19 ਮਈ ਦੇ ਪ੍ਰਦਰਸ਼ਨ ‘ਚ ਵਧ-ਚੜ੍ਹ ਕੇ ਪਹੁੰਚਿਆ ਜਾਵੇ : ਬਰਾੜ, ਧਾਲੀਵਾਲ

0
16

ਜਲੰਧਰ : ਪਾਵਰਕਾਮ ਅਦਾਰੇ ਵਿੱਚ ਕੰਮ ਕਰ ਰਹੀਆਂ ਇਕ ਵਿਚਾਰਧਾਰਾ ਵਾਲੀਆਂ ਦੋ ਸਿਰਮੌਰ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿ : 41 ਅਤੇ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਰਜਿ : 14/1965 ਦੀ ਬੀਤੀ 18 ਅਪਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਆਪਸੀ ਏਕਤਾ ਨੂੰ ਸਮਰਪਿਤ ਹੋਈ ਸੂਬਾ ਕਾਨਫਰੰਸ ਵਿੱਚ ਚੁਣੇ ਗਏ ਨਵੇਂ ਸੂਬਾਈ ਅਹੁਦੇਦਾਰਾਂ ਦੀ ਮੀਟਿੰਗ ਕਾਮਰੇਡ ਜਸਵੰਤ ਸਿੰਘ ਸਮਰਾ ਹਾਲ ਵਿਖੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਹਿੱਸਾ ਲੈਣ ਪਹੁੰਚੇ ਪੰਜਾਬ ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ, ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ 19 ਮਈ ਦੇ ਲੇਬਰ ਕਮਿਸ਼ਨਰ ਦਫਤਰ ਮੁਹਾਲੀ ਵਿਖੇ ਪੰਜਾਬ ਏਟਕ ਦੇ ਸੱਦੇ ‘ਤੇ ਉਜਰਤਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਫੈਡਰੇਸ਼ਨ ਵਰਕਰਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।ਸਾਬਕਾ ਵਿਧਾਇਕ ਕਾ. ਹਰਦੇਵ ਅਰਸ਼ੀ, ਸਾਬਕਾ ਚੀਫ ਪੈਟਰਨ ਕਾ. ਕਰਮਚੰਦ ਭਾਰਦਵਾਜ ਨੇ ਦੋਵਾਂ ਜਥੇਬੰਦੀਆਂ ਦੀ ਹੋਈ ਆਪਸੀ ਏਕਤਾ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਦੇਸ਼ ਵਿੱਚ ਫੈਲਾਈ ਜਾ ਰਹੀ ਫਿਰਕੂ ਹਨੇਰੀ ਤੋਂ ਸੁਚੇਤ ਰਹਿ ਕੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੱਡੀ ਲਾਮਬੰਦੀ ‘ਤੇ ਜ਼ੋਰ ਦਿੱਤਾ।ਐੱਫ ਈ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਸਰਿੰਦਰਪਾਲ ਲਹੌਰੀਆ, ਰਛਪਾਲ ਸਿੰਘ ਪਾਲੀ, ਦਰਸ਼ਨ ਲਾਲ ਮੋਗਾ, ਸਾਬਕਾ ਪ੍ਰਧਾਨ ਜਰਨੈਲ ਸਿੰਘ ਔਲਖ ਅਤੇ ਸਾਬਕਾ ਜਨਰਲ ਸਕੱਤਰ ਬਲਜੀਤ ਸਿੰਘ ਮੋਦਲਾ ਨੇ ਆਪਸੀ ਏਕਤਾ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਨਵੀਂ ਲੀਡਰਸ਼ਿਪ ਨੂੰ ਭਰਵੇਂ ਸਹਿਯੋਗ ਦਾ ਭਰੋਸਾ ਦਿੱਤਾ ।ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਨੂੰ ਵੱਟੇ ਖਾਤੇ ਪਾਉਣ ਦੇ ਵਤੀਰੇ ਖਿਲਾਫ਼ ਉਲੀਕੇ ਸੰਘਰਸ਼ਾਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀਆਂ ਤਿਆਰੀਆਂ ਬਾਰੇ ਲਾਮਬੰਦੀ ਕੀਤੀ। ਮੀਟਿੰਗ ਦੀ ਕਾਰਵਾਈ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਹਰਵਿੰਦਰ ਸਿੰਘ ਅਕਾਲਗੜ੍ਹ ਨੇ ਦੱਸਿਆ ਕਿ 10 ਮਈ ਨੂੰ ਜਥੇਬੰਦੀ ਦੇ ਬਾਨੀ ਪ੍ਰਧਾਨ ਮਰਹੂਮ ਕਾਮਰੇਡ ਐੱਚ ਐੱਸ ਪ੍ਰਮਾਰ ਦਾ ਜਨਮ ਦਿਹਾੜਾ ਸ਼ਹੀਦ ਕਰਨੈਲ ਸਿੰਘ ਈਸੜੂ ਯਾਦਗਾਰੀ ਭਵਨ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਹਰੇਕ ਸਰਕਲ ਦੇ 5 ਆਗੂ ਹਿੱਸਾ ਲੈਣਗੇ, 17 ਮਈ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਸੱਦੇ ‘ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਸਾਂਝੀ ਕਨਵੈਨਸ਼ਨ ਵਿੱਚ ਨੇੜੇ ਵਾਲੇ ਸਰਕਲ 10 ਅਤੇ ਦੂਰ ਵਾਲੇ ਸਰਕਲ 5 ਸਾਥੀ ਝੰਡੇ ਅਤੇ ਮਾਟੋ ਲੈ ਕੇ ਹਿੱਸਾ ਲੈਣਗੇ।ਇਸੇ ਤਰ੍ਹਾਂ 19 ਮਈ ਨੂੰ ਪੰਜਾਬ ਏਟਕ ਦੇ ਸੱਦੇ ‘ਤੇ ਲੇਬਰ ਕਮਿਸ਼ਨਰ ਦਫਤਰ ਮੁਹਾਲੀ ਵਿਖੇ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੇ ਮਸਲਿਆਂ ਨੂੰ ਉਭਾਰਨ, ਕੱਚੇ ਕਾਮਿਆਂ ਦੀ ਤਨਖਾਹ ਵਿੱਚ ਸਰਕਾਰ ਵੱਲੋਂ ਕੀਤੇ 15 ਪ੍ਰਤੀਸ਼ਤ ਨਿਗੂਣੇ ਵਾਧੇ ਖਿਲਾਫ਼ ਅਤੇ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਇਕ ਹਜ਼ਾਰ ਵਰਕਰ ਵਹੀਰਾਂ ਘੱਤ ਕੇ ਸ਼ਾਮਲ ਹੋਣਗੇ। ਸੂਬਾ ਪ੍ਰਧਾਨ ਬਾਸਰਕੇ ਅਤੇ ਜਨਰਲ ਸਕੱਤਰ ਅਕਾਲਗੜ੍ਹ ਨੇ ਕਿਹਾ ਕਿ ਜੇਕਰ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਹੋਈਆਂ ਸਹਿਮਤੀਆਂ ਨੂੰ 15 ਮਈ ਤੱਕ ਲਾਗੂ ਨਾ ਕੀਤਾ ਤਾਂ 24 ਮਈ ਨੂੰ ਮੰਗਾਂ/ਮਸਲਿਆਂ ਦੇ ਹੱਲ ਲਈ ਮੁਲਾਜ਼ਮ ਅਤੇ ਪੈਨਸ਼ਨਰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਰੋਸ ਧਰਨਾ ਲਗਾਉਣ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕਾਲੇ ਝੰਡਿਆਂ ਨਾਲ ਮੁਜ਼ਾਹਰਾ ਕਰਨ ਉਪਰੰਤ 16 ਅਤੇ 17 ਜੂਨ ਨੂੰ ਜਿੱਥੇ ਬਿਜਲੀ ਕਾਮੇ ਦੋ ਰੋਜ਼ਾ ਮੁਕੰਮਲ ਹੜਤਾਲ ਕਰਨਗੇ, ਉਥੇ ਪੈਨਸ਼ਨਰ ਵੀ ਲਟਕਦੀਆਂ ਮੰਗਾਂ ਦੇ ਹੱਲ ਲਈ ਅਤੇ ਰੋਕੇ ਮਹਿੰਗਾਈ ਭੱਤੇ ਦੀ ਪ੍ਰਾਪਤੀ ਵਾਸਤੇ ਆਪਣੇ-ਆਪ ਨੂੰ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਗ੍ਰਿਫ਼ਤਾਰੀਆਂ ਲਈ ਪੇਸ਼ ਕਰਨਗੇ। ਆਗੂਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਉਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਮੰਨ ਲਵੇ, ਨਹੀਂ ਤਾਂ ਮੁਲਾਜ਼ਮਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਵੇਗਾ।ਇਸ ਮੀਟਿੰਗ ਵਿੱਚ ਸੂਬਾ ਕਮੇਟੀ ਆਗੂਆਂ ਦਵਿੰਦਰ ਸਿੰਘ ਰੋਪੜ, ਰਾਕੇਸ਼ ਸੈਣੀ ਫਿਰੋਜ਼ਪੁਰ, ਕੁਲਵਿੰਦਰ ਸਿੰਘ ਬਾਗੜੀਆਂ, ਸਾਹਿਬ ਸਿੰਘ ਧਾਲੀਵਾਲ, ਮੋਹਨ ਸਿੰਘ ਗਿੱਲ, ਜਸਵਿੰਦਰ ਸਿੰਘ, ਠਾਕਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮਹਿਦੂਦਾਂ, ਲਖਵੀਰ ਸਿੰਘ, ਅਰੁਣ ਕੁਮਾਰ, ਮਨਿੰਦਰ ਸਿੰਘ ਆਦਿ ਨੇ ਹਿੱਸਾ ਲਿਆ।