ਨਿਊ ਯਾਰਕ : ਇੱਥੇ ਇਕ ਅਫਰੀਕੀ-ਅਮਰੀਕੀ ਵਿਅਕਤੀ ਵੱਲੋਂ ਇਕ ਬਜ਼ੁਰਗ ਸਿੱਖ ਡਰਾਈਵਰ ਉਪਰ ਹਮਲਾ ਕਰ ਦਿੱਤਾ ਗਿਆ। ਪੀੜਤ ਦੇ ਸੱਟਾਂ ਲੱਗੀਆਂ ਹਨ, ਪਰ ਸੋਸ਼ਲ ਮੀਡੀਆ ਉਪਰ ਦੱਸਿਆ ਗਿਆ ਹੈ ਕਿ ਉਹ ਸੁਰੱਖਿਅਤ ਹੈ ਅਤੇ ਚੜ੍ਹਦੀ ਕਲਾ ਵਿੱਚ ਹੈ। ਇਸ ਘਟਨਾ ‘ਤੇ ਸਿੱਖ ਜਥੇਬੰਦੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਾਈਚਾਰਕ ਆਗੂਆਂ ਨੇ ਬਜ਼ੁਰਗ ਵਿਅਕਤੀ ਵਿਰੁੱਧ ਵਰਤੀ ਗਈ ਹਿੰਸਾ ਦੇ ਪੱਧਰ ‘ਤੇ ਸਵਾਲ ਚੁੱਕੇ ਹਨ ਅਤੇ ਅਜਿਹੀ ਹਿੰਸਾ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਨਿਊ ਯਾਰਕ ਦੇ ਅਧਿਕਾਰੀਆਂ ਨੇ ਅਜੇ ਤੱਕ ਇਸ ਘਟਨਾ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ।
ਬੱਚੀ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮਾਰਿਆ
ਚੌਲਾਂਗ, (ਹੁਸ਼ਿਆਰਪੁਰ) ਚੌਲਾਂਗ ਖੇਤਰ ਦੇ ਪਿੰਡ ਖਰਲ ਖ਼ੁਰਦ ਵਿਖੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਛੋਟੀ ਬੱਚੀ ਨੂੰ ਕੁੱਤਿਆਂ ਵੱਲੋਂ ਨੋਚ-ਨੋਚ ਕੇ ਮਾਰਨ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਸਾਡੀ ਲੜਕੀ ਸਲੋਨੀ ਉਮਰ 8 ਸਾਲ, ਜੋ ਸਰਕਾਰੀ ਸਕੂਲ ਵਿਚ ਪੜ੍ਹਦੀ ਹੈ, ਸਵੇਰੇ 7:30 ਵਜੇ ਬਾਹਰ ਗਈ। ਜਦੋਂ ਉਹ ਕੁਝ ਸਮਾਂ ਘਰ ਵਾਪਸ ਨਹੀਂ ਆਈ ਤਾਂ ਉਸ ਦੀ ਭਾਲ ਖ਼ੇਤਾਂ ਵਿਚ ਕੀਤੀ ਗਈ, ਜਿਥੇ ਉਹ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਨੋਚੀ ਹੋਈ ਮਿਲੀ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਟਾਂਡਾ ਵਿਖੇ ਲੈ ਗਏ, ਜਿਥੇ ਉਸ ਦੀ ਮੌਤ ਹੋ ਗਈ।
ਧਮਾਕਿਆਂ ਸੰਬੰਧੀ ਪੁਲਸ ਕੋਲ ਅਹਿਮ ਸੁਰਾਗ : ਡੀ ਜੀ ਪੀ
ਚੰਡੀਗੜ੍ਹ : ਮੰਗਲਵਾਰ ਰਾਤ ਨੂੰ ਜਲੰਧਰ ਵਿੱਚ ਬੀ ਐੱਸ ਐੱਫ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਤੋਂ ਕੁਝ ਹੀ ਘੰਟੇ ਬਾਅਦ ਅੰਮ੍ਰਿਤਸਰ ਵਿੱਚ ਫੌਜੀ ਛਾਉਣੀ ਨੇੜੇ ਇੱਕ ਹੋਰ ਧਮਾਕੇ ਨਾਲ ਸਰਹੱਦੀ ਖੇਤਰ ਵਿੱਚ ਸਨਸਨੀ ਫੈਲ ਗਈ। ਇਹ ਘਟਨਾ ਖ਼ਾਸਾ ਰੋਡ ‘ਤੇ ਫੌਜੀ ਛਾਉਣੀ ਦੀ ਬਾਹਰੀ ਕੰਧ ਦੇ ਨੇੜੇ ਵਾਪਰੀ। ਹਾਲਾਂਕਿ ਇਹ ਇੱਕ ਘੱਟ ਤੀਬਰਤਾ ਵਾਲਾ ਧਮਾਕਾ ਸੀ । ਅੰਮ੍ਰਿਤਸਰ ਦਿਹਾਤੀ ਦੇ ਐੱਸ ਐੱਸ ਪੀ ਸੁਹੇਲ ਕਾਸਿਮ ਮੀਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਸ ਨੂੰ ਰਾਤ ਕਰੀਬ 11.15 ਵਜੇ ਖ਼ਾਸਾ ਰੋਡ ‘ਤੇ ਜ਼ੋਰਦਾਰ ਆਵਾਜ਼ ਸੁਣਾਈ ਦੇਣ ਦੀ ਸੂਚਨਾ ਮਿਲੀ ਸੀ। ਡੀ ਜੀ ਪੀ ਗੌਰਵ ਯਾਦਵ ਨੇ ਬੁੱਧਵਾਰ ਨੂੰ ਖਾਸਾ ਵਿਖੇ ਹੋਏ ਧਮਾਕੇ ਵਾਲੇ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਇਸ ਧਮਾਕੇ ਲਈ ਵਿਸਫੋਟਕ ਸਮਗਰੀ ਆਈ ਈ ਡੀ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਪੁਲਸ ਕੋਲ ਧਮਾਕਿਆਂ ਸੰਬੰਧੀ ਮਹੱਤਵਪੂਰਨ ਸੁਰਾਗ ਹਨ।




