ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇੱਕ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਕਿ ਅਮਰੀਕੀ ਨੁਮਾਇੰਦੇ ਈਰਾਨ ਨਾਲ ਗੱਲਬਾਤ ਲਈ ਸੋਮਵਾਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਜਾ ਰਹੇ ਹਨ। ਟਰੰਪ ਦੇ ਇਸ ਬਿਆਨ ਨੇ ਅੰਤਰਰਾਸ਼ਟਰੀ ਪੱਧਰ ‘ਤੇ ਧਿਆਨ ਖਿੱਚਿਆ ਹੈ, ਕਿਉਂਕਿ ਈਰਾਨ ਅਤੇ ਅਮਰੀਕਾ ਦੇ ਸੰਬੰਧ ਇਸ ਸਮੇਂ ਬਹੁਤ ਹੀ ਨਾਜ਼ੁਕ ਮੋੜ ‘ਤੇ ਹਨ ਅਤੇ ਪਾਕਿਸਤਾਨ ਇਸ ਗੱਲਬਾਤ ਵਿੱਚ ਇੱਕ ਅਹਿਮ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ। ਈਰਾਨ ਦੀ ਫੌਜ ਨੇ ਐਤਵਾਰ ਹਾਰਮੁਜ਼ ਜਲ ਮਾਰਗ ਰਾਹੀਂ ਲੰਘਣ ਦੀ ਕੋਸ਼ਿਸ਼ ਕਰ ਰਹੇ ਦੋ ਵਪਾਰਕ ਤੇਲ ਟੈਂਕਰਾਂ ਨੂੰ ਚਿਤਾਵਨੀ ਜਾਰੀ ਕਰਕੇ ਵਾਪਸ ਮੋੜ ਦਿੱਤਾ।
ਈਰਾਨ ਦੀ ਅਰਧ-ਸਰਕਾਰੀ ਸਮਾਚਾਰ ਏਜੰਸੀ ‘ਤਸਨੀਮ’ ਦੀ ਰਿਪੋਰਟ ਅਨੁਸਾਰ ਇਹ ਕਦਮ ਅਮਰੀਕਾ ਵੱਲੋਂ ਈਰਾਨ ਦੀ ਕੀਤੀ ਗਈ ਸਮੁੰਦਰੀ ਨਾਕਾਬੰਦੀ ਦੇ ਜਵਾਬ ਵਿੱਚ ਚੁੱਕਿਆ ਗਿਆ ਹੈ। ਆਪਣੀ ਪੋਸਟ ਵਿੱਚ ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੰਦਿਆਂ ਲਿਖਿਆ, ‘ਅਸੀਂ ਈਰਾਨ ਨੂੰ ਇੱਕ ਬਹੁਤ ਹੀ ਵਾਜਬ ਅਤੇ ਸਹੀ ਸਮਝੌਤੇ ਦੀ ਪੇਸ਼ਕਸ਼ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਉਹ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲੈਣਗੇ, ਕਿਉਂਕਿ ਜੇਕਰ ਉਨ੍ਹਾਂ ਨੇ ਅਜਿਹਾ ਨਾ ਕੀਤਾ ਤਾਂ ਸੰਯੁਕਤ ਰਾਜ ਅਮਰੀਕਾ ਈਰਾਨ ਦੇ ਹਰ ਇੱਕ ਪਾਵਰ ਪਲਾਂਟ ਅਤੇ ਹਰ ਇੱਕ ਪੁਲ ਨੂੰ ਤਬਾਹ ਕਰ ਦੇਵੇਗਾ।’
ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹੋਰਮੁਜ਼ ਜਲਡਮਰੂ ਵਿੱਚ ਆਵਾਜਾਈ ਦੇ ਨਿਯਮਾਂ ਨੂੰ ਲੈ ਕੇ ਯੂਰਪੀ ਸੰਘ ਦੇ ਸਟੈਂਡ ਦੀ ਸਖ਼ਤ ਨਿਖੇਧੀ ਕੀਤੀ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਯੂਰਪੀ ਸੰਘ ‘ਤੇ ‘ਦੋਹਰੇ ਮਾਪਦੰਡ’ ਅਤੇ ‘ਪਾਖੰਡ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਬਿਨਾਂ ਸ਼ਰਤ ਲਾਂਘੇ’ ਦੀ ਗੱਲ ਹੁਣ ਸਿਰਫ਼ ਇੱਕ ਕਹਾਣੀ ਬਣ ਕੇ ਰਹਿ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਅਤੇ ਇਜ਼ਰਾਈਲ ਦੀਆਂ ਹਮਲਾਵਰ ਕਾਰਵਾਈਆਂ ਨੇ ਖੇਤਰ ਦੇ ਸੁਰੱਖਿਆ ਸਮੀਕਰਨ ਬਦਲ ਦਿੱਤੇ ਹਨ। ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੀ ਮੁਖੀ ਕਾਜਾ ਕਾਲਾਸ ਦੇ ਬਿਆਨਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਬਘਾਈ ਨੇ ਕਿਹਾ ਕਿ ਯੂਰਪ ਸਿਰਫ਼ ਦੂਜਿਆਂ ਨੂੰ ਉਪਦੇਸ਼ ਦੇਣ ਲਈ ਕੌਮਾਂਤਰੀ ਕਾਨੂੰਨਾਂ ਦੀ ਵਰਤੋਂ ਕਰਦਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਅਮਰੀਕਾ ਅਤੇ ਇਜ਼ਰਾਈਲ ਈਰਾਨ ਵਿਰੁੱਧ ਹਮਲਾਵਰ ਰੁਖ਼ ਅਖ਼ਤਿਆਰ ਕਰਦੇ ਹਨ ਅਤੇ ਇਰਾਨੀਆਂ ਵਿਰੁੱਧ ਅੱਤਿਆਚਾਰ ਹੁੰਦੇ ਹਨ, ਤਾਂ ਯੂਰਪ ਚੁੱਪ ਰਹਿ ਕੇ ਇਨ੍ਹਾਂ ਕਾਰਵਾਈਆਂ ਨੂੰ ਹਰੀ ਝੰਡੀ ਕਿਉਂ ਦਿੰਦਾ ਹੈ। ਬਘਾਈ ਨੇ ਕਿਹਾ ਕਿ ਯੂਰਪੀ ਸੰਘ ਦੀ ਆਪਣੇ ਕਹੇ ‘ਤੇ ਅਮਲ ਕਰਨ ਵਿੱਚ ਨਾਕਾਮਯਾਬੀ ਨੇ ਕੌਮਾਂਤਰੀ ਕਾਨੂੰਨਾਂ ਦੀ ਗੱਲ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਬਘਾਈ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਤੱਟੀ ਦੇਸ਼ ਹੋਣ ਦੇ ਨਾਤੇ ਈਰਾਨ ਕੋਲ ਹੋਰਮੁਜ਼ ਜਲਡਮਰੂ ਮੱਧ ਵਿੱਚ ਜ਼ਰੂਰੀ ਕਦਮ ਚੁੱਕਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਕਾਨੂੰਨ ਦਾ ਕੋਈ ਵੀ ਨਿਯਮ ਈਰਾਨ ਨੂੰ ਆਪਣੀ ਸੁਰੱਖਿਆ ਲਈ ਉਨ੍ਹਾਂ ਕਾਰਵਾਈਆਂ ਤੋਂ ਨਹੀਂ ਰੋਕਦਾ, ਜੋ ਇਸ ਜਲ ਮਾਰਗ ਦੀ ਵਰਤੋਂ ਈਰਾਨ ਵਿਰੁੱਧ ਫੌਜੀ ਹਮਲੇ ਲਈ ਕਰਨ ਤੋਂ ਰੋਕਦੀਆਂ ਹੋਣ। ਉਨ੍ਹਾਂ ‘ਬਿਨਾਂ ਸ਼ਰਤ ਲਾਂਘੇ’ ਦੀ ਧਾਰਨਾ ਨੂੰ ਰੱਦ ਕਰਦਿਆਂ ਕਿਹਾ ਕਿ ਜਿਸ ਪਲ ਅਮਰੀਕੀ ਫੌਜੀ ਸੰਪਤੀਆਂ ਇਸ ਖੇਤਰ ਵਿੱਚ ਪਹੁੰਚੀਆਂ, ਉਸੇ ਪਲ ਇਹ ਖੁੱਲ੍ਹੇ ਲਾਂਘੇ ਵਾਲੀ ਗੱਲ ਖ਼ਤਮ ਹੋ ਗਈ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਰਪੀ ਸੰਘ ਦੀ ਮੁਖੀ ਕਾਜਾ ਕਾਲਾਸ ਨੇ ਹੋਰਮੁਜ਼ ਜਲਡਮਰੂ ਮੱਧ ਨੂੰ ਮੁਫ਼ਤ ਅਤੇ ਖੁੱਲ੍ਹਾ ਰੱਖਣ ਦੀ ਵਕਾਲਤ ਕੀਤੀ ਸੀ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਕਿਸੇ ਵੀ ਤਰ੍ਹਾਂ ਦਾ ‘ਟਰਾਂਜ਼ਿਟ ਫੀਸ’ ਜਾਂ ਟੈਕਸ ਲਗਾਉਣ ਦੀ ਯੋਜਨਾ ਵਿਸ਼ਵ ਸਮੁੰਦਰੀ ਮਾਰਗਾਂ ਲਈ ਖ਼ਤਰਨਾਕ ਮਿਸਾਲ ਕਾਇਮ ਕਰੇਗੀ।
ਇਸ ਦਰਮਿਆਨ ਹਿਜ਼ਬੁਲਾ ਦੇ ਮੁਖੀ ਨਈਮ ਕਾਸਿਮ ਨੇ ਇਜ਼ਰਾਈਲ ਅਤੇ ਅਮਰੀਕਾ ਨੂੰ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਹੈ। ਕਾਸਿਮ ਨੇ ਸਪੱਸ਼ਟ ਕੀਤਾ ਹੈ ਕਿ ਇਜ਼ਰਾਈਲ ਨਾਲ ਚੱਲ ਰਹੀ 10 ਦਿਨਾਂ ਦੀ ਜੰਗਬੰਦੀ ਕੋਈ ਇੱਕਪਾਸੜ ਸਮਝੌਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਜ਼ਰਾਈਲ ਲੈਬਨਾਨੀ ਖੇਤਰ ‘ਤੇ ਕੋਈ ਵੀ ਹਮਲਾ ਕਰਦਾ ਹੈ, ਤਾਂ ਹਿਜ਼ਬੁਲਾ ਦੇ ਲੜਾਕੇ ਉਸ ਦਾ ਮੂੰਹ-ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਉਨ੍ਹਾਂ ਦੀਆਂ ‘ਉਂਗਲਾਂ ਟ੍ਰਿਗਰ’ ‘ਤੇ ਹਨ।




