ਹਮਖਿਆਲੀਆਂ ਨੂੰ ਨਾਲ ਲੈ ਕੇ ਸਮਾਜਵਾਦ ਸੰਭਵ : ਬਰਾੜ

0
10

ਬੰਗਾ (ਅਵਤਾਰ ਕਲੇਰ)-ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕਾਰਲ ਮਾਰਕਸ ਅਤੇ ਵੀ ਆਈ ਲੈਨਿਨ ਦੇ ਜਨਮ ਦਿਨ ਨੂੰ ਸਮਰਪਤ ਸਿਧਾਂਤਕ ਪੰਦਰਵਾੜਾ 22 ਅਪ੍ਰੈਲ ਤੋਂ 5 ਮਈ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ, ਤਹਿਸੀਲਾਂ ਵਿੱਚ ਕਨਵੈਨਸ਼ਨਾਂ, ਰੈਲੀਆਂ ਅਤੇ ਮੁਜ਼ਾਹਰੇ ਕਰਕੇ ਮਨਾਇਆ ਜਾ ਰਿਹਾ ਹੈ।ਇਸ ਸਿਧਾਂਤਕ ਪੰਦਰਵਾੜੇ ਨੂੰ ਸਮਰਪਤ ਸੀ ਪੀ ਆਈ ਦਫ਼ਤਰ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਭਵਨ ਨਵਾਂ ਸ਼ਹਿਰ ਵਿਖੇ ਕਾਰਲ ਮਾਰਕਸ ਦਾ ਜਨਮ ਦਿਨ ਮਨਾਇਆ ਗਿਆ।ਇਸ ਮੌਕੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਬੰਤ ਸਿੰਘ ਬਰਾੜ, ਦੇਵੀ ਕੁਮਾਰੀ ਸਰਹਾਲੀ ਕਲਾਂ ਸੂਬਾ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ, ਸੀ ਪੀ ਆਈ ਤਹਿਸੀਲ ਬਲਾਚੌਰ ਦੇ ਸਕੱਤਰ ਪਰਮਿੰਦਰ ਮੇਨਕਾ, ਏਟਕ ਆਗੂ ਰਾਮ ਆਸਰਾ, ਸੀ ਪੀ ਆਈ ਤਹਿਸੀਲ ਨਵਾਂ ਸ਼ਹਿਰ ਦੇ ਸਕੱਤਰ ਜੁਝਾਰ ਸਿੰਘ ਕੁੱਕੜ ਮਜਾਰਾ ਨੇ ਸੰਬੋਧਨ ਕੀਤਾ।
ਸਾਥੀ ਬਰਾੜ ਨੇ ਕਿਹਾ ਕਿ ਕਾਰਲ ਮਾਰਕਸ ਮਸ਼ਹੂਰ ਦਾਰਸ਼ਨਿਕ, ਅਰਥ ਸ਼ਾਸਤਰੀ, ਇਤਿਹਾਸਕਾਰ, ਸਮਾਜਵਾਦੀ, ਕ੍ਰਾਂਤੀਕਾਰੀ ਤੇ ਇਨਕਲਾਬੀ ਕਮਿਊਨਿਸਟ ਸਨ।ਕਾਰਲ ਮਾਰਕਸ ਨੇ ਪੂੰਜੀਵਾਦ ਵਿਵਸਥਾ ਨੂੰ ਖਤਮ ਕਰ ਕੇ ਕਿਰਤੀਆਂ ਦਾ ਰਾਜ ਲਿਆਉਣਾ ਤੇ ਸਮਾਜਵਾਦ ਦੀ ਸਥਾਪਨਾ ਕਰਨੀ ਚਾਹੁੰਦੇ ਸਨ, ਜਿਸ ਵਿੱਚ ਸਾਰੇ ਬਰਾਬਰ ਹੋਣ, ਨਾ ਕੋਈ ਅਮੀਰ, ਨਾ ਕੋਈ ਗਰੀਬ। ਮਾਰਕਸ ਅਤੇ ਏਂਗਲਜ਼ ਨੇ 1848 ‘ਚ ਕਮਿਊਨਿਸਟ ਮੈਨੀਫੈਸਟੋ ਲਿਖਿਆ। ਮੈਨੀਫੈਸਟੋ ਵਿੱਚ ਲਿਖਿਆ ਕਿ ਜਥੇਬੰਦ ਹੋ ਕੇ ਲੜਨਾ ਪੈਣਾ।ਉਹਨਾ ਨਾਹਰਾ ਦਿੱਤਾ ਕਿ ਦੁਨੀਆ ਭਰ ਦੇ ਮਿਹਨਤਕਸ਼ੋ ਏਕ ਹੋ ਜਾਓ।ਉਹਨਾ ਕਿਹਾ ਕਿ 1789 ‘ਚ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਇੱਕ ਘਟਨਾ ਵਾਪਰੀ। ਉੱਥੋਂ ਦੇ ਮਜ਼ਦੂਰਾਂ ਨੇ ਇੱਕ ਮਜ਼ਬੂਤ ਜਥੇਬੰਦੀ ਬਣਾ ਕੇ ਇਨਕਲਾਬ ਕਰ ਦਿੱਤਾ। ਪੈਰਿਸ ਤੇ ਕਬਜ਼ਾ ਕਰ ਕੇ ਸਰਕਾਰ ਬਣਾ ਲਈ, ਪਰ ਇਹ ਸਰਕਾਰ 60 ਦਿਨ ਹੀ ਚੱਲੀ। ਮਾਰਕਸ ਨੇ ਲਿਖਿਆ ਕਿ ਮਜ਼ਦੂਰਾਂ ਦੇ ਨਾਲ ਕਿਸਾਨ ਨਹੀਂ ਆਏ ਤਾਂ ਹੀ ਇਨਕਲਾਬ ਫੇਲ੍ਹ ਹੋ ਗਿਆ। ਕਾਰਲ ਮਾਰਕਸ ਦੀ 1883 ‘ਚ ਮੌਤ ਹੋ ਗਈ।ਉਸ ਵੇਲੇ ਲੈਨਿਨ ਦੀ ਉਮਰ ਸਿਰਫ 13 ਸਾਲ ਸੀ। ਲੈਨਿਨ ਨੇ ਮਾਰਕਸ ਨੂੰ ਪੜ੍ਹਿਆ, ਅਧਿਐਨ ਕੀਤਾ, ਮਜ਼ਦੂਰਾਂ, ਕਿਸਾਨਾਂ, ਕਾਰਖਾਨੇ ਵਿੱਚ ਕੰਮ ਕਰਨ ਵਾਲਿਆਂ ਦੀਆਂ ਜਥੇਬੰਦੀਆਂ ਬਣਾਈਆਂ ਅਤੇ ਇੱਕ ਰਾਜਨੀਤਕ ਪਾਰਟੀ ਬਣਾਈ। 1917 ‘ਚ ਰੂਸ ‘ਚ ਇਨਕਲਾਬ ਕੀਤਾ। 1917 ‘ਚ ਰੂਸ ‘ਚ ਕਮਿਊਨਿਸਟਾਂ ਦੀ ਸਰਕਾਰ ਬਣਨ ਤੋਂ ਬਾਅਦ 2 ਵੱਡੀਆਂ ਲੜਾਈਆਂ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ ਅਤੇ ਵਰਲਡ ਪਾਵਰ ਬਣਿਆ। ਅੱਜ ਦੀਆਂ ਸਥਿਤੀਆਂ ‘ਤੇ ਬੋਲਦਿਆਂ ਉਹਨਾ ਕਿਹਾ ਕਿ ਅਮਰੀਕਾ ਦੀ ਗੁੰਡਾਗਰਦੀ ਦਾ ਦੌਰ ਚੱਲ ਰਿਹਾ ਹੈ। ਈਰਾਨ ‘ਤੇ ਬੇਵਜ੍ਹਾ ਹਮਲੇ ਹੋ ਰਹੇ ਹਨ। ਈਰਾਨ ਦੇ ਸਕੂਲਾਂ ਅਤੇ ਹਸਪਤਾਲਾਂ ‘ਤੇ ਬੰਬ ਸੁੱਟੇ ਜਾ ਰਹੇ ਹਨ। ਸੈਂਕੜੇ ਛੋਟੇ ਬੱਚੇ ਮਾਰੇ ਗਏ। ਮੋਦੀ ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ। ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲੜਨਾ ਪੈਣਾ। ਸੀ ਪੀ ਆਈ ਦੀਆਂ ਬ੍ਰਾਂਚਾਂ ਵਧਾਈਏ। ਪਾਰਟੀ ਮੈਂਬਰਸ਼ਿਪ ਵਧਾਈਏ। ਹਮਖਿਆਲੀ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨਾ ਪਵੇਗਾ, ਤਾਂ ਹੀ ਸਮਾਜਵਾਦ ਦੀ ਸਥਾਪਨਾ ਸੰਭਵ ਹੈ।ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਕਾਰਲ ਮਾਰਕਸ ਦਾ ਜਨਮ ਦਿਨ ਪੂਰੀ ਦੁਨੀਆ ‘ਚ ਮਨਾਇਆ ਜਾ ਰਿਹਾ ਹੈ। ਮਜ਼ਦੂਰ ਜਮਾਤ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਹੈ। ਉਹਨਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਨਰੇਗਾ ਨੂੰ ਖਤਮ ਕਰਨਾ ਚਾਹੁੰਦੀ ਹੈ। ਪਹਿਲਾਂ ਮਨਰੇਗਾ ਸਕੀਮ ‘ਚ ਕੇਂਦਰ 90 ਫੀਸਦੀ ਹਿੱਸਾ ਪਾਉਂਦਾ ਸੀ, ਹੁਣ ਕੇਂਦਰ ਸਰਕਾਰ 60 ਫੀਸਦੀ ਅਤੇ ਸੂਬਾ ਸਰਕਾਰਾਂ ਨੂੰ 40ਫੀਸਦੀ ਹਿੱਸਾ ਪਾਉਣ ਨੂੰ ਕਹਿ ਰਹੇ ਹਨ। ਇਸ ਨਵੀਂ ਸਕੀਮ ਤਹਿਤ ਮਨਰੇਗਾ ਸਕੀਮ ਬੰਦ ਹੋਣ ਕੰਢੇ ਖੜੀ ਹੈ। ਪੰਜਾਬ ਸਰਕਾਰ ਵੱਲੋਂ ਬੀਬੀਆਂ ਲਈ 1000-1500 ਦੀ ਸਕੀਮ ਬਾਰੇ ਬੋਲਦਿਆਂ ਦੇਵੀ ਕੁਮਾਰੀ ਨੇ ਕਿਹਾ ਕਿ ਬੀਬੀਆਂ ਐੱਸ ਸੀ ਸਰਟੀਫਿਕੇਟ ਬਣਾਉਣ ਲਈ ਸਾਰਾ ਦਿਨ ਲਾਈਨਾਂ ‘ਚ ਲੱਗੀਆਂ ਰਹਿੰਦੀਆਂ ਹਨ। ਸਰਕਾਰ ਨੇ ਫ਼ਾਰਮ ਭਰਨੇ ਵੀ ਸ਼ੁਰੂ ਨਹੀਂ ਕੀਤੇ। ਉਹਨਾ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਅਵਾਮੀ ਜਥੇਬੰਦੀਆਂ ਉਸਾਰੀਆਂ ਜਾਣ, ਤਾਂ ਹੀ ਪਾਰਟੀ ਵਧੇਗੀ।ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਭੰਗਲ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਬੰਗਾ ਦੇ ਸਕੱਤਰ ਗੁਰਮੁੱਖ ਸਿੰਘ ਫਰਾਲਾ, ਅਮਰਜੀਤ ਮੇਹਲੀ, ਗੁਰਬਖਸ਼ ਕੌਰ ਰਾਹੋਂ, ਜੋਗਿੰਦਰ ਜੋਗੀ, ਅਮਰਜੀਤ ਕੌਰ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ।