ਕੋਲਕਾਤਾ : ਪੱਛਮੀ ਬੰਗਾਲ ਦੇ ਚੋਣਾਂ ਤੋਂ ਬਾਅਦ ਦੇ ਤਣਾਅ ਨੇ ਬੁੱਧਵਾਰ ਰਾਤ ਨੂੰ ਉਸ ਸਮੇਂ ਖੂਨੀ ਰੂਪ ਧਾਰ ਲਿਆ ਜਦੋਂ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਕਰੀਬੀ ਸਹਿਯੋਗੀ (ਪੀ ਏ) ਚੰਦਰਨਾਥ ਰਥ ਦੀ ਉੱਤਰੀ 24 ਪਰਗਨਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਸਖ਼ਤ ਮੁਕਾਬਲੇ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਘੋਸ਼ਣਾ ਦੇ 48 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ, ਇਸ ਹੱਤਿਆ ਨੇ ਬੰਗਾਲ ਦੇ ਸਿਆਸੀ ਹਲਕਿਆਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਮੁਢਲੀ ਜਾਣਕਾਰੀ ਅਨੁਸਾਰ ਰਥ ਨੂੰ ਰਾਤ ਕਰੀਬ 10.30 ਵਜੇ ਮੱਧਮਗ੍ਰਾਮ ਦੇ ਡੋਲਤਲਾ ਨੇੜੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਰੋਕਿਆ ਸੀ, ਜਿਨ੍ਹਾਂ ਨੇ ਉਸ ਦੇ ਵਾਹਨ ਦਾ ਪਿੱਛਾ ਕੀਤਾ, ਉਸ ਨੂੰ ਰੁਕਣ ਲਈ ਮਜਬੂਰ ਕੀਤਾ ਅਤੇ ਫਰਾਰ ਹੋਣ ਤੋਂ ਪਹਿਲਾਂ ਗੋਲੀਆਂ ਚਲਾ ਦਿੱਤੀਆਂ। ਰਥ ਦਾ ਡਰਾਈਵਰ, ਜਿਸ ਨੂੰ ਹਮਲੇ ਦੌਰਾਨ ਗੋਲੀਆਂ ਲੱਗੀਆਂ ਸਨ, ਨੂੰ ਨਾਜ਼ੁਕ ਹਾਲਤ ਵਿਚ ਕੋਲਕਾਤਾ ਦੇ ਇਕ ਹਸਪਤਾਲ ਵਿਚ ਭੇਜ ਦਿੱਤਾ ਗਿਆ। ਤ੍ਰਿਣਮੂਲ ਕਾਂਗਰਸ ਨੇ ਹੱਤਿਆ ਦੀ ਨਿੰਦਾ ਕੀਤੀ ਅਤੇ ਅਦਾਲਤ ਦੀ ਨਿਗਰਾਨੀ ਹੇਠ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਪਾਣੀਹਾਟੀ ਵਿੱਚ ਇੱਕ ਬੰਬ ਧਮਾਕੇ ਵਿੱਚ ਭਾਜਪਾ ਦੇ ਪੰਜ ਸਮਰਥਕ ਜ਼ਖਮੀ ਹੋ ਗਏ ਹਨ, ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੁੱਧਵਾਰ ਦੇਰ ਰਾਤ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਕਰੀਬੀ ਸਹਿਯੋਗੀ ਚੰਦਰਨਾਥ ਰਥ ਦੀ ਮੋਟਰਸਾਈਕਲ ਸਵਾਰ ਹਮਲਾਵਰਾਂ ਦੁਆਰਾ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਵਾਪਰੀ ਹੈ। ਬੰਬ ਧਮਾਕਾ ਪਾਣੀਹਾਟੀ ਵਿੱਚ ਸੇਂਟ ਜ਼ੇਵੀਅਰਜ਼ ਇੰਸਟੀਚਿਊਟ ਦੇ ਨੇੜੇ ਹੋਇਆ। ਪੁਲਸ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਨੇ ਭਾਜਪਾ ਵਰਕਰਾਂ ਦੇ ਇੱਕ ਸਮੂਹ ‘ਤੇ ਦੇਸੀ ਬੰਬ ਸੁੱਟੇ, ਜਿਸ ਵਿੱਚ ਘੱਟੋ-ਘੱਟ ਪੰਜ ਲੋਕ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੂੰ ਤ੍ਰਿਣਮੂਲ ਕਾਂਗਰਸ ਦੀ ਹਮਾਇਤ ਹਾਸਲ ਹੈ ਜਿਸ ਦੋਸ਼ ਨੂੰ ਮਮਤਾ ਬੈਨਰਜੀ ਨੇ ਨਕਾਰ ਦਿੱਤਾ ਹੈ।




