ਵਾਸ਼ਿੰਗਟਨ : ਅਮਰੀਕਾ ਨੇ ਰੂਸੀ ਪੈਟਰੋਲੀਅਮ ਪਦਾਰਥਾਂ ਦੀ ਖਰੀਦ ‘ਤੇ ਲਾਈਆਂ ਪਾਬੰਦੀਆਂ ਤੋਂ ਮਿਲਣ ਵਾਲੀ ਛੋਟ ਨੂੰ ਇੱਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਇਹ ਫੈਸਲਾ ਉਸ ਵੇਲੇ ਆਇਆ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਵਾਸ਼ਿੰਗਟਨ ਨੇ ਇਸ ਵਿਸ਼ੇਸ਼ ਰਿਆਇਤ ਨੂੰ ਅੱਗੇ ਨਾ ਵਧਾਉਣ ਦਾ ਸੰਕੇਤ ਦਿੱਤਾ ਸੀ। ਅਮਰੀਕੀ ਵਿੱਤ ਵਿਭਾਗ ਵੱਲੋਂ ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤੇ ਗਏ ਤਾਜ਼ਾ ਹੁਕਮਾਂ ਅਨੁਸਾਰ ਜਿਹੜਾ ਰੂਸੀ ਤੇਲ 17 ਅਪਰੈਲ ਜਾਂ ਉਸ ਤੋਂ ਪਹਿਲਾਂ ਸਮੁੰਦਰੀ ਜਹਾਜ਼ਾਂ ਰਾਹੀਂ ਰਵਾਨਾ ਹੋ ਚੁੱਕਾ ਹੈ, ਉਸ ਦੀ ਖਰੀਦ ‘ਤੇ 16 ਮਈ ਤੱਕ ਪਾਬੰਦੀਆਂ ਤੋਂ ਛੋਟ ਰਹੇਗੀ। ਈਰਾਨ, ਉਤਰੀ ਕੋਰੀਆ, ਕਿਊਬਾ ਜਾਂ ਯੂਕਰੇਨ ਦੇ ਕਬਜ਼ੇ ਵਾਲੇ ਹਿੱਸਿਆਂ ਨਾਲ ਜੁੜੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਨਾਲ ਲੈਣ-ਦੇਣ ‘ਤੇ ਪਾਬੰਦੀ ਬਰਕਰਾਰ ਰਹੇਗੀ।
ਈ ਡੀ ਵੱਲੋਂ ਸੰਜੀਵ ਅਰੋੜਾ ਦੇ ਗੁਰੂਗ੍ਰਾਮ ਦੇ ਦਫ਼ਤਰਾਂ ‘ਚ ਤਲਾਸ਼ੀ
ਲੁਧਿਆਣਾ : ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਸਥਿਤ ਘਰ ‘ਤੇ ਸਨਿੱਚਰਵਾਰ ਈ ਡੀ ਦੀ ਛਾਪੇਮਾਰੀ ਖ਼ਤਮ ਹੋ ਗਈ, ਪਰ ਉਨ੍ਹਾ ਦੀ ਗੁਰੂਗ੍ਰਾਮ ਸਥਿਤ ਰਿਹਾਇਸ਼ ‘ਤੇ ਕਾਰਵਾਈ ਅਜੇ ਵੀ ਜਾਰੀ ਹੈ। ਈ ਡੀ ਦੀ ਟੀਮ ਦੁਪਹਿਰ 12 ਵਜੇ ਦੇ ਕਰੀਬ ਉਨ੍ਹਾ ਦੇ ਲੁਧਿਆਣਾ ਸਥਿਤ ਘਰ ਤੋਂ ਰਵਾਨਾ ਹੋਈ। ਈ ਡੀ ਦੀ ਛਾਪੇਮਾਰੀ, ਜਿਸ ਵਿੱਚ ਸੰਜੀਵ ਅਰੋੜਾ, ਉਨ੍ਹਾ ਦੇ ਪੁੱਤਰ ਅਤੇ ਉਨ੍ਹਾ ਦੇ ਦੋ ਕਾਰੋਬਾਰੀ ਭਾਈਵਾਲਾਂ ਹੇਮੰਤ ਸੂਦ ਅਤੇ ਚੰਦਰ ਸ਼ੇਖਰ ਅਗਰਵਾਲ ਦੇ ਰਿਹਾਇਸ਼ੀ ਅਤੇ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਇਹ ਛਾਪੇਮਾਰੀ ਲੁਧਿਆਣਾ, ਜਲੰਧਰ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਫੈਲੀਆਂ 13 ਥਾਵਾਂ ‘ਤੇ ਇਕੋ ਸਮੇਂ ਸ਼ੁਰੂ ਕੀਤੀ ਗਈ। ਈ ਡੀ ਨੇ ਛਾਪੇਮਾਰੀ ਦਾ ਕਾਰਨ ਨਹੀਂ ਦੱਸਿਆ, ਪਰੰਤੂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਨਾਲ ਸੰਬੰਧਤ ਹੋ ਸਕਦੀ ਹੈ। ਕੇਂਦਰੀ ਸੁਰੱਖਿਆ ਬਲਾਂ ਦੀਆਂ ਟੀਮਾਂ, ਜੋ ਲੁਧਿਆਣਾ ਦੇ ਗੁਰਦੇਵ ਨਗਰ ਵਿੱਚ ਅਰੋੜਾ ਦੀ ਰਿਹਾਇਸ਼ ‘ਤੇ ਤਾਇਨਾਤ ਸਨ, ਹੁਣ ਉਥੋਂ ਹਟ ਗਈਆਂ ਹਨ। ਮੰਤਰੀ ਖੁਦ ‘ਇਨਵੈਸਟ ਸਮਿਟ’ ਦੇ ਸਿਲਸਿਲੇ ‘ਚ ਯੂਰਪ ਦੌਰੇ ‘ਤੇ ਹਨ।




