ਪਟਿਆਲਾ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਵਧ ਰਹੀ ਗਰਮੀ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਤਿੱਖੀ ਧੁੱਪ ਅਤੇ ਵਧਦੇ ਤਾਪਮਾਨ ਕਾਰਨ ਲੋਕਾਂ ਦਾ ਦਿਨ ਵੇਲੇ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਤਾਪਮਾਨ ਵਿੱਚ ਹੋ ਰਹੇ ਲਗਾਤਾਰ ਵਾਧੇ ਕਾਰਨ ਪਾਵਰਕੌਮ ਦੀਆਂ ਚਿੰਤਾਵਾਂ ਵੀ ਵਧ ਗਈਆਂ ਹਨ। ਮੰਗਲਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਮੰਗ 10,396 ਮੈਗਾਵਾਟ ਤੱਕ ਪਹੁੰਚ ਗਈ। ਸ਼ਾਮ ਵੇਲੇ ਇਹ ਘਟ ਕੇ 8,500 ਮੈਗਾਵਾਟ ਰਹਿ ਗਈ ਸੀ, ਪਰ ਰਾਤ ਹੁੰਦਿਆਂ ਹੀ ਇਸ ਵਿੱਚ ਮੁੜ ਉਛਾਲ ਦੇਖਣ ਨੂੰ ਮਿਲਿਆ। ਅੰਕੜਿਆਂ ਮੁਤਾਬਕ ਸਾਲ 2024 ਵਿੱਚ ਅੱਜ ਦੇ ਦਿਨ ਬਿਜਲੀ ਦੀ ਮੰਗ 8,000 ਮੈਗਾਵਾਟ ਅਤੇ ਸਾਲ 2025 ਵਿੱਚ 9,430 ਮੈਗਾਵਾਟ ਸੀ। ਪਿਛਲੇ ਸਾਲ ਬਿਜਲੀ ਦੀ ਵੱਧ ਤੋਂ ਵੱਧ ਮੰਗ 17,233 ਮੈਗਾਵਾਟ ਦਰਜ ਹੋਈ ਸੀ, ਜਿਸ ਰਿਕਾਰਡ ਦੇ ਇਸ ਵਾਰ ਟੁੱਟਣ ਦੀ ਸੰਭਾਵਨਾ ਹੈ।




