ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਆਪਣੀ ਸ਼ੁਕਰਾਨਾ ਯਾਤਰਾ ਦੇ ਦੋਆਬਾ ਪੜਾਅ ਦੌਰਾਨ ਕਿਹਾ ਕਿ ਬੇਅਦਬੀ ਵਿਰੋਧੀ ਕਾਨੂੰਨ ਉਨ੍ਹਾਂ ਲੋਕਾਂ ਨੂੰ ਇਨਸਾਫ਼ ਦਿਵਾਏਗਾ, ਜੋ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਕਾਰਨ ਪਰੇਸ਼ਾਨ ਸਨ। ਮੁੱਖ ਮੰਤਰੀ ਨੇ ਲੋਕਾਂ ਨੂੰ ਉਨ੍ਹਾਂ ਵੰਡੀਆਂ ਵਿਰੁੱਧ ਇੱਕਜੁੱਟ ਰਹਿਣ ਲਈ ਕਿਹਾ, ਜੋ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਸੂਬੇ ਵਿੱਚ ਭੜਕਾਈਆਂ ਜਾ ਸਕਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਵਾਰ-ਵਾਰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾ ਕਿਹਾ ਕਿ ਬੇਅਦਬੀ ਵਿਰੋਧੀ ਕਾਨੂੰਨ ਦੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਆਲੋਚਨਾ ਸੂਬੇ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਵਿੱਚ ਉਨ੍ਹਾਂ ਦੀ ਆਪਣੀ ਸ਼ਮੂਲੀਅਤ ਕਾਰਨ ਹੈ।
ਬਲਾਚੌਰ ਅਤੇ ਫਗਵਾੜਾ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿੱਚ ਅਤੇ ਖਟਕੜ ਕਲਾਂ (ਬੰਗਾ) ਵਿਖੇ ਸ਼ਹੀਦੀ ਸਮਾਰਕ ਨੇੜੇ ਜਨਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਰਮਾਤਮਾ ਨੇ ਸਾਨੂੰ ਬਲ ਬਖਸ਼ਿਆ ਤੇ ਇਹ ਸੇਵਾ ਲਾਈ। ਗੁਰੂ ਸਾਹਿਬ ਦੀ ਬੇਅਦਬੀ ਨਾਲ ਹਿਰਦੇ ਵਲੂੰਧਰੇ ਜਾਂਦੇ ਸਨ। ਇਸ ਵਾਸਤੇ ਸਖ਼ਤ ਕਾਨੂੰਨ ਬਣਾਇਆ। ਪਰਮਾਤਮਾ ਨੇ ਜਿਹੜੀ ਸਮਰਥਾ ਬਖਸ਼ੀ ਹੈ, ਉਸ ਵਾਸਤੇ ਸ਼ੁਕਰਾਨਾ ਕਰ ਰਹੇ ਹਾਂ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ‘ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਪਹਿਲਾਂ ਸਾਨੂੰ ਕਿਹਾ ਕਿ ਤੁਸੀਂ ਬਿੱਲ ਨਹੀਂ ਲਿਆ ਸਕੋਗੇ। ਫਿਰ ਉਨ੍ਹਾਂ ਕਿਹਾ ਕਿ ਮਾਮਲਾ ਰਾਸ਼ਟਰਪਤੀ ਕੋਲ ਜਾਵੇਗਾ, ਫਿਰ ਉਨ੍ਹਾਂ ਕਿਹਾ ਕਿ ਰਾਜਪਾਲ ਬਿੱਲ ‘ਤੇ ਦਸਤਖ਼ਤ ਨਹੀਂ ਕਰਨਗੇ, ਪਰ ਰਾਜਪਾਲ ਨੇ ਬੜੀ ਉਦਾਰਤਾ ਨਾਲ ਇਸ ਨੂੰ ਪ੍ਰਵਾਨਗੀ ਦੇ ਦਿੱਤੀ। ਹੁਣ ਉਹ ਕਹਿ ਰਹੇ ਹਨ ਕਿ ਬਿੱਲ ਸਾਡੇ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਲਿਆਂਦਾ ਗਿਆ ਹੈ। ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੰਗਤ (ਜਨਤਾ) ਨੇ ਮਨਜ਼ੂਰੀ ਦੇ ਦਿੱਤੀ ਹੈ ਤਾਂ ਇੱਕ ਪਰਵਾਰ ਦੀ ਸਲਾਹ ਕੀ ਮਾਇਨੇ ਰੱਖਦੀ ਹੈ। ਬਾਦਲ ਪਰਿਵਾਰ ਦੀ ਕਾਨੂੰਨ ਦੀ ਆਲੋਚਨਾ ਬੇਅਦਬੀ ਦੇ ਕੇਸਾਂ ਵਿੱਚ ਉਨ੍ਹਾਂ ਦੀ ਆਪਣੀ ਸ਼ਮੂਲੀਅਤ ਵਿੱਚ ਜੁੜੀ ਹੋਈ ਹੈ। ਉਹ ਡਰੇ ਹੋਏ ਹਨ ਕਿ ਉਨ੍ਹਾਂ ਦਾ ਆਪਣਾ ਨਾਂਅ ਸਾਹਮਣੇ ਆਵੇਗਾ। ਲੋਕਾਂ ਨੇ ‘ਤੱਕੜੀ’ (ਅਕਾਲੀ ਦਲ ਦਾ ਚੋਣ ਨਿਸ਼ਾਨ) ਨੂੰ ਬਾਬੇ ਨਾਨਕ ਦਾ ਪ੍ਰਤੀਕ ਮੰਨਿਆ ਅਤੇ ਉਨ੍ਹਾਂ ਨੂੰ ਵੋਟਾਂ ਪਾਈਆਂ, ਪਰ ਉਨ੍ਹਾਂ ਬਾਬੇ ਨਾਨਕ ਦੀ ‘ਬਾਣੀ’ ਦਾ ਤਿਆਗ ਕਰ ਦਿੱਤਾ ਅਤੇ ਉਸ ਨੂੰ ਗਲੀਆਂ ਵਿੱਚ ਖਿਲਾਰ ਦਿੱਤਾ। ਮੁੱਖ ਮੰਤਰੀ ਨੇ ਫਗਵਾੜਾ ਵਿੱਚ ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਂਦੀ ਇੱਕ ਨਵੀਂ ‘ਕਿਕਲੀ’ ਵੀ ਸੁਣਾਈ। ਬੰਗਾ ਵਿਖੇ ਰੁਕਣ ਦੌਰਾਨ ਮੁੱਖ ਮੰਤਰੀ ਮਾਨ ਨੇ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਨਤਮਸਤਕ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਫਗਵਾੜਾ ਵਿਖੇ ਮੁੱਖ ਮੰਤਰੀ ਨੇ ਜੇ ਸੀ ਟੀ ਮਿੱਲ ਨੂੰ ਬਹਾਲ ਕਰਨ ਅਤੇ ਵਰਕਰਾਂ ਦੇ ਬਕਾਏ ਦੇ ਨਾਲ-ਨਾਲ ਗੰਨੇ ਦੇ ਬਕਾਏ ਕਲੀਅਰ ਕਰਨ ਦਾ ਵੀ ਵਾਅਦਾ ਕੀਤਾ।




