12ਵੀਂ ਦੇ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ

0
9

ਅੰਮ੍ਰਿਤਸਰ : ਜ਼ਿਲ੍ਹੇ ਦੇ ਮਹਿਤਾ ਪੁਲਸ ਥਾਣੇ ਅਧੀਨ ਪੈਂਦੀ ਮਹਿਤਾ ਚੌਕ-ਮਹਿਸਮਪੁਰ ਸੜਕ ‘ਤੇ ਬੀਤੀ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦਿਲ ਕੰਬਾਊ ਘਟਨਾ ਨੇ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਪੀੜਤ ਪਰਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮ੍ਰਿਤਕ ਦੀ ਪਛਾਣ ਅਮਰਜੋਤ ਸਿੰਘ ਵਜੋਂ ਹੋਈ ਹੈ, ਜੋ ਸੁਖਰਾਜ ਸਿੰਘ ਦਾ ਇਕਲੌਤਾ ਪੁੱਤਰ ਸੀ। ਪੁਲਸ ਨੂੰ ਸ਼ੁਰੂਆਤੀ ਤੌਰ ‘ਤੇ ਸੜਕ ਹਾਦਸਾ ਹੋਣ ਦੀ ਇਤਲਾਹ ਮਿਲੀ ਸੀ, ਪਰ ਜਦੋਂ ਪੁਲਸ ਟੀਮ ਮੌਕੇ ‘ਤੇ ਪਹੁੰਚੀ ਤਾਂ ਹਕੀਕਤ ਕੁਝ ਹੋਰ ਹੀ ਨਿਕਲੀ। ਲਾਸ਼ ਦੀ ਜਾਂਚ ਕਰਨ ‘ਤੇ ਉਸ ਉਤੇ ਗੋਲੀਆਂ ਦੇ ਨਿਸ਼ਾਨ ਮਿਲੇ, ਜਿਸ ਤੋਂ ਸਾਫ਼ ਹੋ ਗਿਆ ਕਿ ਇਹ ਕੋਈ ਹਾਦਸਾ ਨਹੀਂ, ਬਲ ਕਿ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਸੀ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਨੇਰੇ ਦਾ ਫਾਇਦਾ ਉਠਾ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ ਅੱੈਸ ਪੀ ਅੰਮ੍ਰਿਤਸਰ ਦਿਹਾਤੀ ਸੋਹੇਲ ਕਾਸਿਮ ਮੀਰ ਨੇ ਖੁਦ ਮੌਕੇ ਦਾ ਦੌਰਾ ਕੀਤਾ। ਪੁਲਸ ਅਨੁਸਾਰ ਅਮਰਜੋਤ ਦੇ ਸਰੀਰ ‘ਤੇ ਦੋ ਗੋਲੀਆਂ ਦੇ ਨਿਸ਼ਾਨ ਪਾਏ ਗਏ ਹਨ। ਐੱਸ ਐੱਸ ਪੀ ਨੇ ਦੱਸਿਆ ਕਿ ਕਤਲ ਦੇ ਪਿੱਛੇ ਦੇ ਅਸਲ ਕਾਰਨ ਅਜੇ ਸਪੱਸ਼ਟ ਨਹੀਂ ਹਨ। ਪੁਲਸ ਹਰ ਪਹਿਲੂ, ਚਾਹੇ ਉਹ ਪੁਰਾਣੀ ਰੰਜਿਸ਼ ਹੋਵੇ ਜਾਂ ਕੋਈ ਹੋਰ ਕਾਰਨ, ਬਾਰੀਕੀ ਨਾਲ ਜਾਂਚ ਕਰ ਰਹੀ ਹੈ।