ਮਾਰਕਸ ਵੱਡੇ ਦਾਰਸ਼ਨਿਕ ਤੇ ਮਹਾਨ ਕ੍ਰਾਂਤੀਕਾਰੀ ਸਨ : ਬਰਾੜ

0
15

ਸ਼ਾਹਕੋਟ. (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਜਲੰਧਰ ਵੱਲੋਂ ਕਸਬਾ ਮਹਿਤਪੁਰ ਵਿੱਚ ਮਹਾਂ ਮਨੁੱਖ ਕਾਰਲ ਮਾਰਕਸ ਦਾ ਜਨਮ ਦਿਨ ਮਨਾਉਣ ਦਾ ਸਬੱਬ ਇੱਕ ਸਿੱਖਿਆਦਾਇਕ ਸੈਮੀਨਾਰ ਹੋ ਨਿੱਬੜਿਆ।ਮਜ਼ਦੂਰ ਆਗੂ ਸੁਨੀਲ ਕੁਮਾਰ, ਸਿਕੰਦਰ ਸੰਧੂ ਤੇ ਬੀਬੀ ਕਸ਼ਮੀਰ ਕੁਰੈਸ਼ੀ ਦੀ ਪ੍ਰਧਾਨਗੀ ਵਿੱਚ ਸਮਾਗਮ ਨੂੰ ਸੰਬੋਧਨ ਕਰਨ ਲਈ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਸਾਬਕਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਪਹੁੰਚੇ। ਉਨ੍ਹਾਂ ਨੇ ਆਪਣੀ ਲੰਬੀ ਤਕਰੀਰ ਵਿੱਚ ਕਾਰਲ ਮਾਰਕਸ ਦੇ ਜਨਮ, ਜਵਾਨੀ, ਜਰਮਨੀ ਤੋਂ ਦੇਸ਼ ਨਿਕਾਲੇ ਤੋਂ ਲੈ ਕੇ ਉਹਨਾਂ ਦੇ ਵਿਆਹ, ਬੱਚੇ, ਘਰ ਦੀ ਮਾੜੀ ਆਰਥਿਕਤਾ, ਕਮਿਊਨਿਸਟ ਮੈਨੀਫੈਸਟੋ, ਦਾਸ ਕੈਪੀਟਲ ਅਤੇ ਮਾਰਕਸ ਤੇ ਫਰੈਡਰਿਕ ਏਂਗਲਜ਼ ਦੀ ਨਿੱਜੀ ਅਤੇ ਵਿਚਾਰਧਾਰਕ ਪਰਪੱਕ ਦੋਸਤੀ ਦਾ ਵਰਨਣ ਕੀਤਾ।
ਕਾਮਰੇਡ ਬਰਾੜ ਨੇ ਕਿਹਾ ਕਿ ਕਾਰਲ ਮਾਰਕਸ ਜਿੱਥੇ ਇੱਕ ਮਹਾਨ ਫਿਲਾਸਫਰ ਤੇ ਅਰਥਸ਼ਾਸਤਰੀ ਸੀ, ਉਥੇ ਇੱਕ ਮਹਾਨ ਕ੍ਰਾਂਤੀਕਾਰੀ ਵੀ ਸੀ। ਜਦੋਂ ਪੜ੍ਹੇ-ਲਿਖੇ ਵਿਦਵਾਨ ਲੋਕ ਸੰਸਾਰ ਦੀ ਉਣਤਰ-ਬਣਤਰ ਦਾ ਵਰਣਨ ਕਰਦਿਆਂ ਇਸ ਨੂੰ ਦੁੱਖਾਂ ਦਾ ਘਰ ਦੱਸਦੇ ਸਨ ਤਾਂ ਮਾਰਕਸ ਨੇ ਬਦਲ ਦਾ ਰਾਹ ਦਿਖਾਇਆ ਤੇ ਕਿਹਾ ਕਿ ਸੰਸਾਰ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ। ਉਸ ਵੇਲੇ ਕੁਝ ਅਮੀਰ ਲੋਕਾਂ ਵੱਲੋਂ ਫੈਲਾਏ ਜਾਂਦੇ ਭਰਮ ਕਿ ਕਮਿਊਨਿਸਟ ਖਤਰਨਾਕ ਹੁੰਦੇ ਹਨ ਤੇ ਇਹ ਲੋਕਾਂ ਦੀਆਂ ਜਾਇਦਾਦਾਂ ਲੁੱਟ ਲੈਣਗੇ, ਬਾਰੇ ਮਾਰਕਸ ਨੇ ਮਜ਼ਦੂਰ ਵਰਗ ਨੂੰ ਸਮਝਾਇਆ ਕਿ ਇਹ ਕੁਝ ਮੁੱਠੀ ਭਰ ਲੋਕਾਂ ਵੱਲੋਂ ਕੀਤਾ ਜਾ ਰਿਹਾ ਕੂੜ ਪ੍ਰਚਾਰ ਹੈ। ਮਾਰਕਸ ਨੇ ਦੱਸਿਆ ਕਿ ਤੁਹਾਡੇ ਕੋਲ ਗਵਾਉਣ ਲਈ ਕੁਝ ਨਹੀਂ ਹੈ, ਸਿਰਫ ਬੇੜੀਆਂ ਹਨ, ਜਦ ਕਿ ਜਿੱਤਣ ਲਈ ਸਾਰਾ ਸੰਸਾਰ ਹੈ।ਕਾਮਰੇਡ ਬਰਾੜ ਨੇ ਕਾਰਲ ਮਾਰਕਸ ਦੇ ਉਸ ਕਥਨ ਦੀ ਵੀ ਵਿਆਖਿਆ ਕੀਤੀ, ਜਿਸ ਵਿੱਚ ਉਹ ਕਹਿੰਦੇ ਹਨ ਕਿ ਬਹੁਤੇ ਦਾਰਸ਼ਨਿਕਾਂ ਨੇ ਦੁਨੀਆ ਦੀ ਵੱਖ-ਵੱਖ ਢੰਗਾਂ ਨਾਲ ਵਿਆਖਿਆ ਹੀ ਕੀਤੀ ਹੈ, ਪਰ ਅਸਲ ਗੱਲ ਇਸ ਨੂੰ ਬਦਲਣ ਦੀ ਹੈ। ਸਮਾਗਮ ਵਿੱਚ ਮੌਜੂਦ ਨੌਜਵਾਨਾਂ ਨੂੰ ਸੰਘਰਸ਼ਾਂ ਦੇ ਪਿੜ ਮੱਲਣ ਲਈ ਕਾਮਰੇਡ ਬਰਾੜ ਨੇ ਮਾਰਕਸ ਦੇ ਕਥਨ ਦਾ ਹਵਾਲਾ ਦਿੱਤਾ ਕਿ ਸਾਰੇ ਮੌਜੂਦਾ ਸਮਾਜਾਂ ਦਾ ਇਤਿਹਾਸ ਜਮਾਤੀ ਸੰਘਰਸ਼ਾਂ ਦਾ ਹੈ। ਕਮਿਊਨਿਸਟ ਆਗੂ ਨੇ ਸਮਾਗਮ ਵਿੱਚ ਆਏ ਨੌਜਵਾਨਾਂ ਨੂੰ ‘ਕਮਿਊਨ’ ਦੇ ਅਰਥ ਦੇ ਹਵਾਲੇ ਨਾਲ ਕਮਿਊਨਿਸਟਾਂ ਦੀ ਸੋਚ ਬਾਰੇ ਜਾਣਕਾਰੀ ਦਿੱਤੀ। ਬਰਾੜ ਨੇ ਦੱਸਿਆ ਕਿ ਕਮਿਊਨਿਸਟ ਸਾਂਝੀਵਾਲਤਾ, ਬਰਾਬਰੀ ਤੇ ਸਦਭਾਵਨਾ ਵਾਲਾ ਸਮਾਜ ਸਿਰਜਣਾ ਚਾਹੁੰਦੇ ਹਨ।
ਮੌਜੂਦਾ ਸੰਸਾਰ ਦੀ ਉਥਲ-ਪੁਥਲ ਅਤੇ ਅਮਰੀਕਾ ਤੇ ਇਜ਼ਰਾਇਲ ਵੱਲੋਂ ਠੋਸੀਆਂ ਜਾ ਰਹੀਆਂ ਨਿਹੱਕੀਆਂ ਜੰਗਾਂ ਦੀ ਸਖਤ ਨਿਖੇਧੀ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਕਮਿਊਨਿਸਟ ਅਮਨ ਦੇ ਹਾਮੀ ਹਨ। ਮੋਦੀ ਸਰਕਾਰ ਦੇ ਕਾਰਪੋਰੇਟਾਂ ਪ੍ਰਤੀ ਕੁਝ ਜ਼ਿਆਦਾ ਹੀ ਹੇਜਲੇ ਵਰਤਾਰੇ ਦੀ ਗੱਲ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਕੇਂਦਰ ਦੀ ਸਰਕਾਰ ਨੇ ਅਡਾਨੀਆਂ-ਅੰਬਾਨੀਆਂ ਦੇ 16 ਲੱਖ ਕਰੋੜ ਰੁਪਏ ਮਾਫ ਕਰਕੇ ਦੇਸ਼ ਦਾ ਆਰਥਿਕ ਨੁਕਸਾਨ ਕੀਤਾ ਹੈ।ਸਮਾਗਮ ਨੂੰ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ, ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਾਮਰੇਡ ਵੀਰ ਕੁਮਾਰ, ਕਾਮਰੇਡ ਸਿਕੰਦਰ ਸੰਧੂ, ਨੌਜਵਾਨ ਸਭਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਾਥੀ ਮਨਦੀਪ ਸਿੱਧੂ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ਼ ਗਿਆਨ ਸੈਦਪੁਰੀ ਨੇ ਨਿਭਾਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੀਤਲ ਬੜਾ ਪਿੰਡ, ਸਾਹਬੀ ਕਾਹਲਵਾਂ, ਅਮਨਦੀਪ ਸਿੰਘ ਚੀਦਾ ਅਤੇ ਸੋਹਣ ਸਿੰਘ ਵੀ ਮੌਜੂਦ ਸਨ। ਸਮਾਗਮ ਦੌਰਾਨ ਕਾਰਲ ਮਾਰਕਸ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਨ ਲਈ ਕੇਕ ਵੀ ਕੱਟਿਆ ਗਿਆ।