ਫਰੀਦਕੋਟ (ਐਲਿਗਜੈਂਡਰ ਡਿਸੂਜਾ)
ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਵੱਲੋਂ ਮਨਾਏ ਜਾ ਰਹੇ ‘ਸਿਧਾਂਤਕ ਪੰਦਰਵਾੜੇ’ ਤਹਿਤ ਵੀਰਵਾਰ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਭਵਨ ਵਿਖੇ ਜ਼ਿਲ੍ਹਾ ਕੌਂਸਲ ਦੀ ਇੱਕ ਪ੍ਰਭਾਵਸ਼ਾਲੀ ਮੀਟਿੰਗ ਹੋਈ।
ਗੁਰਚਰਨ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪਾਰਟੀ ਦੇ ਰਾਜਸੀ ਅਤੇ ਜਥੇਬੰਦਕ ਮੁੱਦਿਆਂ ‘ਤੇ ਡੂੰਘੀ ਵਿਚਾਰ-ਚਰਚਾ ਕੀਤੀ ਗਈ।ਮੀਟਿੰਗ ਨੂੰ ਮੁੱਖ ਤੌਰ ‘ਤੇ ਸੰਬੋਧਨ ਕਰਦਿਆਂ ਪਾਰਟੀ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਮਾਰਕਸਵਾਦ-ਲੈਨਿਨਵਾਦ ਕੋਈ ਸਿਰਫ਼ ਨਾਅਰਾ ਨਹੀਂ, ਸਗੋਂ ਇੱਕ ਅਟੱਲ ਵਿਗਿਆਨਕ ਸਿਧਾਂਤ ਹੈ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਜਿਹੜੀਆਂ ਤਾਕਤਾਂ ਮਾਰਕਸਵਾਦ ਨੂੰ ਖ਼ਤਮ ਕਰਨ ਦੇ ਸੁਪਨੇ ਲੈਂਦੀਆਂ ਸਨ, ਉਹ ਖ਼ੁਦ ਇਤਿਹਾਸ ਦੇ ਪੰਨਿਆਂ ਵਿੱਚ ਗੁਆਚ ਗਈਆਂ ਹਨ, ਪਰ ਮਾਰਕਸਵਾਦ ਅੱਜ ਵੀ ਦੁਨੀਆ ਭਰ ਦੇ ਕਿਰਤੀਆਂ ਦਾ ਰਾਹ-ਦਸੇਰਾ ਬਣਿਆ ਹੋਇਆ ਹੈ। ਉਨ੍ਹਾ ਕਿਹਾ ਕਿ ਦੇਸ਼ ਵਿੱਚ ਵਧ ਰਹੀਆਂ ਫਾਸ਼ੀਵਾਦੀ ਤਾਕਤਾਂ ਦਾ ਟਾਕਰਾ ਸਿਰਫ਼ ਸਿਧਾਂਤਕ ਤੌਰ ‘ਤੇ ਪਰਪੱਕ ਕਮਿਊਨਿਸਟ ਹੀ ਕਰ ਸਕਦੇ ਹਨ। ਜ਼ਿਲ੍ਹਾ ਕਾਰਜਕਾਰੀ ਸਕੱਤਰ ਪ੍ਰੇਮ ਚਾਵਲਾ ਅਤੇ ਸਹਾਇਕ ਸਕੱਤਰ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਨੇ ਦੱਸਿਆ ਕਿ ਦੇਸ਼ ਦੀ ਏਕਤਾ ਲਈ ਸ਼ਹੀਦ ਹੋਣ ਵਾਲੇ ਕਾਮਰੇਡ ਅਮੋਲਕ ਸਿੰਘ ਔਲਖ ਅਤੇ ਉਨ੍ਹਾ ਦੇ ਸਾਥੀਆਂ ਦਾ 35ਵਾਂ ਬਰਸੀ ਸਮਾਗਮ 7 ਜੂਨ ਨੂੰ ਪਿੰਡ ਔਲਖ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜ਼ਿਲ੍ਹੇ ਭਰ ਵਿੱਚ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ।ਮੀਟਿੰਗ ਵਿੱਚ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ ਨੇ 15 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਰੈਲੀ ਵਿੱਚ ਵੱਡੀ ਸ਼ਮੂਲੀਅਤ ਦਾ ਸੱਦਾ ਦਿੱਤਾ।ਨਰੇਗਾ ਆਗੂਆਂ ਵੀਰ ਸਿੰਘ ਕੰਮੇਆਣਾ ਅਤੇ ਗੋਰਾ ਪਿਪਲੀ ਨੇ 19 ਮਈ ਨੂੰ ਮੁਹਾਲੀ ਵਿਖੇ ਕਿਰਤ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਹੋਣ ਵਾਲੀ ਸੂਬਾਈ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਹਰਪਾਲ ਸਿੰਘ ਮਚਾਕੀ, ਇੰਦਰਜੀਤ ਸਿੰਘ ਗਿੱਲ, ਪ੍ਰਦੀਪ ਸਿੰਘ ਬਰਾੜ, ਚਰਨਜੀਤ ਸਿੰਘ ਚਮੇਲੀ, ਜਤਿੰਦਰ ਸਿੰਘ ਜੰਡਵਾਲਾ, ਜਗਤਾਰ ਸਿੰਘ ਭਾਣਾ, ਮੁਖਤਿਆਰ ਸਿੰਘ, ਗੁਰਦੀਪ ਸਿੰਘ ਦੀਪ ਸਿੰਘ ਵਾਲਾ, ਸੋਮ ਨਾਥ ਅਰੋੜਾ, ਜਸਪਾਲ ਸਿੰਘ, ਬੋਹੜ ਸਿੰਘ ਔਲਖ, ਰੇਸ਼ਮ ਸਿੰਘ ਜਟਾਣਾ, ਮਹਿਲਾ ਆਗੂ ਹਰਪ੍ਰੀਤ ਕੌਰ ਚਹਿਲ, ਸਿਮਰਨ ਕੌਰ, ਸਰਬਜੀਤ ਕੌਰ ਚੰਦਬਾਜਾ, ਵੀਰਪਾਲ ਕੌਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਆਗੂ ਹਾਜ਼ਰ ਸਨ।





