ਬੇਅਦਬੀ ਮਾਮਲੇ ‘ਚ ਕੋਈ ਮਾਨਸਿਕ ਰੋਗੀ ਸ਼ਾਮਲ ਹੋਇਆ ਤਾਂ ਪਰਵਾਰ ‘ਤੇ ਦਰਜ ਹੋਵੇਗਾ ਕੇਸ : ਭਗਵੰਤ ਮਾਨ

0
3

ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ, ਇਕਬਾਲ ਸਿੰਘ ਉੱਭੀ)
ਹਲਕਾ ਸੈਂਟਰਲ ਤੋਂ ‘ਸ਼ੁਕਰਾਨਾ ਯਾਤਰਾ’ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਜੇ ਕੋਈ ਵਿਅਕਤੀ ਮਾਨਸਿਕ ਤੌਰ ‘ਤੇ ਬਿਮਾਰ (ਮਾਨਸਿਕ ਰੋਗੀ) ਪਾਇਆ ਜਾਂਦਾ ਹੈ ਤਾਂ ਹੁਣ ਉਸ ਦੇ ਪਰਵਾਰਕ ਮੈਂਬਰਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਚੱਲੇਗਾ ਕਿ ਘਰੋਂ ਕਿਸੇ ਮਾਨਸਿਕ ਰੋਗੀ ਨੂੰ ਸਿਖਾ-ਪੜ੍ਹਾ ਕੇ ਬੇਅਦਬੀ ਕਰਨ ਲਈ ਬਾਹਰ ਭੇਜ ਦਿੱਤਾ ਜਾਵੇ ਅਤੇ ਪਰਵਾਰ ਖ਼ੁਦ ਨੂੰ ਇਸ ਤੋਂ ਦੂਰ ਕਰ ਲਵੇ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਪਰਵਾਰ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਹਾਲੀਆ ਧਮਾਕਿਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਆਪਣੀ ਟਿੱਪਣੀ ਮੁੜ ਦੁਹਰਾਈ ਹੈ। ਮੁੱਖ ਮੰਤਰੀ ਮਾਨ ਨੇ ਵੀਰਵਾਰ ਨੂੰ ਕਿਹਾ ਕਿ ਹਾਲ ਹੀ ਵਿੱਚ ਹੋਏ ਜਲੰਧਰ ਅਤੇ ਅੰਮ੍ਰਿਤਸਰ ਦੇ ਧਮਾਕੇ ਖੇਤਰ ਵਿੱਚ ਭਾਜਪਾ ਦੇ ਦਾਖਲੇ ਦਾ ਸੰਕੇਤ ਹਨ। ਮੁੱਖ ਮੰਤਰੀ ਨੇ ਆਪਣੀ ‘ਸ਼ੁਕਰਾਨਾ ਯਾਤਰਾ’ ਦੇ ਦੂਜੇ ਦਿਨ ਜਲੰਧਰ ਵਿੱਚ ਆਪਣੀ ਰਿਹਾਇਸ਼ ਦੇ ਨੇੜੇ ਪਹਿਲੀ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਵਰਗੀਆਂ ਫਿਰਕੂ ਪਾਰਟੀਆਂ ਵੋਟਾਂ ਦੀ ਖਾਤਰ ਲੋਕਾਂ ਨੂੰ ਲੜਾਉਂਦੀਆਂ ਹਨ। ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਛੋਟੇ ਧਮਾਕੇ (ਸੂਬੇ ਵਿੱਚ) ਭਾਜਪਾ ਦੇ ਦਾਖਲੇ ਦੀ ਨਿਸ਼ਾਨੀ ਹਨ। ਜਦੋਂ ਉਹ ਬੰਗਾਲ ਜਿੱਤ ਗਏ, ਤਾਂ ਉਨ੍ਹਾਂ ਕਿਹਾ, ‘ਹੁਣ ਪੰਜਾਬ ਦੀ ਵਾਰੀ ਹੈ’। ਉਹ ਜਿੱਥੇ ਵੀ ਜਾਂਦੇ ਹਨ, ਲੋਕਾਂ ਨੂੰ ਲੜਾਉਂਦੇ ਹਨ। ਉਹ ਹਿੰਦੂਆਂ ਅਤੇ ਸਿੱਖਾਂ ਨੂੰ ਲੜਾਉਣਾ ਚਾਹੁੰਦੇ ਹਨ ਪਰ ਅਸੀਂ ਅਜਿਹਾ ਨਹੀਂ ਚਾਹੁੰਦੇ। ਅਸੀਂ ਇੱਕਜੁੱਟ ਰਹਿੰਦੇ ਹਾਂ ਅਤੇ ਆਪਣੇ ਤਿਉਹਾਰ ਮਿਲ ਕੇ ਮਨਾਉਂਦੇ ਹਾਂ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਕੋਈ ਨਹੀਂ ਤੋੜ ਸਕਦਾ। ਇਸ ਤੋਂ ਬਾਅਦ ਆਦਮਪੁਰ ਵਿੱਚ ਨੁੱਕੜ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਤੇ ਪੰਜਾਬ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਸਹਿਣ ਨਹੀਂ ਕੀਤੀ ਜਾਵੇਗੀ। ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵੀ ਹਾਜ਼ਰ ਸਨ।
ਪੰਜਾਬੀ ਭਾਜਪਾ ਨੂੰ ਢੁਕਵਾਂ ਜਵਾਬ ਦੇਣਗੇ
ਜਲੰਧਰ ਤੋਂ ਸ਼ੁਕਰਾਨਾ ਯਾਤਰਾ ਦੇ ਦੂਜੇ ਦਿਨ ਦੀ ਅਗਵਾਈ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦਮਪੁਰ ਅਤੇ ਕਰਤਾਰਪੁਰ ਵਿਖੇ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਖ਼ੁਦ ਬੇਅਦਬੀ ਵਿੱਚ ਸ਼ਾਮਲ ਸਨ, ਇਸ ਲਈ ਉਨ੍ਹਾਂ ਕੋਲ ਕਾਨੂੰਨ ਦਾ ਵਿਰੋਧ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ। ਉਨ੍ਹਾ ਕਿਹਾ ਕਿ ਪਹਿਲੀਆਂ ਸਰਕਾਰਾਂ ਵੀ ਕਾਨੂੰਨ ਨੂੰ ਮਜ਼ਬੂਤ ਕਰ ਸਕਦੀਆਂ ਸਨ, ਪਰ ਉਨ੍ਹਾਂ ਜਾਣ-ਬੁੱਝ ਕੇ ਅਜਿਹਾ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ—ਲੋਕ ਅਕਾਲੀਆਂ ਨੂੰ ਇਹ ਮੰਨ ਕੇ ਵੋਟ ਪਾਉਂਦੇ ਰਹੇ ਕਿ ਉਹ ਬਾਬਾ ਨਾਨਕ ਦੇ ਆਦਰਸ਼ਾਂ ਦੀ ਨੁਮਾਇੰਦਗੀ ਕਰਦੇ ਹਨ, ਪਰ ਉਨ੍ਹਾਂ ਗੁਰੂਆਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਨਿਰਾਦਰ ਕੀਤਾ। ਅਕਾਲੀਆਂ ਨੂੰ ਛੱਡ ਕੇ ਪੂਰੀ ਸਿੱਖ ਸੰਗਤ ਇਸ ਬੇਅਦਬੀ ਵਿਰੋਧੀ ਕਾਨੂੰਨ ਦਾ ਸਵਾਗਤ ਕਰ ਰਹੀ ਹੈ।
ਯਾਤਰਾ ਦੌਰਾਨ ਲੋਕਾਂ ਵੱਲੋਂ ਦਿੱਤੇ ਗਏ ਅਥਾਹ ਪਿਆਰ ਅਤੇ ਸਨੇਹ ਲਈ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹਨ ਕਿ ਪਰਮਾਤਮਾ ਨੇ ਉਨ੍ਹਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਜ਼ਿੰਮੇਵਾਰੀ ਬਖ਼ਸ਼ੀ ਹੈ।
ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਭਾਜਪਾ ਸੱਤਾ ਵਿੱਚ ਆਉਂਦੀ ਹੈ, ਉਹ ਗਰੀਬਾਂ ਅਤੇ ਆਮ ਲੋਕਾਂ ਲਈ ਬਣਾਈਆਂ ਭਲਾਈ ਯੋਜਨਾਵਾਂ ਨੂੰ ਬੰਦ ਕਰ ਦਿੰਦੀ ਹੈ। ਉਨ੍ਹਾ ਕਿਹਾ ਕਿ“ਉਨ੍ਹਾ ਦਿੱਲੀ ਵਿੱਚ ਮੁਹੱਲਾ ਕਲੀਨਿਕ ਬੰਦ ਕਰ ਦਿੱਤੇ ਅਤੇ ਜੇ ਉਹ ਪੰਜਾਬ ਆਉਂਦੇ ਹਨ ਤਾਂ ਉਹ ਇੱਥੇ ਵੀ ਅਜਿਹਾ ਹੀ ਕਰਨਗੇ। ਇਹ ਪਾਰਟੀਆਂ ਲੋਕ-ਪੱਖੀ ਪਹਿਲਕਦਮੀਆਂ ਦੇ ਵਿਰੁੱਧ ਹਨ ਅਤੇ ਲੋਕ ਭਲਾਈ ਪ੍ਰਤੀ ਸੌੜੀ ਮਾਨਸਿਕਤਾ ਰੱਖਦੀਆਂ ਹਨ। ਉਨ੍ਹਾ ਐਲਾਨ ਕੀਤਾ ਕਿ ਸਖ਼ਤ ਬੇਅਦਬੀ ਵਿਰੋਧੀ ਕਾਨੂੰਨ ਬਣਾਉਣ ਤੋਂ ਬਾਅਦ ਪੰਜਾਬ ਸਰਕਾਰ ਹੁਣ ਨਸ਼ਿਆਂ ਦੇ ਖ਼ਤਰੇ ਵਿਰੁੱਧ ਹੋਰ ਵੀ ਸਖ਼ਤ ਕਾਨੂੰਨ ਲਿਆਏਗੀ। ਕਰਤਾਰਪੁਰ ਵਿਖੇ ਇਕ ਹੋਰ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਅਸਥਿਰਤਾ ਅਤੇ ਡਰ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸ਼ਾਂਤੀ ਪਸੰਦ ਪੰਜਾਬੀ ਉਨ੍ਹਾਂ ਨੂੰ ਢੁਕਵਾਂ ਜਵਾਬ ਦੇਣਗੇ। ਉਹਨਾ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ, ਜੋ ਪੰਜਾਬ ਦੇ ਹਰੇਕ ਪਰਵਾਰ ਲਈ 10 ਲੱਖ ਰੁਪਏ ਤੱਕ ਦੀ ਨਕਦੀ ਰਹਿਤ ਇਲਾਜ ਪ੍ਰਦਾਨ ਕਰਦੀ ਹੈ। ਪੰਜਾਬ ਸਰਕਾਰ ਨੇ ਹਰ ਸ਼੍ਰੇਣੀਆਂ ਦੇ ਪਰਵਾਰਾਂ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਅਤੇ ਅਨੁਸੂਚਿਤ ਜਾਤੀ ਦੇ ਪਰਵਾਰਾਂ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,500 ਰੁਪਏ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। “ਇਹ ਰਕਮ ਕਿਸੇ ਨੂੰ ਅਮੀਰ ਤਾਂ ਨਹੀਂ ਬਣਾ ਸਕਦੀ, ਪਰ ਇਹ ਯਕੀਨੀ ਤੌਰ ‘ਤੇ ਪਰਵਾਰਾਂ ਦੀ ਮਦਦ ਕਰੇਗੀ ਅਤੇ ਔਰਤਾਂ ਨੂੰ ਮਾਣ ਨਾਲ ਜਿਊਣ ਦਾ ਅਧਿਕਾਰ ਦੇਵੇਗੀ।
ਭਾਜਪਾ ਦੀ ਮਾਨਸਿਕਤਾ ਪੰਜਾਬ ਵਿਰੋਧੀ : ਮਾਨ
ਬਿਆਸ/ਤਰਸਿੱਕਾ (ਪਰਮਜੀਤ ਸਿੰਘ ਰੱਖੜਾ, ਤਰਸੇਮ ਸਿੰਘ ਸਾਧਪੁਰ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚਾਰ ਰੋਜ਼ਾ ਸ਼ੁਕਰਾਨਾ ਯਾਤਰਾ ਦੂਜੇ ਦਿਨ ਵੀਰਵਾਰ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੀ। ਇਸ ਮੌਕੇ ਉਨ੍ਹਾ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ‘ਲੋਕ ਸੇਵਾ ਦੀ ਸਿਆਸਤ’ ਕਰ ਰਹੀ ਹੈ ਅਤੇ ਦੂਜੇ ਪਾਸੇ ਭਾਜਪਾ ‘ਪੰਜਾਬ ਵਿਰੋਧੀ ਸਿਆਸਤ’ ਖੇਡ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਨੇ ਸਿਰਫ਼ ਚਾਰ ਸਾਲਾਂ ਦੇ ਅੰਦਰ ਮੁਫ਼ਤ ਬਿਜਲੀ, 65,000 ਸਰਕਾਰੀ ਨੌਕਰੀਆਂ, ਖੇਤਾਂ ਨੂੰ ਨਹਿਰੀ ਪਾਣੀ, 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਯੋਜਨਾ ਅਤੇ ਔਰਤਾਂ ਲਈ ਮਹੀਨਾਵਾਰ ਸਨਮਾਨ ਰਾਸ਼ੀ ਪ੍ਰਦਾਨ ਕੀਤੀ ਹੈ। ਦੂਜੇ ਪਾਸੇ ਕੇਂਦਰ ਵਿੱਚ ਬੈਠੀ ਭਾਜਪਾ ਵਾਰ-ਵਾਰ ਪੰਜਾਬ ਵਿਰੋਧੀ ਫੈਸਲੈ ਕੇ ਪੰਜਾਬੀਆਂ ਨਾਲ ਧੋਖਾ ਕਰ ਰਹੀ ਹੈ।ਉਨ੍ਹਾ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ 700 ਕਿਸਾਨਾਂ ਦੀਆਂ ਹੋਈਆਂ ਮੌਤਾਂ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਉਨ੍ਹਾਂ ਲੋਕਾਂ ਨੂੰ ਕਦੇ ਮੁਆਫ ਨਹੀਂ ਕਰੇਗਾ, ਜਿਨ੍ਹਾਂ ਅੰਨਦਾਤੇ ਦੀ ਆਵਾਜ਼ ਨੂੰ ਕੁਚਲਿਆ ਅਤੇ ਸੂਬੇ ਦੇ ਅਧਿਕਾਰਾਂ, ਵਸੀਲਿਆਂ ਅਤੇ ਪਛਾਣ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ।
ਰਈਆ ਅਤੇ ਹੋਰ ਥਾਵਾਂ ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਕਈ ਵਾਰ ਪ੍ਰਗਟਾਵਾ ਹੋ ਚੁੱਕਾ ਹੈ। ਉਨ੍ਹਾ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 700 ਕਿਸਾਨਾਂ ਦੀਆਂ ਮੌਤਾਂ ਹੋਈਆਂ, ਪੰਜਾਬ ਦੀਆਂ ਝਾਕੀਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਹੋਈਆਂ, ਬੀ ਬੀ ਐੱਮ ਬੀ ਰਾਹੀਂ ਪੰਜਾਬ ਦੇ ਪਾਣੀਆਂ ਨੂੰ ਧੱਕੇ ਨਾਲ ਹਰਿਆਣਾ ਨੂੰ ਦੇਣ ਦੀਆਂ ਕੋਸ਼ਿਸ਼ਾਂ, ਪੰਜਾਬ ਯੂਨੀਵਰਸਿਟੀ ਨੂੰ ਖੋਹਣ ਦੀ ਸਾਜ਼ਿਸ਼, ਚੰਡੀਗੜ੍ਹ ‘ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਅਤੇ ਆਮ ਆਦਮੀ ਕਲੀਨਿਕਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਾਨ ਨੇ ਕਿਹਾ ਕਿ ਭਾਜਪਾ ਨਫ਼ਰਤ ਅਤੇ ਫੁੱਟ-ਪਾਊ ਰਾਜਨੀਤੀ ‘ਤੇ ਚਲਦੀ ਹੈ। ਉਨ੍ਹਾ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਇੱਕੋ ਸਿੱਕੇ ਦੇ ਦੋ ਪਾਸੇ ਹਨ। ਅਕਾਲੀ ਦਲ ਅਤੇ ਬਾਦਲ ਪਰਵਾਰ ਅੱਜ ਸਿਆਸੀ ਤੌਰ ‘ਤੇ ਖੇਰੂੰ-ਖੇਰੂੰ ਹੋ ਚੁੱਕੇ ਹਨ, ਕਿਉਂਕਿ ਪ੍ਰਮਾਤਮਾ ਦੀ ਕਚਹਿਰੀ ਵਿੱਚ ਇਨਸਾਫ ਹੁੰਦਾ ਹੈ।ਧਾਰਮਿਕ ਸੰਸਥਾਵਾਂ ਦੇ ਕੰਮਕਾਜ ‘ਤੇ ਸਵਾਲ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ। ਉਨ੍ਹਾ ਪੁੱਛਿਆ ਕਿ ਲੰਮੇ ਸਮੇਂ ਤੋਂ ਚੋਣਾਂ ਨਾ ਹੋਣ ਕਾਰਨ ਅਜਿਹੇ ਅਦਾਰੇ ਸੰਵਿਧਾਨਕ ਸੰਸਥਾ ਹੋਣ ਦਾ ਦਾਅਵਾ ਕਿਵੇਂ ਜਾਰੀ ਰੱਖ ਸਕਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ—ਧਾਮੀ ਨੂੰ ਆਪਣੇ ਆਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿਪਾਹੀ ਕਹਿਣਾ ਚਾਹੀਦਾ ਹੈ, ਪਰ ਉਹ ਆਪਣੇ ਆਪ ਨੂੰ ਸੁਖਬੀਰ ਬਾਦਲ ਦਾ ਸਿਪਾਹੀ ਦੱਸ ਰਹੇ ਹਨ। ਅੰਮ੍ਰਿਤਸਰ ਦੱਖਣੀ ਅਤੇ ਪੂਰਬੀ ਹਲਕਿਆਂ ਵਿੱਚ ਮੁੱਖ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਯਾਤਰਾ ਦਾ ਕੋਈ ਸਿਆਸੀ ਸੰਬੰਧ ਨਹੀਂ ਹੈ।