ਜ਼ਮਾਨਤ ‘ਤੇ ਆਏ ਨੌਜਵਾਨ ਵੱਲੋਂ ਖ਼ੁਦਕੁਸ਼ੀ

0
11

ਗੁਰੂਸਰ ਸੁਧਾਰ : ਥਾਣਾ ਸੁਧਾਰ ਦੇ ਅਧੀਨ ਪੈਂਦੇ ਪਿੰਡ ਅਕਾਲਗੜ੍ਹ ਕਲਾਂ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ 35 ਸਾਲਾ ਨੌਜਵਾਨ ਅਮਰਜੀਤ ਸਿੰਘ ਉਰਫ਼ ਦੀਪੂ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਪੰਚ ਅਮਰਜੀਤ ਸਿੰਘ ਤੇ ਰਾਮਗੜ੍ਹ ਸਿਵੀਆਂ ਵਾਸੀ ਜਗਪਾਲ ਸਿੰਘ ਸਮੇਤ ਅਮਰਜੀਤ ਸਿੰਘ ਉਰਫ਼ ਦੀਪੂ ਨੂੰ ਸੁਧਾਰ ਪੁਲਸ ਨੇ ਜਬਰੀ ਵਸੂਲੀ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਹਾਈ ਕੋਰਟ ਦੇ ਆਦੇਸ਼ ‘ਤੇ ਜ਼ਮਾਨਤ ਉਪਰ ਰਿਹਾਅ ਕੀਤਾ ਗਿਆ ਸੀ।
ਧੁੱਪ ‘ਚ ਖੜ੍ਹਾ ਕਰਨ ਨੂੰ ਬੇਇੱਜ਼ਤੀ ਸਮਝ ਕੇ ਖਾਧਾ ਜ਼ਹਿਰ
ਗੁਰਦਾਸਪੁਰ : ਬਲਾਕ ਕਾਹਨੂੰਵਾਨ ਦੇ ਪਿੰਡ ਝੰਡਾ ਲੁਬਾਣਾ ਦੇ ਇਕ ਵਿਦਿਆਰਥੀ ਨੇ ਕਸਬਾ ਦਸੂਹਾ ਦੇ ਇੱਕ ਨਾਮੀ ਨਿੱਜੀ ਸਕੂਲ ਵਿੱਚ ਜੀਵਨ ਲੀਲ੍ਹਾ ਖ਼ਤਮ ਕਰ ਲਈ। 15 ਵਰਿਆਂ ਦਾ ਨਵਜੋਤ ਸਿੰਘ ਨੇੜਲੇ ਸ਼ਹਿਰ ਦਸੂਹਾ ਦੇ ਇਕ ਨਾਮੀ ਨਿੱਜੀ ਸਕੂਲ ਵਿਚ ਪੜ੍ਹਦਾ ਸੀ। ਬੀਤੀ 27 ਅਪ੍ਰੈਲ ਨੂੰ ਉਸ ਨੂੰ ਸਕੂਲ ਪ੍ਰਸ਼ਾਸ਼ਨ ਵੱਲੋਂ ਕੋਈ ਮਾਮੂਲੀ ਗ਼ਲਤੀ ਕਰਕੇ ਦੋ ਪੀਰੀਅਡ ਧੁੱਪ ਵਿੱਚ ਖੜਾ ਰਹਿਣ ਦੀ ਸਜ਼ਾ ਦਿੱਤੀ ਗਈ, ਜਿਸ ਨੂੰ ਆਪਣੀ ਬੇਇੱਜ਼ਤੀ ਸਮਝ ਕੇ ਨਵਜੋਤ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਸ਼ਨੀਵਾਰ ਮੌਤ ਹੋ ਗਈ। ਪਰਵਾਰ ਵੱਲੋਂ ਸਿਹਰਾ ਨਾਲ ਸਜਾ ਕੇ ਨਵਜੋਤ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ। ਸਕੂਲ ਪ੍ਰਬੰਧਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ
ਜੰਮੂ : ਜੰਮੂ ਦੇ ਬਾਹਰੀ ਇਲਾਕੇ ਬੰਤਾਲਾਬ ਨੇੜੇ ਇੱਕ ਪੁਰਾਣੇ ਪੁਲ ਦਾ ਹਿੱਸਾ ਡਿੱਗਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਲਗਭਗ 12 ਘੰਟੇ ਚੱਲੇ ਬਚਾਅ ਕਾਰਜ ਤੋਂ ਬਾਅਦ ਰਾਹਤ ਟੀਮਾਂ ਨੇ ਮਲਬੇ ਵਿੱਚੋਂ ਤਿੰਨ ਲਾਸ਼ਾਂ ਅਤੇ ਦੋ ਜ਼ਖਮੀਆਂ ਨੂੰ ਬਾਹਰ ਕੱਢਿਆ। ਸਰਕਾਰ ਨੇ ਇਸ ਲਾਪ੍ਰਵਾਹੀ ਲਈ ਦੋ ਇੰਜੀਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਘਟਨਾ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ ਹੈ।