ਫਾਸ਼ੀਵਾਦੀ ਹਕੂਮਤ ਖਿਲਾਫ ਖੱਬੀਆਂ ਧਿਰਾਂ ਦੀ ਏਕਤਾ ‘ਤੇ ਜ਼ੋਰ

0
6

ਬੰਗਾ (ਅਵਤਾਰ ਕਲੇਰ,
ਗਿਆਨ ਸੈਦਪੁਰੀ)
ਖੱਬੀਆਂ ਪਾਰਟੀਆਂ ਵੱਲੋਂ ਬੰਗਾ ਰੋਡ ਨਵਾਂ ਸ਼ਹਿਰ ਵਿਖੇ ਐਤਵਾਰ ਕਾਮਰੇਡ ਨਰੰਜਣ ਸਿੰਘ ਸੁੱਜੋਂ ਦੀ ਅੱਠਵੀਂ ਬਰਸੀ ਮਨਾਈ ਗਈ। ਸਮਾਗਮ ਦੀ ਪ੍ਰਧਾਨਗੀ ਜੁਝਾਰ ਸਿੰਘ ਕੁੱਕੜ ਮਜਾਰਾ, ਪਰਮਿੰਦਰ ਮੇਨਕਾ, ਗੁਰਬਖਸ਼ ਕੌਰ ਰਾਹੋਂ, ਚਰਨਜੀਤ ਸਿੰਘ ਦੌਲਤਪੁਰ, ਅਵਤਾਰ ਸਿੰਘ ਤਾਰੀ, ਹਰਪਾਲ ਸਿੰਘ ਜਗਤਪੁਰ ਨੇ ਸਾਂਝੇ ਤੌਰ ਤੇ ਕੀਤੀ। ਇਸ ਬਰਸੀ ਸਮਾਗਮ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਆਰ ਐੱਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਬੰਤ ਸਿੰਘ ਬਰਾੜ, ਦੇਵੀ ਕੁਮਾਰੀ ਸਰਹਾਲੀ ਕਲਾਂ ਸੂਬਾ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ, ਜਸਪਾਲ ਸਿੰਘ ਗਿੱਦਾ, ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ ਦੇ ਆਗੂ ਦਲਜੀਤ ਸਿੰਘ ਐਡਵੋਕੇਟ ਅਤੇ ਸੀ ਪੀ ਆਈ (ਐੱਮ) ਦੇ ਆਗੂ ਮਹਾਂ ਸਿੰਘ ਰੋੜੀ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਨਰੰਜਣ ਸਿੰਘ ਸੁੱਜੋਂ ਨੇ ਆਪਣਾ ਸਾਰਾ ਜੀਵਨ ਮਜ਼ਦੂਰਾਂ, ਕਿਸਾਨਾਂ ਅਤੇ ਦੱਬੇ-ਕੁਚਲੇ ਲੋਕਾਂ ਖਾਤਰ ਲਾਇਆ। ਉਹ ਇਰਾਦੇ ਦੇ ਪੱਕੇ ਅਡੋਲ ਕਮਿਊਨਿਸਟ ਆਗੂ ਸਨ।ਵਿਰੋਧੀ ਤਾਕਤਾਂ ਵੱਲੋਂ ਅਨੇਕਾਂ ਜਬਰ ਦੀਆਂ ਹਨੇਰੀਆਂ ਝੁਲਾਉਣ ਦੇ ਬਾਵਜੂਦ ਉਹ ਨਾ ਹੀ ਡਰੇ ਅਤੇ ਨਾ ਹੀ ਥਿੜਕੇ। ਉਹਨਾ ਦੇ ਪਾਏ ਪੂਰਨਿਆਂ ਉਤੇ ਚੱਲ ਕੇ ਲੁਟੇਰੀਆਂ ਜਾਬਰ ਅਤੇ ਫਿਰਕੂ ਹਕੂਮਤਾਂ ਵਿਰੁੱਧ ਲੜਿਆ ਜਾ ਸਕਦਾ ਹੈ, ਜੋ ਅੱਜ ਸਮੇਂ ਦੀ ਲੋੜ ਵੀ ਹੈ। ਆਗੂਆਂ ਨੇ ਖੱਬੀਆਂ ਧਿਰਾਂ ਦੀ ਏਕਤਾ ਦੀ ਲੋੜ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਹਿੰਦੂਤਵੀ ਫਾਸ਼ੀਵਾਦੀ ਹਕੂਮਤ ਵੱਲੋਂ ਆਪਣੇ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਦਿਆਂ ਜਮਹੂਰੀ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਪੈਰਾਂ ਹੇਠ ਰੋਲਣ ਦੇ ਯਤਨ ਕੀਤੇ ਜਾ ਰਹੇ ਹਨ, ਉਸ ਦਾ ਮੁਕਾਬਲਾ ਕਰਨ ਲਈ ਵਿਸ਼ਾਲ ਸਾਂਝੇ ਏਕੇ ਦੀ ਅਣਸਰਦੀ ਲੋੜ ਹੈ। ਜਾਬਰ, ਬੇਰਹਿਮ ਅਤੇ ਲਾਲਚੀ ਹਾਕਮਾਂ ਵੱਲੋਂ ਨੋਇਡਾ, ਦਿੱਲੀ, ਹਰਿਆਣਾ ਅਤੇ ਹੋਰ ਰਾਜਾਂ ਵਿੱਚ ਕਾਰਪੋਰੇਟਾਂ ਦਾ ਪੱਖ ਪੂਰਦਿਆਂ ਸੰਘਰਸ਼ਸ਼ੀਲ ਮਜ਼ਦੂਰਾਂ ਉੱਤੇ ਜਬਰ ਢਾਹਿਆ ਜਾ ਰਿਹਾ ਹੈ, ਜਿਸ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸੰਸਦ ਦੀਆਂ ਸੀਟਾਂ ਵਧਾਉਣ ਲਈ ਲਿਆਂਦੇ ਬਿੱਲ ਨੂੰ ਜਿਸ ਤਰ੍ਹਾਂ ਸੰਸਦ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ, ਉਸ ਤੋਂ ਮੋਦੀ ਸਰਕਾਰ ਤਿਲਮਿਲਾ ਉਠੀ ਹੈ ਅਤੇ ਕੂੜ ਪ੍ਰਚਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਈਰਾਨ ਉਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨੇ ਸਾਮਰਾਜੀਆਂ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਸਾਹਮਣੇ ਲਿਆਂਦਾ ਹੈ।ਈਰਾਨ ਵੱਲੋਂ ਦਿੱਤੇ ਗਏ ਠੋਕਵੇਂ ਜਵਾਬ ਨੇ ਅਮਰੀਕਾ ਦੇ ਸੁਪਰ ਪਾਵਰ ਹੋਣ ਦੇ ਸਾਰੇ ਭਰਮ ਤੋੜ ਦਿੱਤੇ ਹਨ।ਇਸ ਵਿੱਚ ਮੋਦੀ ਸਰਕਾਰ ਵੱਲੋਂ ਨਿਭਾਈ ਗਈ ਭੂਮਿਕਾ ਨੇ ਦੁਨੀਆ ਭਰ ਵਿੱਚ ਭਾਰਤ ਦੀ ਬਦਨਾਮੀ ਕੀਤੀ ਹੈ। ਆਗੂਆਂ ਕਿਹਾ ਕਿ ਕੇਂਦਰ ਸਰਕਾਰ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰਨ ਜਾ ਰਹੀ ਹੈ, ਜੋ ਮਜ਼ਦੂਰ ਜਮਾਤ ਲਈ ਬਹੁਤ ਘਾਤਕ ਹਨ। ਇਹ ਟਰੇਡ ਯੂਨੀਅਨ ਅਧਿਕਾਰਾਂ ਉਤੇ ਵੱਡਾ ਹਮਲਾ ਹੈ। ਇਹਨਾਂ ਨਾਲ ਮਜ਼ਦੂਰ ਜਮਾਤ ਕੋਲੋਂ ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦੇ ਅਧਿਕਾਰ ਖੁਸ ਜਾਣਗੇ।ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਲਾਗੂ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ। ਸਰਕਾਰ ਜਨਤਕ ਅਦਾਰੇ ਅਤੇ ਜਾਇਦਾਦਾਂ ਕਾਰਪੋਰੇਟਰਾਂ ਨੂੰ ਵੇਚ ਰਹੀ।ਆਗੂਆਂ ਕਿਹਾ ਕਿ ਸਾਰੀਆਂ ਹੀ ਖੱਬੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਅਤੇ ਹੋਰ ਵੀ ਲੋਕਾਂ ਨੂੰ ਨਾਲ ਲੈ ਕੇ ਕੇ ਸੰਘਰਸ਼ ਕਰਨਾ ਪਵੇਗਾ। ਮੋਦੀ ਸਰਕਾਰ ਵੱਲੋਂ ਸੰਵਿਧਾਨ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੋਦੀ ਸਰਕਾਰ ਯੂਰਪ ਨਾਲ ਸਮਝੌਤਾ ਕਰਨ ਜਾ ਰਹੀ ਹੈ। ਕੇਂਦਰ ਸਰਕਾਰ ਉਨ੍ਹਾਂ ਦੇ ਸਮਾਨ ‘ਤੇ ਜ਼ੀਰੋ ਫੀਸਦੀ ਟੈਕਸ ਲਗਾਏਗੀ। ਇਸ ਸਮਝੌਤੇ ਨਾਲ ਭਾਰਤ ਦੀ ਕਿਸਾਨੀ ਬਰਬਾਦ ਹੋ ਜਾਵੇਗੀ। ਛੋਟੀ ਦੁਕਾਨਦਾਰੀ ਖਤਮ ਹੋ ਜਾਵੇਗੀ, ਜਿਸ ਨਾਲ ਹੋਰ ਬੇਰੁਜ਼ਗਾਰੀ ਵਧੇਗੀ।
ਆਗੂਆਂ ਕਿਹਾ ਕਿ ਇਹ ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਉਹ ਫਿਰਕੂ ਧਿਰਾਂ ਦੇਸ਼ ‘ਤੇ ਰਾਜ ਕਰ ਰਹੀਆਂ ਹਨ, ਜਿਨ੍ਹਾਂ ਦਾ ਅਜ਼ਾਦੀ ਅੰਦੋਲਨ ‘ਚ ਕੋਈ ਯੋਗਦਾਨ ਨਹੀਂ। ਮੋਦੀ ਸਰਕਾਰ ਨੇ ਅੰਬਾਨੀਆਂ ਅਤੇ ਅਡਾਨੀਆ ਦਾ ਕਰੋੜਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ। ਸਰਕਾਰ ਮਨਰੇਗਾ ਸਕੀਮ ਨੂੰ ਖਤਮ ਕਰਨ ‘ਤੇ ਤੁਲੀ ਹੋਈ ਹੈ। ਮਨਰੇਗਾ ਸਕੀਮ ਨੂੰ ਬਚਾਉਣ ਲਈ ਲਾਲ ਝੰਡੇ ਵਾਲਿਆਂ ਨੂੰ ਲੜਾਈ ਲੜ੍ਹਨੀ ਪੈਣੀ ਹੈ। ਆਗੂਆਂ ਕਿਹਾ ਕਿ ਪੰਜਾਬ ‘ਚ ਜੰਗਲ ਰਾਜ ਚੱਲ ਰਿਹਾ ਹੈ। ਦਿਨ-ਦਿਹਾੜੇ ਕਤਲ ਹੋ ਰਹੇ ਹਨ। ਬਦਲਾਅ ਦੇ ਨਾਂਅ ‘ਤੇ ਬਣੀ ਪੰਜਾਬ ਸਰਕਾਰ ਲੋਕਾਂ ਦੀਆਂ ਆਸਾਂ ‘ਤੇ ਖਰਾ ਨਹੀਂ ਉਤਰੀ। ਪੰਜਾਬ ਦੇ ਲੋਕ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਆਗੂਆਂ ਕਿਹਾ ਕਿ ਕਾਮਰੇਡ ਨਰੰਜਣ ਸਿੰਘ ਸੁੱਜੋਂ ਨੂੰ ਇਹੋ ਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਸਾਰੀਆਂ ਹੀ ਖੱਬੀਆਂ ਧਿਰਾਂ ਇਕੱਠੀਆਂ ਹੋ ਕੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ, ਤਾਂ ਹੀ ਲੋਕਾਂ ਦਾ ਭਲਾ ਹੋ ਸਕੇ। ਕਾਮਰੇਡ ਸੁੱਜੋਂ ਦੇ ਬੇਟੇ ਕੁਲਦੀਪ ਸਿੰਘ ਸੁੱਜੋਂ ਨੇ ਆਗੂਆਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਆਰ ਐੱਮ ਪੀ ਆਈ ਦੇ ਆਗੂ ਕੁਲਦੀਪ ਸਿੰਘ ਦੌੜਕਾ ਨੇ ਕੀਤਾ। ਇਸ ਮੌਕੇ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਨੇ ਇਨਕਲਾਬੀ ਕਵੀਸ਼ਰੀਆਂ ਪੇਸ਼ ਕੀਤੀਆਂ।
ਇਸ ਮੌਕੇ ਜਸਵਿੰਦਰ ਸਿੰਘ ਭੰਗਲ, ਨਰੰਜਣ ਦਾਸ ਮੇਹਲੀ, ਗੁਰਮੁੱਖ ਸਿੰਘ ਫਰਾਲਾ, ਜਸਵੀਰ ਦੀਪ, ਜਸਵਿੰਦਰ ਰਾਹੋਂ, ਸਤਨਾਮ ਸਿੰਘ ਸੁੱਜੋਂ, ਸਤਨਾਮ ਸਿੰਘ ਗੁਲਾਟੀ, ਬਿਮਲ ਬਖਲੌਰ, ਸੁਰਿੰਦਰ ਭੱਟੀ, ਹਰਨੇਕ ਬੀਕਾ, ਡਾ. ਬਲਦੇਵ ਸਿੰਘ ਬੀਕਾ, ਸੋਮ ਲਾਲ ਆਦਿ ਹਾਜ਼ਰ ਸਨ।