ਐਬਟਸਫੋਰਡ : ਕੈਨੇਡਾ ਦੀ ਇੱਕ ਅਦਾਲਤ ਨੇ ਐਬਟਸਫੋਰਡ ਵਿੱਚ ਇੱਕ ਬਜ਼ੁਰਗ ਜੋੜੇ ਦੇ ਕਤਲ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਪਹਿਲੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। ਸੀ ਬੀ ਸੀ ਨਿਊਜ਼ ਮੁਤਾਬਕ ਆਰਨੋਲਡ ਅਤੇ ਜੋਏਨ ਡੀ ਜੋਂਗ ਮਈ 2022 ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਬਰੈਂਡਾ ਬ੍ਰਾਊਨ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਕਿ ਗੁਰਕਰਨ ਸਿੰਘ, ਅਭਿਜੀਤ ਸਿੰਘ ਅਤੇ ਖੁਸ਼ਵੀਰ ਤੂਰ ਨੇ ਇਸ ਕਤਲ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅਦਾਲਤ ਵਿੱਚ ਦੱਸਿਆ ਗਿਆ ਕਿ ਇਹ ਕਤਲ ਪੈਸਿਆਂ ਦੇ ਲਾਲਚ ਵਿੱਚ ਕੀਤੇ ਗਏ ਸਨ। ਇਹ ਤਿੰਨੋਂ ਨੌਜਵਾਨ ਅਭਿਜੀਤ ਸਿੰਘ ਦੀ ਸਫਾਈ ਕੰਪਨੀ ਵਿੱਚ ਕੰਮ ਕਰਦੇ ਸਨ, ਜਿਸ ਨੇ ਪਹਿਲਾਂ ਇਸ ਜੋੜੇ ਦੇ ਘਰ ਸਫਾਈ ਦਾ ਕੰਮ ਕੀਤਾ ਸੀ। ਪ੍ਰੌਸੀਕਿਊਟਰਾਂ ਅਨੁਸਾਰ ਇਨ੍ਹਾਂ ਨੇ ਮਿਲ ਕੇ ਜੋੜੇ ਨੂੰ ਲੁੱਟਣ ਅਤੇ ਮਾਰਨ ਦੀ ਯੋਜਨਾ ਬਣਾਈ ਅਤੇ ਘਰੋਂ ਕ੍ਰੈਡਿਟ ਕਾਰਡ, ਚੈੱਕ ਅਤੇ ਹੋਰ ਸਾਮਾਨ ਚੋਰੀ ਕੀਤਾ। ਘਟਨਾ ਸਥਾਨ ਤੋਂ ਮਿਲੇ ਡੀ ਐੱਨ ਏ , ਰੱਸੀ ਅਤੇ ਬੇਸਬਾਲ ਵਰਗੇ ਸਬੂਤਾਂ ਨੇ ਇਨ੍ਹਾਂ ਨੂੰ ਦੋਸ਼ੀ ਸਾਬਤ ਕਰਨ ਵਿੱਚ ਮਦਦ ਕੀਤੀ। ਇਨ੍ਹਾਂ ਤਿੰਨਾਂ ਨੂੰ ਸਜ਼ਾ 28 ਮਈ ਨੂੰ ਸੁਣਾਈ ਜਾਵੇਗੀ।




