ਲੋਕ ਵਿਰੋਧੀ ਨੀਤੀਆਂ ਖਿਲਾਫ 5 ਮਈ ਤੋਂ 5 ਜੂਨ ਤੱਕ ਕਨਵੈਨਸ਼ਨਾਂ, ਰੈਲੀਆਂ ਤੇ ਮੁਜ਼ਾਹਰੇ

0
5

ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਸੀ ਪੀ ਆਈ ਦੀ ਸੂਬਾ ਸਕੱਤਰੇਤ ਦੀ ਮੀਟਿੰਗ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਪੰਜਾਬ ਦੇ ਸਾਰੇ ਵਰਗਾਂ ਦੇ ਵੱਖ-ਵੱਖ ਮੁੱਦੇ, ਕੌਮੀ ਅਤੇ ਕੌਮਾਂਤਰੀ ਹਾਲਾਤ, ਪੰਜਾਬ ਵਿਚ ਫਰਵਰੀ 2027 ਵਿਚ ਵਿਧਾਨ ਸਭਾ ਚੋਣਾਂ ਦੀਆਂ ਸ਼ੁਰੂ ਹੋ ਚੁੱਕੀਆਂ ਸਰਗਰਮੀਆਂ, ਲੈਨਿਨ ਅਤੇ ਕਾਰਲ ਮਾਰਕਸ ਦੇ ਜਨਮ ਦਿਨਾਂ ਨੂੰ ਸਮਰਪਿਤ ਸਿਧਾਂਤਕ ਪੰਦਰਵਾੜਾ ਮਨਾਉਣਾ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ 5 ਮਈ ਤੋਂ 5 ਜੂਨ ਤੱਕ ਪੰਜਾਬ ਦੇ ਮੁੱਖ ਲੋਕ ਮੁੱਦਿਆਂ ਨੂੰ ਲੈ ਕੇ ਕਨਵੈਨਸ਼ਨਾਂ, ਰੈਲੀਆਂ, ਮੁਜ਼ਾਹਰੇ ਆਦਿ ਦੇ ਰੂਪ ਵਿਚ ਮੁਹਿੰਮ ਚਲਾਉਣਾ, ਨਵੀਨੀਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਆਦਿ ਦੇ ਸੰਬੰਧ ਵਿਚ ਵਿਸਥਾਰ ਵਿਚ ਚਰਚਾ ਕਰਕੇ ਫੈਸਲੇ ਲਏ ਗਏ।
ਸਕੱਤਰੇਤ ਦੀ ਮੀਟਿੰਗ ਵਿਚ ਉਪਰੋਕਤ ਵਰਨਣ ਕੀਤੇ ਏਜੰਡਿਆਂ ‘ਤੇ ਗੰਭੀਰ ਚਰਚਾ ਅਤੇ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੀ ਪੀ ਆਈ ਪੰਜਾਬ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਕੱਤਰੇਤ ਵਿਚ ਵਿਚਾਰ-ਚਰਚਾ ਲਈ ਰੱਖੇ ਮੁੱਦਿਆਂ ਦੀ ਸੰਖੇਪ ਵਿਚ ਵਿਆਖਿਆ ਕੀਤੇ ਜਾਣ ਉਪਰੰਤ ਸਕੱਤਰੇਤ ਮੈਂਬਰਾਂ ਬੰਤ ਬਰਾੜ, ਹਰਦੇਵ ਅਰਸ਼ੀ, ਨਰਿੰਦਰ ਕੌਰ ਸੋਹਲ, ਅਮਰਜੀਤ ਆਸਲ, ਪ੍ਰਿਥੀਪਾਲ ਮਾੜੀਮੇਘਾ ਅਤੇ ਦੇਵੀ ਕੁਮਾਰੀ ਨੇ ਬਹੁਤ ਹੀ ਸੰਜੀਦਗੀ ਨਾਲ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਪੰਜਾਬ ਦੇ ਲੋਕ ਮਸਲਿਆਂ ਨੂੰ ਨਜ਼ਰਅੰਦਾਜ਼ ਕਰਨ ਅਤੇ ਉਲਝਾਉਣ ਦੀ ਤੱਥਾਂ ਸਹਿਤ ਚਰਚਾ ਕੀਤੀ ਅਤੇ ਪਾਰਟੀ ਵੱਲੋਂ ਜਨਤਕ ਮੁਹਿੰਮ ਸ਼ੁਰੂ ਕਰਨ ਲਈ ਮੁਲਵਾਨ ਸੁਝਾਅ ਪੇਸ਼ ਕੀਤੇ। ਸੁਝਾਵਾਂ ਵਿਚ ਉਭਰ ਕੇ ਆਏ ਮੁੱਦਿਆਂ, ਜਿਵੇਂ ਕਿ ਪੰਜਾਬ ਦੇ ਪਾਣੀਆਂ ਦਾ ਗੁਆਂਢੀ ਰਾਜਾਂ ਨਾਲ ਵੰਡ ਦਾ ਝਗੜਾ ਅਤੇ ਧਰਤੀ ਥੱਲੇ ਖਤਮ ਹੁੰਦਾ ਜਾ ਰਿਹਾ ਪਾਣੀ, ਬੀ ਬੀ ਐੱਮ ਬੀ ਵਿਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਸੰਬੰਧੀ, ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ, ਵਿੱਦਿਆ ਅਤੇ ਸਿਹਤ ਸੇਵਾਵਾਂ ਦਾ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣਾ, ਗੈਂਗਸਟਰਾਂ ਅਤੇ ਫਿਰੌਤੀਆਂ ਦੀਆਂ ਘਟਨਾਵਾਂ ਵਿਚ ਅਥਾਹ ਵਾਧਾ ਹੋਣਾ, ਬੇਰੁਜ਼ਗਾਰੀ ਦੀ ਸਮੱਸਿਆ, ਮਜ਼ਦੂਰਾਂ ਦੇ ਕਿਰਤ ਕਾਨੂੰਨ ਖਤਮ ਕੀਤੇ ਜਾਣਾ, ਮੁਕਤ ਵਪਾਰ ਸਮਝੌਤੇ ਦੇ ਪੈਣ ਵਾਲੇ ਵਿਪਰੀਤ ਪ੍ਰਭਾਵ, ਪੰਜਾਬ ਦੇ ਕਿਸਾਨਾਂ ਅਤੇ ਗਰੀਬਾਂ ਦੇ ਕਰਜ਼ੇ ਮੁਆਫ ਕਰਨਾ, ਫਿਰਕੂ ਨਫਰਤ, ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਵਿਰੁੱਧ ਛੇੜੀ ਜੰਗ ਅਤੇ ਇਸ ਦੇ ਪ੍ਰਭਾਵ ਅਤੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਆਦਿ ਮਸਲਿਆਂ ਨੂੰ ਲੈ ਕੇ 5 ਮਈ ਤੋਂ 5 ਜੂਨ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ, ਤਹਿਸੀਲਾਂ ਵਿਚ ਕਨਵੈਨਸ਼ਨਾਂ, ਰੈਲੀਆਂ ਅਤੇ ਮੁਜ਼ਾਹਰੇ ਕੀਤੇ ਜਾਣਗੇ। ਅੱਗੇ ਵੀ ਇਸ ਮੁਹਿੰਮ ਨੂੰ ਚੁਣਾਵੀ ਸਰਗਰਮੀ ਵਜੋਂ ਜਾਰੀ ਰੱਖਿਆ ਜਾਵੇਗਾ।