਸੀ ਮੰਤਵ ਲਈ ਵਰਤੋਂ ਕਰਨ ‘ਤੇ ਕਈ ਧਾਰਮਿਕ ਸਮੂਹਾਂ ਨੇ ਕਿਹਾ ਹੈ ਕਿ ਖੁਦ ਨੂੰ ਈਸਾ ਮਸੀਹ ਵਾਂਗ ਪੇਸ਼ ਕਰਨਾ ਇਸਾਈ ਮਾਨਤਾਵਾਂ ਦਾ ਅਪਮਾਨ ਹੈ। ਦੂਜੇ ਪਾਸੇ ਟਰੰਪ ਦੇ ਸਮਰਥਕ ਇਸ ਨੂੰ ਮਹਿਜ਼ ਇੱਕ ‘ਡਿਜੀਟਲ ਵਿਅੰਗ’ ਕਰਾਰ ਦੇ ਰਹੇ ਹਨ।
ਪੋਪ ਨੇ ਜੰਗ ਨੂੰ ‘ਸਰਵਸ਼ਕਤੀਮਾਨ ਹੋਣ ਦਾ ਭੁਲੇਖਾ’ ਦੱਸਿਆ ਸੀ, ਜਦੋਂਕਿ ਟਰੰਪ ਨੇ ਇਸ ਨੂੰ ਰੱਬ ਦੀ ਮਰਜ਼ੀ ਕਿਹਾ। ਟਰੰਪ ਨੇ ਪੋਪ ‘ਤੇ ਦੋਸ਼ ਲਾਇਆ ਕਿ ਉਹ ਅਮਰੀਕਾ ਵੱਲੋਂ ਵੈਨੇਜੂਏਲਾ ‘ਤੇ ਕੀਤੇ ਹਮਲੇ ਦੀ ਨਿੰਦਾ ਕਰਕੇ ਗਲਤੀ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਉਹ ਅਜਿਹੇ ਪੋਪ ਨੂੰ ਪਸੰਦ ਨਹੀਂ ਕਰਦੇ, ਜੋ ਈਰਾਨ ਕੋਲ ਪ੍ਰਮਾਣੂ ਹਥਿਆਰ ਹੋਣ ਨੂੰ ਸਹੀ ਮੰਨਦਾ ਹੋਵੇ। ਇਸ ਘਟਨਾ ਨੇ ਮੀਡੀਆ ਅਤੇ ਸਿਆਸਤ ਵਿੱਚ ਏ ਆਈ ਦੀ ਵਰਤੋਂ ਅਤੇ ਧਾਰਮਿਕ ਮਰਿਆਦਾਵਾਂ ‘ਤੇ ਨਵੀਂ ਬਹਿਸ ਛੇੜ ਦਿੱਤੀ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਵੀ ਲੋਕਾਂ ਨੂੰ ਈਸਾ ਮਸੀਹ ਦੇ ਨਾਂਅ ‘ਤੇ ਜੰਗ ਵਿੱਚ ਜਿੱਤ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ, ਜਿਸ ਨਾਲ ਇਹ ਟਕਰਾਅ ਹੋਰ ਡੂੰਘਾ ਹੋ ਗਿਆ ਹੈ।