ਮੋਗਾ (ਇਕਬਾਲ ਸਿੰਘ ਖਹਿਰਾ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਦੀ ਜ਼ਿਲ੍ਹਾ ਕੌਂਸਲ ਮੀਟਿੰਗ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਸਤੀਸ਼ ਲੂੰਬਾ ਹਾਲ ਵਿੱਚ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਤੇ ਸਵਰਾਜ ਸਿੰਘ ਢੁੱਡੀਕੇ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਜਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਾਥੀਆਂ, ਉੱਘੇ ਨਾਟਕ ਕਰਮੀ ਨਾਹਰ ਸਿੰਘ ਨੱਥੂਵਾਲਾ, ਮਹਿੰਦਰ ਸਿੰਘ ਰਣਸੀਂਹ ਖੁਰਦ, ਗੁਰਸੇਵਕ ਸਿੰਘ ਮਾਹਲਾ, ਜਰਨੈਲ ਸਿੰਘ ਘੋਲੀਆ ਨੂੰ ਸ਼ਰਧਾਂਜਲੀ ਦੇ ਕੇ ਯਾਦ ਕੀਤਾ। ਮੀਟਿੰਗ ਨੂੰ ਸੰਬੋਧਨ ਕਰਨ ਲਈ ਕਾਮਰੇਡ ਜਗਰੂਪ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਸੂਬਾਈ, ਰਾਸ਼ਟਰੀ ਤੇ ਸੰਸਾਰ ਪੱਧਰ ‘ਤੇ ਉਠ ਰਹੇ ਮੁੱਦਿਆਂ ਉਪਰ ਗੰਭੀਰ ਚਰਚਾ ਕੀਤੀ ਗਈ। ਕਾਮਰੇਡ ਜਗਰੂਪ ਨੇ ਕਿਹਾ ਕਿ ਜੇਕਰ ਅਸੀਂ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਸੰਸਾਰ ਪੱਧਰ ਦੀਆਂ ਇਹ ਜੰਗਾਂ ਨਾ ਕੋਈ ਹਾਦਸਾ ਹੈ ਤੇ ਨਾ ਹੀ ਅਚਾਨਕ ਵਾਪਰੀ ਕੋਈ ਘਟਨਾ, ਬਲਕਿ ਇਹ ਪੂੰਜੀਵਾਦ ਦੇ ਵਿਸਥਾਰ ਦਾ ਇੱਕ ਅਹਿਮ ਪੜਾਅ ਹੈ। ਅੱਜ ਪੂੰਜੀਵਾਦ ਪ੍ਰਬੰਧ ਇਸ ਪੜਾਅ ‘ਤੇ ਪਹੁੰਚ ਚੁੱਕਾ ਹੈ ਕਿ ਉਹ ਕੋਈ ਵੀ ਖਤਰਨਾਕ ਗੁਨਾਹ ਕਰਨ ਤੋਂ ਝਿਜਕ ਮਹਿਸੂਸ ਨਹੀਂ ਕਰ ਰਿਹਾ। ਪੂੰਜੀਵਾਦ ਪ੍ਰਬੰਧ ਲਈ ਇਹ ਜੰਗਾਂ ਭਾਵੇਂ ਉਹ ਸੰਸਾਰ ਪੱਧਰ ਦੀਆਂ ਜੰਗਾਂ ਹੋਣ ਜਾਂ ਖੇਤਰੀ ਜੰਗਾਂ ਹੋਣ, ਉਹ ਸਿਰਫ ਇੱਕ ਮੁਨਾਫੇ ਦਾ ਸਰੋਤ ਬਣ ਗਈਆਂ ਹਨ। ਉਹਨਾ ਕਿਹਾ ਕਿ ਅੱਜ ਸਾਨੂੰ ਇਸ ਪ੍ਰਬੰਧ ਦਾ ਖਾਤਮਾ ਕਰਕੇ ਨਵਾਂ ਸਮਾਜਵਾਦੀ ਪ੍ਰਬੰਧ ਉਸਾਰਨ ਲਈ ਲੋਕਾਂ ਵਿੱਚ ਜਾ ਕੇ ਵੱਧ ਤੋਂ ਵੱਧ ਕੰਮ ਕਰਨ ਦੀ ਜ਼ਰੂਰਤ ਹੈ। ਅੱਜ ਜਰੂਰਤ ਹੈ ਕਿ ਅਸੀਂ ਮਾਰਕਸਵਾਦੀ ਸਿਧਾਂਤਕ ਵਿਦਿਆ ਤੋ ਅਗਵਾਈ ਲੈ ਕੇ ਮਨੁੱਖਤਾ ਦੇ ਲਈ ਕਾਰਜ ਕਰੀਏ।
ਕੁਲਦੀਪ ਭੋਲਾ ਨੇ ਕੌਂਸਲ ਦੇ ਸਾਹਮਣੇ ਵੱਖ-ਵੱਖ ਏਜੰਡੇ ਪੇਸ਼ ਕੀਤੇ, ਜਿਨ੍ਰਾਂ ਵਿੱਚ ਲੈਵੀ ਨਵੀਨੀਕਰਨ, 22 ਅਪ੍ਰੈਲ ਲੈਨਿਨ ਜਨਮ ਦਿਨ, ਇਕ ਮਈ ਕਿਰਤ ਦਿਹਾੜਾ ਤੇ 5 ਮਈ ਕਾਰਲ ਮਾਰਕਸ ਦੇ ਜਨਮ ਦਿਨ ਨੂੰ ਮਨਾਉਣ ਸੰਬੰਧੀ ਵਿਚਾਰ-ਚਰਚਾ ਕੀਤੀ ਗਈ। ਸਾਰਿਆਂ ਦੀ ਸਹਿਮਤੀ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਕਿਰਤ ਦਿਹਾੜਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਮਨਾਇਆ ਜਾਵੇਗਾ। 22 ਅਪ੍ਰੈਲ ਤੋਂ 5 ਮਈ ਤੱਕ ਪੰਦਰਵਾੜੇ ਦੇ ਰੂਪ ਵਿੱਚ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਸਿਧਾਂਤਕ ਸਕੂਲ ਲਗਾ ਕੇ ਲੋਕਾਂ ਨੂੰ ਲੈਨਿਨ ਤੇ ਕਾਰਲ ਮਾਰਕਸ ਦੇ ਜੀਵਨ ਬਾਰੇ ਪੜ੍ਹਾਇਆ ਜਾਵੇਗਾ। ਮੀਟਿੰਗ ਵਿੱਚ ਫੈਸਲਾ ਹੋਇਆ ਕਿ 5 ਮਈ ਕਾਰਲ ਮਾਰਕਸ ਦੇ ਜਨਮ ਦਿਨ ‘ਤੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਇੱਕ ਵੱਡਾ ਸੈਮੀਨਾਰ ਕੀਤਾ ਜਾਵੇਗਾ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜਿਲ੍ਹਾ ਮੀਤ ਸਕੱਤਰ ਡਾਕਟਰ ਇੰਦਰਵੀਰ ਗਿੱਲ, ਗੁਰਦਿੱਤ ਦੀਨਾ, ਜਗਦੀਸ਼ ਸਿੰਘ ਚਾਹਲ, ਸ਼ੇਰ ਸਿੰਘ ਦੌਲਤਪੁਰਾ, ਜਗਸੀਰ ਸਿੰਘ ਖੋਸਾ, ਸਵਰਾਜ ਸਿੰਘ ਢੁੱਡੀਕੇ, ਗੁਰਮੀਤ ਵਾਂਦਰ, ਸੁਖਜਿੰਦਰ ਮਹੇਸ਼ਰੀ, ਸਵਰਨ ਸਿੰਘ ਖੋਸਾ, ਕਰਮਵੀਰ ਬਧਨੀ, ਇਕਬਾਲ ਤਖਾਣਵੱਧ, ਹਰਪ੍ਰੀਤ ਬਾਵਾ, ਸੁਖਦੇਵ ਭੋਲਾ ਮਹਿੰਦਰ ਧੂਰਕੋਟ ਆਦਿ ਸਾਥੀਆਂ ਨੇ ਵੀ ਸੰਬੋਧਨ ਕੀਤਾ।




