ਰਾਜ ਸਭਾ ਮੈਂਬਰਾਂ ਦੇ ਛੱਡ ਜਾਣ ਦਾ ਪਾਰਟੀ ‘ਤੇ ਕੋਈ ਅਸਰ ਨਹੀਂ : ਕੰਗ

0
6

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪਾਰਟੀ ਦੇ ਮੌਜੂਦਾ ਹਾਲਾਤ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ‘ਆਪ’ ਨੂੰ ਆਪਣੀ ਰਣਨੀਤੀ ਬਦਲਣ ਦੀ ਸਖ਼ਤ ਲੋੜ ਹੈ। ਉਨ੍ਹਾ ਕਿਹਾ ਕਿ ਪਾਰਟੀ ਨੂੰ ਇੱਕ ਅਜਿਹੀ ਲੋਕਤੰਤਰੀ ਜਥੇਬੰਦੀ ਵਜੋਂ ਕੰਮ ਕਰਨਾ ਚਾਹੀਦਾ ਹੈ, ਜਿੱਥੇ ਹਰ ਕਿਸੇ ਦੀ ਗੱਲ ਸੁਣੀ ਜਾਵੇ, ਤਾਂ ਹੀ ਭਵਿੱਖ ਵਿੱਚ ਆਗੂਆਂ ਦੇ ਪਾਰਟੀ ਛੱਡਣ ਦੇ ਸਿਲਸਿਲੇ ਨੂੰ ਰੋਕਿਆ ਜਾ ਸਕਦਾ ਹੈ।
ਸ਼ਨੀਵਾਰ ਸਵੇਰੇ ਮੀਡੀਆ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕੰਗ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਨੂੰ ਆਪਣੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਆਗੂਆਂ ਨਾਲ ਬਿਹਤਰ ਤਾਲਮੇਲ ਬਣਾਉਣਾ ਚਾਹੀਦਾ ਹੈ। ਉਨ੍ਹਾ ਖੁਲਾਸਾ ਕੀਤਾ ਕਿ ਸੰਦੀਪ ਪਾਠਕ ਵਰਗਾ ਅਹਿਮ ਆਗੂ ਪਾਰਟੀ ਨੂੰ ਕਦੇ ਨਾ ਛੱਡਦਾ, ਜੇਕਰ ਲੀਡਰਸ਼ਿਪ ਉਸ ਦੇ ਸੰਪਰਕ ਵਿੱਚ ਰਹਿੰਦੀ। ਕੰਗ ਨੇ ਦਾਅਵਾ ਕੀਤਾ ਕਿ ਪਿਛਲੇ ਇੱਕ ਸਾਲ ਤੋਂ ਪਾਰਟੀ ਵਿੱਚ ਕੋਈ ਵੀ ਪਾਠਕ ਨਾਲ ਰਾਬਤੇ ਵਿੱਚ ਨਹੀਂ ਸੀ। ਕੰਗ ਨੇ ਰਾਘਵ ਚੱਢਾ ਦਾ ਨਾਂਅ ਲੈਂਦਿਆਂ ਕਿਹਾ ਕਿ ਚੱਢਾ ਨੂੰ ਬੇਲਗਾਮ ਤਾਕਤ ਮਿਲੀ ਹੋਈ ਸੀ, ਜਿਸ ਦੀ ਉਸ ਨੇ ਦੁਰਵਰਤੋਂ ਕੀਤੀ। ਉਨ੍ਹਾ ਕਿਹਾ, ‘ਤਾਕਤ ਕੁਝ ਕੁ ਹੱਥਾਂ ਵਿੱਚ ਕੇਂਦਰਤ ਹੋਣ ਦੀ ਬਜਾਏ ਵੰਡੀ ਜਾਣੀ ਚਾਹੀਦੀ ਹੈ। ਕੰਗ, ਜੋ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਪਾਰਟੀ ਦਾ ਸਭ ਤੋਂ ਪ੍ਰਮੁੱਖ ਚਿਹਰਾ ਮੰਨੇ ਜਾਂਦੇ ਹਨ, ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ‘ਆਪ’ ਇੱਕ ਪਰਪੱਕ ਸਿਆਸੀ ਪਾਰਟੀ ਵਾਂਗ ਵਿਹਾਰ ਕਰੇ। ਜਦੋਂ ਉਨ੍ਹਾ ਨੂੰ ਉਨ੍ਹਾ ਦੇ ਆਪਣੇ ਅਗਲੇ ਕਦਮ ਬਾਰੇ ਪੁੱਛਿਆ ਗਿਆ ਤਾਂ ਕੰਗ ਨੇ ਸਪੱਸ਼ਟ ਕੀਤਾ, ‘ਮੈਂ ਪੰਜਾਬ ਪੱਖੀ ਹਾਂ ਅਤੇ ਹਮੇਸ਼ਾ ਉਸ ਸਿਆਸਤ ਦਾ ਹਿੱਸਾ ਰਹਾਂਗਾ, ਜੋ ਮੇਰੇ ਸੂਬੇ ਅਤੇ ਲੋਕਾਂ ਦੇ ਹਿੱਤ ਵਿੱਚ ਹੋਵੇ। ਮੈਨੂੰ ਕਿਸੇ ਚੀਜ਼ ਦਾ ਲਾਲਚ ਨਹੀਂ।’ ਉਨ੍ਹਾ ਕਿਹਾ ਕਿ ਪਾਰਟੀ ਛੱਡਣ ਵਾਲੇ ਆਗੂਆਂ ਦਾ ਪੰਜਾਬ ਦੀਆਂ ਚੋਣਾਂ ‘ਤੇ ਕੋਈ ਖ਼ਾਸ ਅਸਰ ਨਹੀਂ ਪਵੇਗਾ, ਕਿਉਂਕਿ ਉਨ੍ਹਾਂ ਦੀ ਆਪਣੀ ਕੋਈ ਜਨਤਕ ਪੈਂਠ ਨਹੀਂ।