ਚੰਡੀਗੜ੍ਹ : ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸੂਬੇ ‘ਚੋਂ ਰੇਤ ਦੀ ਨਾਜਾਇਜ਼ ਮਾਈਨਿੰਗ ਖਤਮ ਹੋ ਗਈ ਹੈ ਅਤੇ ਹੁਣ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ | ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਸੀਂ ਕਾਨੂੰਨੀ ਤੌਰ ‘ਤੇ ਅਲਾਟ ਕੀਤੀਆਂ ਖਾਣਾਂ ਰਾਹੀਂ ਰੋਜ਼ਾਨਾ 60,000 ਮੀਟਿ੍ਕ ਟਨ ਰੇਤ ਦੀ ਸਪਲਾਈ ਵਧਾ ਦਿੱਤੀ ਹੈ | ਮਾਈਨਿੰਗ ਕਾਰਜਾਂ ਦਾ ਅਧਿਐਨ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਈ 2021 ‘ਚ 8 ਲੱਖ ਮੀਟਿ੍ਕ ਟਨ ਦੇ ਮੁਕਾਬਲੇ ਇਸ ਸਾਲ ਮਈ ‘ਚ ਕਾਨੂੰਨੀ ਖਾਣਾਂ ਤੋਂ ਰੇਤ ਅਤੇ ਬੱਜਰੀ ਦੀ ਖੁਦਾਈ 18 ਲੱਖ ਮੀਟਰਕ ਟਨ ਹੈ | ਮਾਈਨਿੰਗ ਮੰਤਰੀ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਵੇਲੇ ਰੇਤ ਦੀ ਨਾਜਾਇਜ ਮਾਈਨਿੰਗ ਜ਼ੋਰਾਂ ‘ਤੇ ਸੀ | ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਰੇਤਾ-ਬੱਜਰੀ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਦੇ ਯਤਨਾਂ ਤਹਿਤ ਸੂਬਾ ਸਰਕਾਰ ਨੇ ਸਪਲਾਈ ਵਧਾਉਣ ਦਾ ਪ੍ਰਬੰਧ ਕੀਤਾ ਹੈ, ਪਰ ਬੁਨਿਆਦੀ ਉਸਾਰੀ ਸਮਗਰੀ ਦੀ ਕੀਮਤ ਅਜੇ ਵੀ ਪਿਛਲੇ ਸਾਲ ਨਾਲੋਂ 45 ਫੀਸਦੀ ਵੱਧ ਹੈ | ਮਾਈਨਿੰਗ ਮੰਤਰੀ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਵਿਚੋਲੇ ਕੀਮਤਾਂ ‘ਚ ਹੇਰਾਫੇਰੀ ਕਰ ਰਹੇ ਹਨ | ਸਰਕਾਰ ਉਨ੍ਹਾਂ ਖਿਲਾਫ ਕਾਰਵਾਈ ਕਰੇਗੀ | ਰਾਜ ਦੇ ਵੱਖ-ਵੱਖ ਹਿੱਸਿਆਂ ‘ਚ ਰੇਤ ਅਤੇ ਬੱਜਰੀ ਦੀਆਂ ਕੀਮਤਾਂ 2300 ਤੋਂ 4000 ਰੁਪਏ ਪ੍ਰਤੀ 100 ਕਿਊਬਿਕ ਫੁੱਟ ਦੇ ਵਿਚਕਾਰ ਹਨ | ਪਿਛਲੇ ਸਾਲ ਇਹ ਰੇਟ 1800 ਤੋਂ 2100 ਰੁਪਏ ਪ੍ਰਤੀ 100 ਕਿਊਬਿਕ ਫੁੱਟ ਸੀ | ਬੈਂਸ ਨੇ ਕਿਹਾ ਕਿ ਅਸੀਂ ਪੂਰੇ ਕਾਰੋਬਾਰੀ ਮਾਡਲ ਦਾ ਅਧਿਐਨ ਕਰ ਰਹੇ ਹਾਂ | ਹੁਣ ਤੱਕ ਅਸੀਂ ਕਾਨੂੰਨੀ ਤੌਰ ‘ਤੇ ਅਲਾਟ ਕੀਤੀਆਂ ਖਾਣਾਂ ਰਾਹੀਂ ਰੇਤ ਅਤੇ ਰੇਤ ਅਤੇ ਬੱਜਰੀ ਦੇ ਮਿਸ਼ਰਣ ਦੀ ਸਪਲਾਈ ‘ਚ 60000 ਮੀਟਿ੍ਕ ਟਨ (ਐੱਮ ਟੀ) ਪ੍ਰਤੀ ਦਿਨ ਦਾ ਵਾਧਾ ਕੀਤਾ ਹੈ, ਪਰ ਅਸੀਂ ਮਹਿਸੂਸ ਕੀਤਾ ਹੈ ਕਿ ਮਾਈਨਿੰਗ ਠੇਕੇਦਾਰ ਅਤੇ ਗਾਹਕ ਵਿਚਕਾਰ ਵਿਚੋਲੇ ਕੀਮਤਾਂ ਵਿਚ ਹੇਰਾਫੇਰੀ ਕਰ ਰਹੇ ਹਨ |