ਬੰਗਾ/ਪਟਿਆਲਾ (ਅਵਤਾਰ ਕਲੇਰ/ਰਜਿੰਦਰ ਸਿੰਘ ਥਿੰਦ)-ਏਟਕ, ਇਫਟੂ, ਸੀ ਟੀ ਯੂ, ਏਕਟੂ, ਸੀਟੂ ਪੰਜਾਬ, ਡੀ ਐੱਮ ਐੱਫ, ਪੇਂਡੂ ਮਜ਼ਦੂਰ ਯੂਨੀਅਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਹਰਿਆਣਾ, ਯੂ ਪੀ ਅਤੇ ਦਿੱਲੀ ਵਿੱਚ ਚੱਲ ਰਹੇ ਸਨਅਤੀ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਪੰਜਾਬ ਅੰਦਰ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ਦੇ 21 ਅਪ੍ਰੈਲ ਨੂੰ ਪੁਤਲੇ ਫੂਕਣ ਦਾ ਸੱਦਾ ਦਿੱਤਾ ਹੈ। ਇਹ ਸੱਦਾ ਦਿੰਦਿਆਂ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੀਟੂ ਦੇ ਸੂਬਾ ਜਨਰਲ ਸਕੱਤਰ ਮਹਾਂ ਸਿੰਘ ਰੋੜੀ, ਏਕਟੂ ਦੇ ਆਗੂ ਸੁਦਰਸ਼ਨ ਨੱਤ, ਸੀਟੂ ਪੰਜਾਬ ਦੇ ਆਗੂ ਨੱਥਾ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਮਹੂਰੀ ਮੁਲਾਜ਼ਮ ਫਰੰਟ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਆਖ਼ਿਆ ਕਿ ਸਰਕਾਰ ਪੂੰਜੀਪਤੀਆਂ, ਪ੍ਰਬੰਧਨ ਅਤੇ ਕਿਰਤ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਮਿਲੀਭੁਗਤ ਕਾਰਨ ਦੇਸ਼ ਭਰ ਦੇ ਮਜ਼ਦੂਰਾਂ ਨੂੰ ਸੜਕਾਂ ‘ਤੇ ਉਤਰਨ ਲਈ ਮਜਬੂਰ ਕੀਤਾ ਗਿਆ ਹੈ। ਐਲਾਨੀਆਂ ਗਈਆਂ ਘੱਟੋ-ਘੱਟ ਉਜਰਤਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਅਤੇ ਕਮਾਈ ਹੋਈ ਉਜਰਤ, ਤਨਖਾਹ ਸਲਿੱਪਾਂ, ਈ ਐੱਸ ਆਈ, ਕੰਮ ਵਾਲੀ ਥਾਂ ‘ਤੇ ਸੁਰੱਖਿਆ ਅਤੇ ਪਖਾਨਿਆਂ ਦੀ ਉਪਲੱਬਧਤਾ ਵਰਗੇ ਬੁਨਿਆਦੀ ਕਿਰਤ ਅਧਿਕਾਰਾਂ ਦੀ ਘੋਰ ਉਲੰਘਣਾ ਦੇਸ਼ ਭਰ ਵਿੱਚ ਆਮ ਹੋ ਗਈ ਹੈ। ਹੁਣ ?300-500 ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਰਸੋਈ ਗੈਸ ਦੀ ਕਾਲਾਬਾਜ਼ਾਰੀ ਦਾ ਵਾਧੂ ਬੋਝ ਮਜ਼ਦੂਰਾਂ ‘ਤੇ ਪਾਇਆ ਜਾ ਰਿਹਾ ਹੈ। ਸਰਕਾਰਾਂ ਕੋਲ ਸਾਡੇ ਲਈ ਸਿਰਫ਼ ਐਲਾਨ ਹਨ। ਅਸੀਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ।ਉਹਨਾਂ ਨੇ ਚਾਰ ਕਿਰਤ ਕੋਡ ਰੱਦ ਕਰਨ, ਘੱਟੋ-ਘੱਟ ਉਜਰਤਾਂ ਅਤੇ 8 ਘੰਟੇ ਦੇ ਕੰਮਕਾਜ ਨੂੰ ਯਕੀਨੀ ਬਣਾਉਣ, ਪੂਰੇ ਦੇਸ਼ ਲਈ ਘੱਟੋ-ਘੱਟ 30,000 ਰੁਪਏ ਪ੍ਰਤੀ ਮਹੀਨਾ ਉਜਰਤ ਦਾ ਐਲਾਨ ਕਰਨ, ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਪ੍ਰਬੰਧਨ/ਮਾਲਕਾਂ ਨੂੰ ਸਜ਼ਾਵਾਂ ਦੇਣ, ਗ੍ਰਿਫ਼ਤਾਰ ਕੀਤੇ ਗਏ ਸਾਰੇ ਕਾਮਿਆਂ ਨੂੰ ਰਿਹਾਅ ਕਰਨ, ਸਾਰੇ ਕੇਸ ਵਾਪਸ ਲੈਣ ਦੀ ਮੰਗ ਕੀਤੀ।
ਇਸੇ ਦੌਰਾਨ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਨੋਇਡਾ ਅਤੇ ਮਾਨੇਸਰ ਵਿੱਚ ਸੈਂਕੜੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਆਗੂਆਂ ਵਿਰੁੱਧ ਤਰ੍ਹਾਂ ਤਰ੍ਹਾਂ ਦੀਆਂ ਫੌਜਦਾਰੀ ਧਾਰਾਵਾਂ ਅਧੀਨ ਮੁਕੱਦਮੇ ਦਰਜ ਕਰਨ ਅਤੇ ਜਿਸਮਾਨੀ ਤਸ਼ੱਦਦ ਨੂੰ ਇਕ ਅਤੀ ਨਿੰਦਣਯੋਗ ਅਤੇ ਤਾਨਾਸ਼ਾਹੀ ਵਰਤਾਰਾ ਕਰਾਰ ਦਿੱਤਾ ਹੈ। ਪੰਜਾਬ ਏਟਕ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਮਜ਼ਦੂਰਾਂ ਵਿਰੁੱਧ ਅਪਣਾਏ ਗਏ ਦਮਨਕਾਰੀ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਮਜ਼ਦੂਰਾਂ ਦੇ ਮਸਲੇ ਹੱਲ ਕੀਤੇ ਜਾਣ ਅਤੇ ਮਜ਼ਦੂਰਾਂ ‘ਤੇ ਬਣਾਏ ਫੌਜਦਾਰੀ ਕੇਸ ਵਾਪਸ ਲੈ ਕੇ ਉਨ੍ਹਾਂ ਨੂੰ ਡਿਊਟੀਆਂ ‘ਤੇ ਪਾਇਆ ਜਾਵੇ। ਪੰਜਾਬ ਏਟਕ ਵੱਲੋਂ ਦੂਸਰੇ ਟਰੇਡ ਯੂਨੀਅਨਾਂ ਸੰਗਠਨਾਂ ਨਾਲ ਸਾਂਝੇ ਤੌਰ ‘ਤੇ 21 ਅਪ੍ਰੈਲ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈਡਕੁਆਟਰਾਂ ਅਤੇ ਸਨਅਤੀ ਕੇਂਦਰਾਂ ‘ਤੇ ਵੱਖ—ਵੱਖ ਤਰੀਕਿਆਂ ਨਾਲ ਰੈਲੀਆਂ ਮੁਜ਼ਾਹਰੇ ਕਰਕੇ ਰੋਸ ਪ੍ਰਗਟ ਕੀਤਾ ਜਾਵੇਗਾ।
ਬਰਾੜ ਅਤੇ ਧਾਲੀਵਾਲ ਨੇ ਪੰਜਾਬ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਪਿਛਲੇ 12 ਸਾਲਾਂ ਤੋਂ ਘੱਟੋ—ਘੱਟ ਉਜਰਤਾਂ ਵਿੱਚ ਕੋਈ ਵਾਧਾ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਮੁਹਾਲੀ ਦੇ ਕਿਰਤ ਭਵਨ ਦੇ ਸਾਹਮਣੇ ਘੱਟੋ—ਘੱਟ ਉਜਰਤਾਂ 26000 ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਨੂੰ ਲੈ ਕੇ 14 ਮਈ ਨੂੰ ਵਿਸ਼ਾਲ ਰੈਲੀ ਕੀਤੀ ਜਾਵੇਗੀ। ਆਗੂਆਂ ਨੇ ਸਮੁੱਚੇ ਪੰਜਾਬ ਦੇ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਰੈਲੀ ਵਿੱਚ ਵੱਡੀ ਪੱਧਰ ‘ਤੇ ਸ਼ਿਰਕਤ ਕੀਤੀ ਜਾਵੇ। ਪੰਜਾਬ ਏਟਕ ਵਲੋਂ ਪੰਜਾਬ ਦੀਆਂ ਸਮੁੱਚੀਆਂ ਸੰਬੰਧਤ ਜਥੇਬੰਦੀਆਂ ਨੂੰ ਕਿਹਾ ਗਿਆ ਹੈ ਕਿ 21 ਅਪ੍ਰੈਲ ਨੂੰ ਨੋਇਡਾ ਅਤੇ ਮਾਨੇਸਰ ਦੀਆਂ ਘਟਨਾਵਾਂ ਦੇ ਵਿਰੁੱਧ ਹੋਣ ਵਾਲੇ ਐਕਸ਼ਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ।




