ਮੁੱਲਾਂਪੁਰ ਤੇ ਧਰਮਸ਼ਾਲਾ ਕਰਨਗੇ ਅਹਿਮ ਮੈਚਾਂ ਦੀ ਮੇਜ਼ਬਾਨੀ

0
16

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ 2026 ਦੇ ਪਲੇਅ-ਆਫ ਮੁਕਾਬਲਿਆਂ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਖ਼ੁਸ਼ੀ ਦੀ ਖ਼ਬਰ ਹੈ, ਕਿਉਂਕਿ ਨਿਊ ਚੰਡੀਗੜ੍ਹ (ਮੁੱਲਾਂਪੁਰ) ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਨੂੰ ‘ਐਲੀਮੀਨੇਟਰ’ ਅਤੇ ‘ਕੁਆਲੀਫਾਇਰ-2’ ਦੀ ਮੇਜ਼ਬਾਨੀ ਮਿਲੀ ਹੈ। ਆਈ ਪੀ ਐੱਲ 2026 ਦਾ ਫਾਈਨਲ ਮੁਕਾਬਲਾ ਪਹਿਲਾਂ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਹੋਣਾ ਤੈਅ ਸੀ, ਪਰ ਸਥਾਨਕ ਐਸੋਸੀਏਸ਼ਨ ਅਤੇ ਅਧਿਕਾਰੀਆਂ ਦੀਆਂ ਕੁਝ ਅਜਿਹੀਆਂ ਸ਼ਰਤਾਂ ਸਾਹਮਣੇ ਆਈਆਂ ਜੋ ਬੀ ਸੀ ਸੀ ਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਦਾਇਰੇ ਤੋਂ ਬਾਹਰ ਸਨ। ਇਸ ਕਾਰਨ ਬੋਰਡ ਨੇ ਫਾਈਨਲ ਮੁਕਾਬਲਾ ਹੁਣ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ। ਬੀ ਸੀ ਸੀ ਆਈ ਅਨੁਸਾਰ 70 ਲੀਗ ਮੈਚਾਂ ਤੋਂ ਬਾਅਦ ਟੂਰਨਾਮੈਂਟ ਦਾ ਨਿਰਣਾਇਕ ਪੜਾਅ 26 ਮਈ ਤੋਂ ਸ਼ੁਰੂ ਹੋਵੇਗਾ ਕੁਆਲੀਫਾਇਰ 1 (26 ਮਈ) ਅੰਕ ਸੂਚੀ ਦੀਆਂ ਚੋਟੀ ਦੀਆਂ ਦੋ ਟੀਮਾਂ ਵਿਚਾਲੇ ਮੁਕਾਬਲਾ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਦੇ ਐੱਚ ਪੀ ਸੀ ਏ ਸਟੇਡੀਅਮ ਵਿੱਚ ਹੋਵੇਗਾ। ਐਲੀਮੀਨੇਟਰ (27 ਮਈ) ਤੀਜੇ ਅਤੇ ਚੌਥੇ ਨੰਬਰ ਦੀਆਂ ਟੀਮਾਂ ਵਿਚਾਲੇ ਟੱਕਰ ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਨਵੇਂ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਵੇਗੀ। ਕੁਆਲੀਫਾਇਰ 2 (29 ਮਈ) ਕੁਆਲੀਫਾਇਰ-1 ਦੀ ਹਾਰੀ ਹੋਈ ਟੀਮ ਅਤੇ ਐਲੀਮੀਨੇਟਰ ਦੀ ਜੇਤੂ ਟੀਮ ਵਿਚਾਲੇ ਮੁਕਾਬਲਾ ਵੀ ਮੁੱਲਾਂਪੁਰ ਵਿੱਚ ਹੀ ਖੇਡਿਆ ਜਾਵੇਗਾ।