ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਪ੍ਰੈਲ 2026 ਲਈ ਟੈਕਸ ਮਾਲੀਏ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਕਾਇਮ ਕੀਤਾ ਹੈ ਅਤੇ ਸੂਬੇ ਨੇ ਜੀ ਐੱਸ ਟੀ ਦੇ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਦਾ ਆਪਣਾ ਸਭ ਤੋਂ ਵੱਧ ਮਹੀਨਾਵਾਰ ਵਸਤੂਆਂ ਅਤੇ ਸੇਵਾ ਕਰ (ਜੀ ਐੱਸ ਟੀ) ਹਾਸਲ ਕੀਤਾ ਹੈ ਅਤੇ ਇਸ ਦੇ ਨਾਲ ਹੀ ਕੁੱਲ ਜੀ ਐੱਸ ਟੀ ਮਾਲੀਆ ਵਿਕਾਸ ਦਰ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਬੇਮਿਸਾਲ ਪ੍ਰਾਪਤੀ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਨੇ ਕਿਹਾ ਕਿ ਸੂਬੇ ਨੇ 2725.08 ਕਰੋੜ ਦੇ ਸ਼ੁੱਧ ਜੀ ਅੱੈਸ ਟੀ ਦੇ ਨਾਲ 2987.38 ਕਰੋੜ ਦਾ ਕੁੱਲ ਜੀ ਐੱਸ ਟੀ ਦਰਜ ਕੀਤਾ ਹੈ। ਇਹ ਸ਼ਾਨਦਾਰ ਪ੍ਰਦਰਸ਼ਨ ਸਾਲ-ਦਰ-ਸਾਲ ਦੇ ਆਧਾਰ ‘ਤੇ ਸ਼ੁੱਧ ਜੀ ਐੱਸ ਟੀ ਵਿੱਚ 70.70 ਫੀਸਦੀ ਦੇ ਜ਼ਬਰਦਸਤ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ ਅਪ੍ਰੈਲ 2025 ਦੀ ਸਾਡੀ ਪ੍ਰਾਪਤੀ ਦੇ ਮੁਕਾਬਲੇ ਲਗਭਗ 1,129 ਕਰੋੜ ਰੁਪਏ ਦੇ ਪ੍ਰਭਾਵਸ਼ਾਲੀ ਵਾਧੇ ਵਿੱਚ ਤਬਦੀਲ ਹੋਇਆ।ਕੌਮੀ ਪੱਧਰ ‘ਤੇ ਪੰਜਾਬ ਦੀ ਸਥਿਤੀ ਬਾਰੇ ਵਿਸਥਾਰ ਦਿੰਦੇ ਹੋਏ ਚੀਮਾ ਨੇ ਕਿਹਾ ਕਿ ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਪੰਜਾਬ ਨੇ ਪੋਸਟ-ਸੈਟਲਮੈਂਟ ਜੀ ਐੱਸ ਟੀ ਵਿੱਚ 66 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ, ਜੋ ਪਿਛਲੇ ਸਾਲ ਦੇ 1,795 ਕਰੋੜ ਰੁਪਏ ਤੋਂ ਵਧ ਕੇ 2,987 ਕਰੋੜ ਰੁਪਏ ਹੋ ਗਿਆ ਹੈ। ਇਹ ਸਾਨੂੰ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਸੂਬੇ ਵਜੋਂ ਸਥਾਪਤ ਕਰਦਾ ਹੈ, ਜੋ ਸਰਬ-ਭਾਰਤੀ ਵਿਕਾਸ ਔਸਤ ਨੂੰ ਕਾਫ਼ੀ ਪਿੱਛੇ ਛੱਡਦਾ ਹੈ ਅਤੇ ਸਾਰੇ ਉਤਰੀ ਭਾਰਤੀ ਸੂਬਿਆਂ ਵਿੱਚ ਮੋਹਰੀ ਹੈ। ਇਸ ਵਿੱਤੀ ਮੀਲ ਪੱਥਰ ਦਾ ਸਿਹਰਾ ਸਖ਼ਤ ਪ੍ਰਸ਼ਾਸਨਿਕ ਉਪਾਵਾਂ ਨੂੰ ਦਿੰਦਿਆਂ ਮੰਤਰੀ ਨੇ ਕਿਹਾ ਕਿ ਸਾਡੇ ਮਜ਼ਬੂਤ ਜੀ ਐੱਸ ਟੀ ਵਾਧੇ ਦਾ ਸਿਹਰਾ ਪੂਰੇ ਪੰਜਾਬ ਵਿੱਚ ਤੇਜ਼ ਕੀਤੀਆਂ ਗਈਆਂ ਇਨਫੋਰਸਮੈਂਟ ਗਤੀਵਿਧੀਆਂ ਨੂੰ ਜਾਂਦਾ ਹੈ। ਉਨ੍ਹਾ ਕਿਹਾ ਕਿ ਅਸੀਂ ਸਾਰੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਟੈਕਸਦਾਤਾਵਾਂ ਲਈ ਨਿਰਪੱਖ, ਪਾਰਦਰਸ਼ੀ ਅਤੇ ਸਹਾਇਕ ਟੈਕਸ ਪ੍ਰਣਾਲੀ ਨੂੰ ਯਕੀਨੀ ਬਣਾਉਂਦੇ ਹੋਏ ਟੈਕਸ ਚੋਰੀ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।





