ਸੰਧਵਾਂ ਨੇ ਮੁੱਖ ਮੰਤਰੀ ਦੇ ਬਿਆਨ ‘ਤੇ ਲਾਈ ਮੋਹਰ

0
7

ਮਹਿਲ ਕਲਾਂ (ਬਰਨਾਲਾ) : ਪੰਜਾਬ ਵਿੱਚ ਬੰਬ ਧਮਾਕਿਆਂ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ਵਿਰੁੱਧ ਦਿੱਤੇ ਗਏ ਬਿਆਨ ‘ਤੇ ਮੋਹਰ ਲਗਾਉਂਦਿਆਂ ਸੰਧਵਾਂ ਨੇ ਕਿਹਾ ਕਿ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਉੱਥੇ ਅਕਸਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਅਤੇ ਦੰਗੇ ਹੋਣੇ ਸ਼ੁਰੂ ਹੋ ਜਾਂਦੇ ਹਨ, ਅਜਿਹੀ ਲੋਕਾਂ ਵਿਚ ਆਮ ਧਾਰਨਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀਰਵਾਰ ਨੂੰ ਬਰਨਾਲਾ ਵਿਖੇ ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਬੁੱਤ ਸਥਾਪਤ ਕਰਨ ਦੀ ਰਸਮ ਨਿਭਾਉਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੀਕਰ ਸੰਧਵਾਂ ਨੇ ਸਿਆਸੀ ਅਤੇ ਧਾਰਮਿਕ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਕੀਤੀ। ਉਨ੍ਹਾ ਕਿਹਾ ਕਿ ਜੇ ਮੁੱਖ ਮੰਤਰੀ ਨੇ ਕੋਈ ਬਿਆਨ ਦਿੱਤਾ ਹੈ ਤਾਂ ਉਸ ਪਿੱਛੇ ਕੋਈ ਨਾ ਕੋਈ ਠੋਸ ਆਧਾਰ ਅਤੇ ਖੁਫੀਆ ਜਾਣਕਾਰੀ ਜ਼ਰੂਰ ਹੋਵੇਗੀ। ਬੇਅਦਬੀ ਮਾਮਲਿਆਂ ਸੰਬੰਧੀ ਬਣਾਏ ਗਏ ਕਾਨੂੰਨ ਬਾਰੇ ਬੋਲਦਿਆਂ ਸਪੀਕਰ ਨੇ ਦੱਸਿਆ ਕਿ ਉਨ੍ਹਾਂ ਨੂੰ 8 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ ਗਿਆ ਹੈ। ਉਨ੍ਹਾ ਕਿਹਾ ਕਿ ਇੱਕ ਨਿਮਾਣੇ ਸਿੱਖ ਵਜੋਂ ਨੰਗੇ ਪੈਰੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਜਾਵਾਂਗਾ ਅਤੇ ਆਪਣਾ ਪੱਖ ਰੱਖਾਂਗਾ। ਉਨ੍ਹਾ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਵੱਲੋਂ ਬੇਅਦਬੀ ਵਿਰੁੱਧ ਬੇਹੱਦ ਸਖ਼ਤ ਕਾਨੂੰਨ ਲਿਆਂਦਾ ਗਿਆ ਹੈ, ਜਿਸ ਤਹਿਤ ਦੋਸ਼ੀਆਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕੇਗੀ। ਜੱਸਾ ਸਿੰਘ ਰਾਮਗੜ੍ਹੀਆ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀ ਬਹਾਦਰੀ ਬਾਰੇ ਪਤਾ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਮੁਗਲਾਂ ਨੂੰ ਹਰਾ ਕੇ ਦਿੱਲੀ ‘ਤੇ ਫਤਿਹ ਹਾਸਲ ਕੀਤੀ ਸੀ। ਇਸ ਮੌਕੇ ਐੱਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸੰਬੋਧਨ ਕੀਤਾ ਅਤੇ ਸ਼ਹਿਰ ਵਾਸੀਆਂ ਨੂੰ ਇਸ ਯਾਦਗਾਰੀ ਬੁੱਤ ਦੀ ਸਥਾਪਨਾ ‘ਤੇ ਵਧਾਈ ਦਿੱਤੀ।