ਤਹਿਰਾਨ : ਈਰਾਨ ਦੇ ਸਰਕਾਰੀ ਪ੍ਰਸਾਰਕ ਆਈ ਆਰ ਆਈ ਬੀ ਅਨੁਸਾਰ ਸੰਯੁਕਤ ਰਾਸ਼ਟਰ ਵਿੱਚ ਈਰਾਨ ਦੇ ਸਥਾਈ ਪ੍ਰਤੀਨਿਧ ਅਮੀਰ ਸਈਦ ਇਰਾਵਾਨੀ ਨੇ ਅਮਰੀਕਾ ‘ਤੇ ਹਾਰਮੁਜ਼ ਜਲ ਮਾਰਗ ਦੇ ਨੇੜੇ ਫੌਜੀ ਕਾਰਵਾਈਆਂ ਰਾਹੀਂ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪ੍ਰਧਾਨ ਨੂੰ ਲਿਖੇ ਇੱਕ ਪੱਤਰ ਵਿੱਚ ਇਰਾਵਾਨੀ ਨੇ ਕਿਹਾ ਕਿ ਜਾਸਕ ਬੰਦਰਗਾਹ ਅਤੇ ਹਾਰਮੁਜ਼ ਜਲ ਡਮਰੂ ਦੇ ਨੇੜੇ ਦੋ ਈਰਾਨੀ ਤੇਲ ਟੈਂਕਰਾਂ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਅਤੇ ਈਰਾਨੀ ਤੱਟਵਰਤੀ ਖੇਤਰਾਂ ‘ਤੇ ਹਮਲੇ ਜੰਗਬੰਦੀ ਦੀ ਸਪੱਸ਼ਟ ਉਲੰਘਣਾ ਹੈ। ਉਨ੍ਹਾ ਚਿਤਾਵਨੀ ਦਿੱਤੀ ਕਿ ਫਾਰਸ ਦੀ ਖਾੜੀ ਅਤੇ ਹਾਰਮੁਜ਼ ਦੇ ਜਲ ਡਮਰੂ ਵਿੱਚ ਅਮਰੀਕਾ ਦੀ ਲਗਾਤਾਰ ਫੌਜੀ ਗਤੀਵਿਧੀ ਦੇ ਵਿਨਾਸ਼ਕਾਰੀ ਸਿੱਟੇ ਨਿਕਲ ਸਕਦੇ ਹਨ, ਜੋ ਖੇਤਰ ਤੋਂ ਬਾਹਰ ਤੱਕ ਫੈਲ ਸਕਦੇ ਹਨ ਅਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਹਨ। ਇਰਾਵਾਨੀ ਨੇ ਪੱਤਰ ਵਿੱਚ ਕਿਹਾ ਕਿ ਇਨ੍ਹਾਂ ਕਾਰਵਾਈਆਂ ਦੇ ਨਤੀਜਿਆਂ ਲਈ ਸੰਯੁਕਤ ਰਾਜ ਅਮਰੀਕਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।





