ਦਲ-ਬਦਲੂ ਸੰਸਦ ਮੈਂਬਰਾਂ ਵਿਰੁੱਧ ਵਿਆਪਕ ਰੋਸ ਪ੍ਰਦਰਸ਼ਨ, ਫੂਕੇ ਪੁਤਲੇ

0
3

ਚੰਡੀਗੜ੍ਹ : ਰਾਜ ਸਭਾ ਮੈਂਬਰ ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਮ ਜਨਤਾ ਵਿੱਚ ਭਾਰੀ ਰੋਸ ਫੁੱਟ ਪਿਆ ਹੈ।ਉਨ੍ਹਾਂ ਦੀਆਂ ਰਿਹਾਇਸ਼ਾਂ ਅਤੇ ਇੱਥੋਂ ਤੱਕ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਵੀ ਉਨ੍ਹਾਂ ਨੂੰ ‘ਗੱਦਾਰ’ ਦੱਸਣ ਵਾਲੇ ਨਾਅਰੇ ਲਿਖੇ ਗਏ। ਕਈ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਨੇ ‘ਪੰਜਾਬ ਦੇ ਗੱਦਾਰ’ ਦੇ ਨਾਅਰੇ ਲਗਾਏ।
ਜਲੰਧਰ ਵਿੱਚ ‘ਆਪ’ ਦੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੰਜਾਬ ਵਿੱਚ 2027 ਵਿੱਚ ਪਾਰਟੀ ਮੁੜ ਸੱਤਾ ਵਿੱਚ ਆਵੇਗੀ ਅਤੇ ਭਾਜਪਾ ਕੋਲ ਖੜ੍ਹਨ ਲਈ ਕੋਈ ਸਿਆਸੀ ਜ਼ਮੀਨ ਨਹੀਂ ਬਚੇਗੀ।ਨਿਰਾਸ਼ਾ ਵਿੱਚ ਆ ਕੇ ਭਾਜਪਾ ਨੇ ‘ਆਪ’ ਦੇ ਰਾਜ ਸਭਾ ਮੈਂਬਰਾਂ ਦਾ ਸਹਾਰਾ ਲਿਆ ਹੈ।ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ‘ਆਪ’ ਵਿਰੁੱਧ ਇੱਕ ਨਾਪਾਕ ਗਠਜੋੜ ਬਣਾ ਲਿਆ ਹੈ, ਜਿਸ ਕਾਰਨ ਉਨ੍ਹਾਂ ਦੇ ਆਗੂ ‘ਆਪ’ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਇੱਕੋ ਜਿਹੇ ਬਿਆਨ ਦੇ ਰਹੇ ਹਨ।ਇਸ ਦੌਰਾਨ ‘ਆਪ’ ਪੰਜਾਬ ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਪਰਮਿੰਦਰ ਗੋਲਡੀ ਨੇ ਰਾਜਿੰਦਰ ਗੁਪਤਾ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ, ਜਿੱਥੇ ਪਾਰਟੀ ਵਰਕਰਾਂ ਨੇ ‘ਪੰਜਾਬ ਦੇ ਗੱਦਾਰ ਮੁਰਦਾਬਾਦ’ ਦੇ ਨਾਅਰੇ ਲਗਾਏ।ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕ ਇਸ ਵਿਸ਼ਵਾਸਘਾਤ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।ਭਾਜਪਾ ਅਰਵਿੰਦ ਕੇਜਰੀਵਾਲ ਦੀ ਵਿਕਾਸ ਅਤੇ ਸ਼ਾਸਨ ਦੀ ਰਾਜਨੀਤੀ ਤੋਂ ਬੁਰੀ ਤਰ੍ਹਾਂ ਘਬਰਾਈ ਹੋਈ ਹੈ ਅਤੇ ਸਾਜ਼ਿਸ਼ਾਂ ਰਾਹੀਂ ‘ਆਪ’ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਗੂਆਂ ਨੇ ਦੁਹਰਾਇਆ ਕਿ ਪਾਰਟੀ ਇੱਕਜੁੱਟ ਹੈ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ।ਉਨ੍ਹਾ ਦਾਅਵਾ ਕੀਤਾ ਕਿ ਪੰਜਾਬ ਦੇ ਭਰੋਸੇ ਨੂੰ ਤੋੜਨ ਵਾਲਿਆਂ ਨੂੰ ਅੰਤ ਵਿੱਚ ਸੂਬੇ ਦੇ ਲੋਕਾਂ ਅੱਗੇ ਜਵਾਬਦੇਹ ਹੋਣਾ ਪਵੇਗਾ।