ਸੀਜ਼ੇਰੀਅਨ ਡਲਿਵਰੀ ਤੋਂ ਬਾਅਦ 2 ਮਹਿਲਾਵਾਂ ਦੀ ਮੌਤ, 6 ਦੀ ਹਾਲਤ ਗੰਭੀਰ

0
9

ਜੈਪੁਰ : ਕੋਟਾ ਦੇ ਨਿਊ ਮੈਡੀਕਲ ਕਾਲਜ ਹਸਪਤਾਲ ਵਿੱਚ ਸੀਜ਼ੇਰੀਅਨ ਅਪਰੇਸ਼ਨ ਤੋਂ ਬਾਅਦ 2 ਔਰਤਾਂ ਦੀ ਮੌਤ ਹੋ ਗਈ ਅਤੇ 6 ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਸਖ਼ਤ ਕਾਰਵਾਈ ਕਰਦੇ ਹੋਏ ਇੱਕ ਸੀਨੀਅਰ ਡਾਕਟਰ ਅਤੇ ਦੋ ਨਰਸਿੰਗ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ, ਜਦ ਕਿ ਇੱਕ ਕੰਟਰੈਕਟ ਵਾਲੇ ਡਾਕਟਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਦੋ ਹੋਰ ਡਾਕਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇਸ ਮਾਮਲੇ ਦੀ ਨਿਰਪੱਖ ਅਤੇ ਸਮੇਂ ਸਿਰ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੈਡੀਕਲ ਪ੍ਰੋਟੋਕੋਲ ਦੀ ਪਾਲਣਾ ਵਿੱਚ ਵੱਡੀ ਲਾਪਰਵਾਹੀ ਹੋਈ। ਸੋਮਵਾਰ ਸ਼ਾਮ ਨੂੰ ਲਗਭਗ 12-13 ਔਰਤਾਂ ਦੇ ਅਪਰੇਸ਼ਨ ਹੋਏ ਸਨ, ਜਿਸ ਤੋਂ ਬਾਅਦ ਅਚਾਨਕ 6 ਔਰਤਾਂ ਦਾ ਬਲੱਡ ਪ੍ਰੈਸ਼ਰ ਅਤੇ ਪਲੇਟਲੈਟਸ ਘਟ ਗਏ ਅਤੇ ਪਿਸ਼ਾਬ ਦੀ ਸਮੱਸਿਆ ਹੋਣ ਲੱਗੀ। ਇਹਨਾਂ ਵਿੱਚੋਂ 26 ਸਾਲਾ ਪਾਇਲ ਅਤੇ 19 ਸਾਲਾ ਜੋਤੀ ਦੀ ਇਲਾਜ ਦੌਰਾਨ ਮੌਤ ਹੋ ਗਈ।