ਏ ਜੀ ਨੂੰ ਧਮਕੀਆਂ

0
9

ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ (ਏ ਜੀ) ਮਨਿੰਦਰਜੀਤ ਸਿੰਘ ਬੇਦੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਹ ਧਮਕੀਆਂ ਸੂਬਾ ਸਰਕਾਰ ਵੱਲੋਂ ਗੈਂਗਸਟਰ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਵਾਲੀ ਸਮੱਗਰੀ ਖਿਲਾਫ ਕੀਤੀ ਗਈ ਸਖਤੀ ਤੋਂ ਬਾਅਦ ਆਈਆਂ ਹਨ, ਜਿਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਉੱਤੇ ਕਥਿਤ ਤੌਰ ‘ਤੇ ਅਧਾਰਤ ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ਦੇ ਟ੍ਰੇਲਰ ਨੂੰ ਬਲਾਕ ਕਰਨਾ ਵੀ ਸ਼ਾਮਲ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਐਡਵੋਕੇਟ ਜਨਰਲ ਬੇਦੀ ਨੂੰ ਦੋ ਵਾਰ ਧਮਕੀ ਭਰੇ ਸੰਦੇਸ਼ ਮਿਲੇ ਹਨ, ਜਿਨ੍ਹਾਂ ਵਿੱਚੋਂ ਇੱਕ ਕੁਝ ਸਮਾਂ ਪਹਿਲਾਂ ਅਤੇ ਦੂਜਾ ਹਾਲ ਹੀ ਵਿੱਚ ਪ੍ਰਾਪਤ ਹੋਇਆ ਹੈ।
ਰਾਣਾ ਕਾਂਡ ਦਾ ਮੁੱਖ ਸ਼ੂਟਰ ਗ੍ਰਿਫਤਾਰ
ਚੰਡੀਗੜ੍ਹ : ਮੁਹਾਲੀ ਦੇ ਸੋਹਾਣਾ ਵਿੱਚ ਕਬੱਡੀ ਮੈਚ ਦੌਰਾਨ ਕਤਲ ਕੀਤੇ ਗਏ ਕਬੱਡੀ ਖੇਡ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਮਾਮਲੇ ‘ਚ ਮੁੱਖ ਸ਼ੂਟਰ ਆਦਿਤਿਆ ਕਪੂਰ ਉਰਫ ਮੱਖਣ ਨੂੰ ਪੰਜਾਬ ਪੁਲਸ ਨੇ ਤ੍ਰਿਪੁਰਾ ਦੇ ਅਗਰਤਲਾ ਤੋਂ ਗ੍ਰਿਫਤਾਰ ਕਰ ਲਿਆ ਹੈ। ਰਾਣਾ ਦੀ ਹੱਤਿਆ ਦੀ ਜ਼ਿੰਮੇਵਾਰੀ ਗੈਂਗਸਟਰ ਗੋਪੀ ਘਣਸ਼ਾਮਪੁਰੀਆ ਨੇ ਲੈਂਦਿਆਂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਿਖਿਆ ਸੀ ਕਿ ਰਾਣਾ ਨੂੰ ਮਾਰ ਕੇ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਗਿਆ ਹੈ। ਰਾਣਾ ਦਾ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।
ਹੌਲਦਾਰ ਦੀ ਮੌਤ
ਧਰਮਕੋਟ : ਮੋਗਾ-ਅੰਮਿਤ੍ਰਸਰ ਰਾਜ ਮਾਰਗ ਉੱਤੇ ਪਿੰਡ ਗਹਿਲੀਵਾਲਾ ਨੇੜੇ ਦੇਰ ਸ਼ਾਮ ਸਕੂਲੀ ਬੱਸ ਤੇ ਹੌਂਡਾ ਕਾਰ ਦੀ ਟੱਕਰ ‘ਚ ਹੌਲਦਾਰ ਦੀ ਮੌਤ ਹੋ ਗਈ। ਭਾਗੂ ਪਿੰਡ ਦੇ ਨਿੱਜੀ ਸਕੂਲ ਦੀ ਸ਼ਰਧਾਲੂਆਂ ਨਾਲ ਭਰੀ ਸਵਰਾਜ ਮਾਜ਼ਦਾ ਮਿੰਨੀ ਬੱਸ ਸ਼ਹੀਦ ਬਾਬਾ ਦੀਪ ਸਿੰਘ ਦੇ ਅਸਥਾਨ ਉੱਤੇ ਐਤਵਾਰ ਨੂੰ ਚਲਦੇ ਚੌਪਹਿਰਾ ਸਾਹਿਬ ਸਮਾਗਮ ਤੋਂ ਵਾਪਸ ਆ ਰਹੀ ਸੀ। ਪੰਜਾਬ ਪੁਲਸ ਦਾ ਹੌਲਦਾਰ ਦਲਜੀਤ ਸਿੰਘ, ਜੋ ਕਿ ਥਾਣਾ ਸਦਰ ਮੋਗਾ ਵਿਖੇ ਤਾਇਨਾਤ ਸੀ, ਡਿਊਟੀ ਕਰਕੇ ਕਾਰ ‘ਚ ਘਰ ਵਾਪਸ ਆ ਰਿਹਾ ਸੀ। ਬੱਸ ਕਾਰ ਦਾ ਬਚਾਅ ਕਰਦਿਆਂ ਖੁਦ ਸਫੈਦੇ ਦੇ ਦਰੱਖਤ ਨਾਲ ਜਾ ਟਕਰਾਈ। ਬੱਸ ਸਵਾਰ ਵਾਲ-ਵਾਲ ਬਚ ਗਏ, ਪਰ ਦਲਜੀਤ ਸਿੰਘ ਦੀ ਸਿਵਲ ਹਸਪਤਾਲ ਮੋਗਾ ਲਿਜਾਂਦਿਆਂ ਮੌਤ ਹੋ ਗਈ।