ਕੁਲ ਹਿੰਦ ਕਿਸਾਨ ਸਭਾ ਦੇ ਵੱਡੀ ਗਿਣਤੀ ‘ਚ ਵਰਕਰ 15 ਨੂੰ ਚੰਡੀਗੜ੍ਹ ਕੂਚ ਕਰਨਗੇ : ਨਿਹਾਲਗੜ੍ਹ, ਬਰਾੜ

0
14

ਲੁਧਿਆਣਾ. (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ) ਕੁਲ ਹਿੰਦ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ, ਲੁਧਿਆਣਾ ਵਿਖੇ ਸੂਬਾ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਅਤੇ ਮੰਗਾਂ ਉੱਪਰ ਗੰਭੀਰ ਚਰਚਾ ਕੀਤੀ ਗਈ।ਮੀਟਿੰਗ ਦੇ ਵੇਰਵੇ ਪ੍ਰੈੱਸ ਨੂੰ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ ਨੇ ਦੱਸਿਆ ਕਿ ਕੁਲ ਹਿੰਦ ਕਿਸਾਨ ਸਭਾ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਵਾਉਣ ਤੇ ਹਰ ਘਰ ਤੇ ਹਰ ਖੇਤ ਲਈ ਨਹਿਰੀ ਪਾਣੀ ਪੁੱਜਦਾ ਕਰਨ ਲਈ ਬੀ ਬੀ ਐੱਮ ਬੀ ਦਾ ਕੰਟਰੋਲ ਪੰਜਾਬ ਹਵਾਲੇ ਕਰਨ, ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ, ਸਮੁੱਚਾ ਕਿਸਾਨੀ ਕਰਜ਼ਾ ਖਤਮ ਕਰਨਾ, ਸਾਰੀਆਂ ਫਸਲਾਂ ਉੱਪਰ ਡਾ. ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਐੱਮ ਐੱਸ ਪੀ ਉੱਪਰ ਕਾਨੂੰਨੀ ਖਰੀਦ ਗਰੰਟੀ ਲਾਗੂ ਕਰਵਾਉਣਾ ਤੇ ਸਰਕਾਰੀ ਰੇਟ ਤੋਂ ਘੱਟ ਖਰੀਦ ਕਰਨ ਨੂੰ ਸਜ਼ਾ ਯੋਗ ਅਪਰਾਧ ਘੋਸ਼ਿਤ ਕਰਨਾ, ਕਿਸਾਨ ਪੈਨਸ਼ਨ ਲਾਗੂ ਕਰਵਾਉਣਾ, ਕੁਦਰਤੀ ਆਫਤਾਂ ਅਤੇ ਬਿਮਾਰੀਆਂ ਕਾਰਨ ਵਾਰ-ਵਾਰ ਫਸਲਾਂ ਦੀ ਹੋ ਰਹੀ ਬਰਬਾਦੀ ਦੇ ਹੱਲ ਲਈ ਸਰਕਾਰੀ ਫਸਲੀ ਬੀਮਾ ਯੋਜਨਾ ਲਾਗੂ ਕਰਾਉਣਾ ਆਦਿ ਮੰਗਾਂ ਲਈ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ 15 ਮਈ ਦਾ ਰਾਜਪਾਲ ਪੰਜਾਬ ਦੇ ਭਵਨ ਵੱਲ ਮਾਰਚ ਦਾ ਜੋ ਸੱਦਾ ਦਿੱਤਾ ਗਿਆ ਹੈ, ਉਸ ਵਿੱਚ ਕੁਲ ਹਿੰਦ ਕਿਸਾਨ ਸਭਾ ਦੇ ਸੈਂਕੜੇ ਵਰਕਰ ਪੂਰੇ ਪੰਜਾਬ ਵਿੱਚੋਂ ਵਧ-ਚੜ੍ਹ ਕੇ ਸ਼ਾਮਲ ਹੋਣਗੇ। ਕੇਂਦਰ ਅਤੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਗੂਆਂ ਨੇ ਦੋਸ਼ ਲਗਾਇਆ ਕਿ ਜਿੱਥੇ ਕੇਂਦਰ ਸਰਕਾਰ ਨੇ ਪੰਜਾਬ ਦੇ ਮਸਲੇ ਲੰਮੇ ਸਮੇਂ ਤੋਂ ਹੱਲ ਨਾ ਕਰਕੇ ਪੰਜਾਬੀਆਂ ਨਾਲ ਵੱਡਾ ਧਰੋਹ ਕਮਾਇਆ ਹੈ ਅਤੇ ਕੇਂਦਰ ਵਿੱਚ ਆਈਆਂ ਸਾਰੀਆਂ ਸਰਕਾਰਾਂ ਨੇ ਪੰਜਾਬ ਨਾਲ ਸਮੇਂ-ਸਮੇਂ ‘ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਸਮੇਤ ਪਿਛਲੇ ਸਮੇਂ ਦੀਆਂ ਸਾਰੀਆਂ ਰਾਜ ਸਰਕਾਰਾਂ ਪੰਜਾਬ ਦੇ ਮਸਲੇ ਕੇਂਦਰ ਕੋਲ ਉਠਾਉਣ ਅਤੇ ਇਹਨਾਂ ਨੂੰ ਹੱਲ ਕਰਾਉਣ ਵਿੱਚ ਬੁਰੀ ਤਰ੍ਹਾਂ ਨਕਾਮ ਹੋਈਆਂ ਹਨ। ਉਹਨਾਂ ਮੰਗ ਕੀਤੀ ਕਿ ਪੰਜਾਬ ਦੀਆਂ ਮੰਗਾਂ ਜਿਸ ਵਿੱਚ ਪਾਣੀ ਦੀ ਮੰਗ ਮੁੱਖ ਤੌਰ ‘ਤੇ ਸ਼ਾਮਲ ਹੈ, ਦਾ ਜਲਦ ਤੋਂ ਜਲਦ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕੀਤਾ ਜਾਵੇ ਤਾਂ ਕਿ ਧਰਤੀ ਹੇਠਲਾ ਪਾਣੀ ਖਤਮ ਅਤੇ ਗੰਧਲਾ ਹੋਣ ਕਾਰਨ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕੇ ।ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੁਆਰਾ ਸਹਿਕਾਰੀ ਸੁਸਾਇਟੀਆਂ ਵਿੱਚ ਨਵੇਂ ਹੱਦ ਕਰਜ਼ਿਆਂ ਉੱਪਰ ਰੋਕ ਲਗਾਉਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਨੂੰ ਨਵੇਂ ਹੱਦ ਕਰਜ਼ੇ ਅਨੁਸਾਰ ਪੈਸੇ ਜਾਰੀ ਕੀਤੇ ਜਾਣ ਤਾਂ ਕਿ ਕਿਸਾਨ ਵਧੀ ਹੋਈ ਮਹਿੰਗਾਈ ਕਾਰਨ ਆਪਣੇ ਖੇਤੀ ਖਰਚੇ ਪੂਰੇ ਕਰ ਸਕਣ ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਕਿਸਾਨੀ ਦੇ ਮੁੱਦਿਆਂ ਉੱਪਰ ਮਈ ਦੇ ਆਖਰੀ ਹਫਤੇ ਵਿੱਚ ਤਿੰਨ ਦਿਨਾਂ ਵਰਕਸ਼ਾਪ ਲਗਾਏਗੀ, ਜਿਸ ਵਿੱਚ ਸਮੁੱਚੇ ਪੰਜਾਬ ਦੀ ਲੀਡਰਸ਼ਿਪ ਨੂੰ ਜਾਗਰੂਕ ਕੀਤਾ ਜਾਵੇਗਾ। ਮੀਟਿੰਗ ਵਿੱਚ ਮਤਾ ਪਾਸ ਕਰਕੇ ਥਾਣਾ ਸ਼ਾਹਕੋਟ, ਜ਼ਿਲ੍ਹਾ ਜਲੰਧਰ ਦੀ ਪੁਲਸ ਵੱਲੋਂ ਸਰਕਾਰੀ ਸ਼ਹਿ ਪ੍ਰਾਪਤ ਗੁੰਡਾ ਅਨਸਰਾਂ ਦੁਆਰਾ ਗਰੀਬ ਕਿਸਾਨ ਦੀ ਜ਼ਮੀਨ ਉੱਪਰ ਨਜਾਇਜ਼ ਕਬਜ਼ੇ ਨੂੰ ਰੋਕਣ ਗਏ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਅਰੋੜਾ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਦੂਜੇ ਆਗੂਆਂ ਤੇ ਵਰਕਰਾਂ ਉੱਪਰ ਦਰਜ ਕੀਤੇ ਪਰਚਿਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਜ਼ਿਲ੍ਹਾ ਜਲੰਧਰ ਦੀ ਪੁਲਸ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਅਤੇ ਦਰਜ ਕੀਤੇ ਹੋਏ ਪਰਚੇ ਤੁਰੰਤ ਰੱਦ ਕਰੇ, ਜੇਕਰ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਾਂ ਕੁਲ ਹਿੰਦ ਕਿਸਾਨ ਸਭਾ ਸੰਯੁਕਤ ਕਿਸਾਨ ਮੋਰਚੇ ਦੀਆਂ ਦੂਜੀਆਂ ਜਥੇਬੰਦੀਆਂ ਨਾਲ ਮਿਲ ਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।ਅੱਜ ਦੀ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ ਅਰਸ਼ੀ, ਕੁਲਵੰਤ ਸਿੰਘ ਮੌਲਵੀ ਵਾਲਾ, ਲਖਬੀਰ ਸਿੰਘ ਨਿਜਾਮਪੁਰਾ, ਸੂਰਤ ਸਿੰਘ ਧਰਮਕੋਟ, ਸੁਰਿੰਦਰ ਸਿੰਘ ਢੰਡੀਆਂ, ਸੰਦੀਪ ਸਿੰਘ ਅਰੋੜਾ, ਜਸਵੀਰ ਸਿੰਘ ਆਕਲੀਆ, ਜਸਵਿੰਦਰ ਸਿੰਘ ਭੰਗਲ, ਬਲਵਿੰਦਰ ਸਿੰਘ ਮੋਹਾਲੀ, ਸੁਰਿੰਦਰ ਸਿੰਘ ਜੜੋਤ, ਚਮਕੌਰ ਸਿੰਘ ਬਰਮੀ, ਤਰਲੋਕ ਸਿੰਘ ਭਵਿਆਣਾ, ਗੁਰਨਾਮ ਸਿੰਘ ਔਲਖ, ਸੁਖਜਿੰਦਰ ਸਿੰਘ ਤੁੰਬੜ ਭੰਨ, ਗੁਰਦਿੱਤ ਸਿੰਘ ਫਿਰੋਜ਼ਪੁਰ, ਬਿਰਜ ਲਾਲ ਪਟਿਆਲਾ ਨੇ ਵੀ ਸੰਬੋਧਨ ਕੀਤਾ।