ਨਰੇਗਾ ਕਾਮਿਆਂ ਨੂੰ ਕੰਮ ਤੇ ਬੇਰੁਜ਼ਗਾਰੀ ਭੱਤੇ ਲਈ ਮਜ਼ਬੂਤ ਸੰਘਰਸ਼ ਕਰਨਾ ਹੋਵੇਗਾ : ਜਗਰੂਪ, ਗਦਾਈਆ

0
9

ਨਾਭਾ (ਵਰਿੰਦਰ ਵਰਮਾ)-ਪੰਜਾਬ ਵਿੱਚ ਵਿੱਚ ਨਰੇਗਾ ਕਾਮਿਆਂ ਨੂੰ ਕੰਮ ਤੇ ਬੇਰੁਜ਼ਗਾਰੀ ਭੱਤੇ ਲਈ ਮਜ਼ਬੂਤ ਸੰਘਰਸ਼ ਕਰਨਾ ਪਵੇਗਾ, ਫ਼ੇਰ ਹੀ ਸਾਨੂੰ ਨਰੇਗਾ ਹੱਕ ਮਿਲ ਸਕਦਾ ਹੈ, ਜੇਕਰ ਬੋਲਾਂਗੇ ਨਹੀਂ, ਲੜਾਂਗੇ ਨਹੀਂ, ਆਪਣੀ ਜੱਥੇਬੰਦੀ ਨੂੰ ਮਜ਼ਬੂਤ ਨਹੀਂ ਕਰਾਂਗੇ, ਫ਼ਿਰ ਸਰਕਾਰਾਂ ਸਾਨੂੰ ਸਾਡਾ ਹੱਕ ਨਹੀਂ ਦੇਣਗੀਆਂ, ਕੇਂਦਰ ਦੀ ਮੋਦੀ ਹਕੂਮਤ ਨਰੇਗਾ ਨੂੰ ਪਸੰਦ ਨਹੀਂ ਕਰਦੀ, ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ, ਇਹ ਸਿਰਫ ਪੂੰਜੀਪਤੀਆਂ ਲਈ ਹੀ ਸੋਚਦੀ ਹੈ ਅਤੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਨੀਤੀਆਂ ਹੀ ਬਣਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਵੱਲੋਂ ਨਾਭਾ ਤਹਿਸੀਲ ਦੇ ਪਿੰਡ ਗਦਾਈਆ ਵਿਖੇ ਆਯੋਜਿਤ ਪ੍ਰਭਾਵਸ਼ਾਲੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਨਰੇਗਾ ਕਾਮਿਆਂ ਦੇ ਸੂਬਾ ਸਲਾਹਕਾਰ ਕਾਮਰੇਡ ਜਗਰੂਪ ਵੱਲੋਂ ਕੀਤਾ। ਉਹਨਾ ਕਿਹਾ ਕਿ 2005 ਵਿੱਚ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ ਪੀ ਏ ਤੇ ਕਮਿਊਨਿਸਟਾਂ ਦੀ ਭਾਈਵਾਲੀ ਸਰਕਾਰ ਨੇ ਬਣਾਇਆ, ਕਿਉਂਕਿ ਪਿੰਡਾਂ ਵਿੱਚ ਕੰਮ ਘਟ ਗਿਆ ਸੀ, ਖੇਤੀਬਾੜੀ ‘ਚ ਮਸ਼ੀਨ ਆਉਣ ਨਾਲ਼ ਪੇਂਡੂ ਕਾਮੇ ਕੰਮ ਤੋਂ ਵੇਹਲੇ ਹੋ ਗਏ ਸਨ, ਇਹਨਾਂ ਕਾਮਿਆਂ ਲਈ ਜੀਵਨ ਨਿਰਬਾਹ ਕਰਨਾ ਬਹੁਤ ਔਖਾ ਹੋ ਗਿਆ ਸੀ, ਇਸ ਲਈ 100 ਦਿਨ ਕੰਮ ਦੀ ਗਾਰੰਟੀ ਵਾਲਾ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਬਣਾਇਆ ਗਿਆ, ਜਿਸ ਦੀ ਮੂਲ ਭਾਵਨਾ ਪੇਂਡੂ ਖੇਤਰਾਂ ਦੇ ਕਾਮਿਆਂ ਨੂੰ ਆਰਥਿਕ ਲਾਭ ਪਹੁੰਚਾਉਣਾ ਸੀ, ਪਰ ਇਹਨਾਂ ਬਦਲ-ਬਦਲ ਕਿ ਆ ਰਹੀਆਂ ਸਰਕਾਰਾਂ ਨੇ ਪੇਂਡੂ ਕਾਮਿਆਂ ਲਈ ਬਣੇ ਇਸ ਐਕਟ ਨੂੰ ਪਾਰਦਰਸ਼ੀ ਤਰੀਕੇ ਨਾਲ ਲਾਗੂ ਨਹੀਂ ਕੀਤਾ। ਉਨ੍ਹਾ ਕਿਹਾ ਕਿ ਕਿਰਤੀਆਂ ਨੂੰ ਲਾਰੇ ਹੀ ਲਾਏ, ਇਸ ਐਕਟ ਬਣਿਆ 21 ਸਾਲ ਹੋ ਗਏ ਹਨ, ਕਾਮਿਆਂ ਨੇ ਕੰਮ ਮੰਗਣਾ ਸੀ, 15 ਦਿਨਾਂ ਦੇ ਅੰਦਰ-ਅੰਦਰ ਕੰਮ ਦੇਣਾ ਲਾਜ਼ਮੀ ਸੀ, ਕੰਮ ਨਾ ਦੇਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦੇਣਾ ਲਾਜ਼ਮੀ ਸੀ, ਪਰ ਸਰਕਾਰ ਨੇ 21 ਸਾਲ ਪੰਜਾਬ ਕਾਮਿਆਂ ਨੂੰ ਕੰਮ ਨਹੀਂ ਦਿੱਤਾ ਤੇ ਨਾ ਹੀ ਬੇਰੁਜ਼ਗਾਰੀ ਭੱਤਾ ਦਿੱਤਾ, ਇਹਨਾਂ ਕਿਰਤੀਆਂ ਨਾਲ਼ ਘੋਰ ਬੇਇਨਸਾਫ਼ੀ ਹੈ, ਇਸ ਬੇਇਨਸਾਫ਼ੀ ਖਿਲਾਫ ਡਟ ਕੇ ਸੰਘਰਸ਼ ਕਰਨਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਨੇ ਨਰੇਗਾ ਨੂੰ ਬਦਲ ਕੇ ਭਾਵੇਂ ਐਕਟ ਬਣਾਇਆ, ਜਿਸ ਦਾ ਨਾਂਅ ਵੀ ਬੀ ਜੀ ਗ੍ਰਾਮ ਜੀ ਰੱਖ ਦਿੱਤਾ, ਜੋ ਹਾਲੇ ਲਾਗੂ ਨਹੀਂ ਹੋਇਆ, ਕੰਮ ਪ੍ਰਾਪਤੀ ਲਈ ਹੋਰ ਤਿੱਖੇ ਰੂਪ ਲੜਨਾ ਪਵੇਗਾ, ਕਿਉਂਕਿ ਪਹਿਲੇ ਕਾਨੂੰਨ ਨਰੇਗਾ ਵਿੱਚ ਕੇਂਦਰ ਸਰਕਾਰ 90% ਪੈਸੇ ਪਾਉਂਦੀ ਸੀ ,10 % ਸੂਬਾ ਸਰਕਾਰਾਂ, ਪਰ ਹੁਣ 60% ਕੇਂਦਰ ਸਰਕਾਰ 40 % ਸੂਬਾ ਸਰਕਾਰ ਪਾਵੇਗੀ। ਇਸ ਨਾਲ਼ ਕੰਮ ਮਿਲ਼ਣ ਦੀਆਂ ਸੰਭਾਵਨਾਵਾਂ ਘਟਣਗੀਆਂ, 60 ਦਿਨ ਕੰਮ ਮੰਗਣ ਦੀ ਮਨਾਹੀ ਹੋਵੇਗੀ, ਖੇਤੀਬਾੜੀ ਸੀਜ਼ਨ ਸਮੇਂ ਪੇਂਡੂ ਕਾਮੇ ਕੰਮ ਨਹੀਂ ਮੰਗ ਸਕਣਗੇ, ਇਸ ਲਈ ਸਾਡੇ ਕੰਮ ਪ੍ਰਾਪਤੀ ਦਾ ਕੰਮ ਔਖਾ ਹੋ ਗਿਆ ਹੈ।ਸੰਬੋਧਨ ਕਰਨ ਵਾਲਿਆ ਵਿੱਚ ਪੰਜਾਬ ਇਸਤਰੀ ਸਭਾ ਦੀ ਆਗੂ ਬਲਜੀਤ ਕੌਰ ਗਦਾਈਆ, ਸੁਰਜੀਤ ਸਿੰਘ ਗੁਰਦਿੱਤਪੁਰਾ, ਰਾਜਿੰਦਰ ਸਿੰਘ ਸਰਪੰਚ ਗੁਰਦਿੱਤਪੁਰਾ, ਰੋਸ਼ਨ ਸਿੰਘ ਫੌਜੀ ਕਿਸ਼ਨਗੜ੍ਹ, ਦੇਵ ਸਿੰਘ ਘਣੀਵਾਲ, ਪ੍ਰਕਾਸ਼ ਕੌਰ ਘਣੀਵਾਲ, ਜਗਜੀਤ ਸਿੰਘ ਗਦਾਈਆ, ਅਮਰਜੀਤ ਸਿੰਘ ਗਦਾਈਆ, ਭਿੰਦਰ ਸਿੰਘ ਗਦਾਈਆ, ਰਾਜਿੰਦਰ ਸਿੰਘ ਕਕਰਾਲਾ, ਅਮਨਦੀਪ ਕੌਰ ਕਕਰਾਲਾ, ਜਸ ਧਨੌਰੀ, ਮੱਘਰ ਸਿੰਘ ਭੀਲੋਵਾਲ, ਨੌਜਵਾਨਾਂ ਦੀ ਸਾਬਕਾ ਆਗੂ ਦਲਜੀਤ ਕੌਰ ਤੇ ਜਸਬੰਤ ਕੌਰ ਸਰਪੰਚ ਗਦਾਈਆ ਆਦਿ ਆਗੂ ਸਨ।