ਕੇਂਦਰ ਵੱਲੋਂ ਪੰਜਾਬ ਵਿਰੋਧੀ ਕਦਮ ਚੁੱਕਣ ਦਾ ਸਿਲਸਿਲਾ ਜਾਰੀ : ਧਾਲੀਵਾਲ

0
15

ਚੰਡੀਗੜ੍ਹ : ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਰਾਜ ਇਕਾਈ ਦੇ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਮੇਂ ਸਮੇਂ ਕੋਈ ਨਾ ਕੋਈ ਪੰਜਾਬ ਵਿਰੋਧੀ ਕਦਮ ਚੁੱਕਣ ਦਾ ਸਿਲਸਿਲਾ ਲਗਾਤਾਰ ਚਲਦਾ ਆ ਰਿਹਾ ਹੈ। ਇਸੇ ਨੂੰ ਜਾਰੀ ਰੱਖਦਿਆਂ ਕੇਂਦਰ ਦੀ ਹਕੂਮਤ ਨੇ 13 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਬੀ ਬੀ ਐਮ ਬੀ ਵਿਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਕੇ ਰਾਜਸਥਾਨ ਅਤੇ ਹਿਮਾਚਲ ਨੂੰ ਸਥਾਈ ਮੈਂਬਰੀਆਂ ਦੇਣ ਦਾ ਰਸਤਾ ਸਾਫ ਕਰ ਦਿਤਾ ਹੈ। ਉਥੇ ਹੁਣ ਪਾਰਲੀਮੈਂਟ ਦੀਆਂ ਵਰਤਮਾਨ ਸੀਟਾਂ ਵਿਚ ਚੋਖਾ ਵਾਧਾ ਕਰਨ ਲਈ ਸੰਵਿਧਾਨ ਦੀ 135ਵੀਂ ਸੋਧ ਬਿੱਲ 2026 ਲਿਆ ਕੇ ਮੁੜ ਹਲਕਾਬੰਦੀ ਕਰਕੇ ਬੜੀ ਚਤੁਰਾਈ ਨਾਲ ਗਿਣਤੀ ਵਧਾਉਣ ਨੂੰ 2011 ਦੀ ਮਰਦਮਸ਼ੁਮਾਰੀ ਨੂੰ ਅਧਾਰ ਮੰਨਣ ਨਾਲ ਨਰੜ ਕੇ ਜਿਥੇ ਦੱਖਣੀ ਰਾਜਾਂ ਦੇ ਮੈਂਬਰਾਂ ਦੀ ਗਿਣਤੀ ਨੂੰ ਖੋਰਾ ਲਾਉਣ ਦੀ ਵਿਊਂਤਬੰਦੀ ਕੀਤੀ ਹੈ, ਉਥੇ ਹੀ ਇਸ ਵਿਉਂਤਬੰਦੀ ਅਧੀਨ ਪੰਜਾਬ ਦੀ ਨੁਮਾਇੰਦਗੀ ਦੇ ਅਨੁਪਾਤ ਨੂੰ ਘਟਾਉਣ ਦੀ ਵੀ ਕੋਝੀ ਹਰਕਤ ਕੀਤੀ ਜਾ ਰਹੀ ਹੈ। ਕੇਂਦਰ ਦੀ ਸਰਕਾਰ ਵਲੋਂ ਅਜਿਹਾ ਕਦਮ ਕੋਈ ਸਰਵ ਪ੍ਰਵਾਨਤ ਹੱਲ ਵਜੋਂ ਨਹੀਂ ਚੁੱਕਿਆ ਜਾ ਰਿਹਾ, ਸਗੋਂ ਅਜਿਹੀ ਕਾਰਵਾਈ ਚੁਣਾਵੀ ਗਣਿਤ ਦਾ ਹਿਸਾਬ ਕਿਤਾਬ ਲਾ ਕੇ ਉਤਰੀ ਰਾਜਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾ ਰਿਹਾ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਪੰਜਾਬ ਨਾਲ ਕਿਸੇ ਤਰ੍ਹਾਂ ਵੀ ਕੀਤਾ ਜਾਣ ਵਾਲਾ ਅਜਿਹਾ ਧੱਕਾ ਬਰਦਾਸ਼ਤ ਨਹੀਂ ਕਰੇਗੀ, ਸਗੋਂ ਦੇਸ਼ ਪੱਧਰ ‘ਤੇ ਜੋ ਇੰਡੀਆ ਬਲਾਕ ਵਲੋਂ ਜੇਕਰ ਕੋਈ ਦੇਸ਼ਵਿਆਪੀ ਅੰਦੋਲਨ ਕੀਤਾ ਜਾਂਦਾ ਹੈ ਤਾਂ ਪੰਜਾਬ ਦੀ ਪਾਰਟੀ ਉਸ ਵਿਚ ਵਧ ਚੜ੍ਹ ਕੇ ਭਾਗ ਲਏਗੀ ਅਤੇ 50 ਫੀਸਦੀ ਵਾਧਾ ਨਾ ਦਿੱਤੇ ਜਾਣ ਦੀ ਧੋਖਾਧੜੀ ਪੰਜਾਬ ਸੀ ਪੀ ਆਈ ਇਸ ਵਿਰੋਧ ਦੇ ਦਾਇਰੇ ਨੂੰ ਵਧਾਉਣ ਵਿਚ ਵਧ ਚੜ੍ਹ ਕੇ ਯੋਗਦਾਨ ਪਾਏਗੀ। ਇਸ ਤੋਂ ਇਲਾਵਾ ਪਾਰਟੀ ਪੰਜਾਬ ਦੇ ਬੁਨਿਆਦੀ ਮੁੱਦੇ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮਈ ਮਹੀਨੇ ਤੋਂ ਪੰਜਾਬ ਪੱਧਰ ‘ਤੇ ਮੁਹਿੰਮ ਵਿੱਢਣ ਦਾ ਤੈਅ ਕਰ ਚੁੱਕੀ ਹੈ।