ਪਟਨਾ : ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਤਿੰਨ ਦਿਨ ਤੋਂ ਪਟਨਾ ‘ਚ ਹਨ | ਉਨ੍ਹਾ ਦਾ ਹਰ ਕਦਮ ਇੱਕ ਮੈਸੇਜ ਦੇ ਰੂਪ ‘ਚ ਲਿਆ ਜਾ ਰਿਹਾ ਹੈ | ਚਾਹੇ ਉਹ ਆਰ ਜੇ ਡੀ ਦਫ਼ਤਰ ‘ਚ ਆਪਣੇ ਸਮਰਥਕਾਂ ਨੂੰ ਮਿਲਣ ਦਾ ਜੋਸ਼ ਹੋਵੇ ਜਾਂ ਫਿਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਕੇ ਜਾਣ ਦਾ ਹੋਵੇ | ਪਹਿਲਾ ਮੈਸੇਜ ਉਨ੍ਹਾਂ ਵਿਰੋਧੀਆਂ ਲਈ ਸੀ, ਜੋ ਉਨ੍ਹਾ ਦੀ ਸਿਹਤ ‘ਤੇ ਸਵਾਲ ਖੜੇ ਕਰ ਰਹੇ ਸਨ | ਦੂਜਾ ਮੈਸੇਜ ਪਾਰਟੀ ਦੇ ਅੰਦਰ ਦੇ ਲੋਕਾਂ ਨੂੰ, ਜੋ ਤੇਜਸਵੀ ਨੂੰ ਪਾਰਟੀ ਦੀ ਪੂਰੀ ਕਮਾਂਡ ਦੇਣ ਦੀ ਮੰਗ ਕਰ ਰਹੇ ਹਨ | 73 ਸਾਲ ਦੇ ਹੋ ਰਹੇ ਲਾਲੂ ਯਾਦਵ ਦੇ ਸਾਹਮਣੇ ਚੁਣੌਤੀਆਂ ਘੱਟ ਨਹੀਂ ਹਨ | ਇੱਕ ਪਾਸੇ ਸੀ ਬੀ ਆਈ ਅਤੇ ਕੋਰਟ ਦਾ ਚੱਕਰ ਤੇ ਦੂਜੇ ਪਾਸੇ ਪਾਰਟੀ ਅਤੇ ਘਰ | ਉਨ੍ਹਾ ਦੇ ਪਟਨਾ ਆਉਣ ਤੋਂ ਪਹਿਲਾਂ ਰਾਜਦ ਦੇ ਸੀਨੀਅਰ ਨੇਤਾ ਸ਼ਿਵਾਨੰਦ ਤਿਵਾੜੀ ਨੇ ਲਾਲੂ ਪ੍ਰਸਾਦ ਤੋਂ ਜਨਤਕ ਮੰਗ ਕੀਤੀ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਤੇਜਸਵੀ ਨੂੰ ਰਾਜਦ ਦੀ ਪੂਰੀ ਵਾਗਡੋਰ ਸੌਂਪ ਦੇਣ | ਨਾਲ ਹੀ ਇਹ ਮੰਗ ਕੀਤੀ ਕਿ ਰਾਜ ਸਭਾ ਅਤੇ ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਦਾ ਅਧਿਕਾਰ ਵੀ ਤੇਜਸਵੀ ਨੂੰ ਦੇ ਦੇਣ, ਪਰ ਜਦ ਲਾਲੂ ਪਟਨਾ ਪਹੁੰਚੇ ਤਾਂ ਦੋਵਾਂ ਹੀ ਗੱਲਾਂ ‘ਤੇ ਖਾਮੋਸ਼ ਰਹੇ |
ਉਨ੍ਹਾ ਖੁਦ ਹੀ ਰਾਜ ਸਭਾ ਲਈ ਨਾਂਅ ਫਾਈਨਲ ਕੀਤਾ | ਸ਼ੁੱਕਰਵਾਰ ਨੂੰ ਖੁਦ ਮੀਸਾ ਭਾਰਤੀ ਅਤੇ ਫੈਯਾਜ ਅਹਿਮਦ ਦੇ ਨਾਲ ਵਿਧਾਨ ਸਭਾ ਪਹੁੰਚੇ | ਲਾਲੂ ਪ੍ਰਸਾਦ ਕਿਸੇ ਦੇ ਸਹਾਰੇ ਤੋਂ ਬਿਨਾ ਕਾਰ ‘ਚੋਂ ਨਿਕਲੇ ਅਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦੇ ਹੋਏ ਸਕੱਤਰੇਤ ਦੇ ਦਫ਼ਤਰ ਤੱਕ ਗਏ |
ਨਾਮਜ਼ਦਗੀ ਭਰਨ ਤੋਂ ਬਾਅਦ ਲਾਲੂ ਉਸੇ ਤਰ੍ਹਾਂ ਪੌੜੀਆਂ ਉਤਰਦੇ ਹੋਏ ਕਾਰ ‘ਚ ਸਵਾਰ ਹੋਏ | ਲਾਲੂ ਨੇ ਲੋਕਾਂ ਨੂੰ ਮੈਸੇਜ ਦਿੱਤਾ ਕਿ ਉਹ ਹਾਲੇ ਵੀ ਠੀਕ ਹਨ, ਚੱਲ-ਫਿਰ ਸਕਦੇ ਹਨ |