ਚੰਡੀਗੜ੍ਹ : ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਪ੍ਰਸਿੱਧ ਇਤਿਹਾਸਕਾਰ ਅਤੇ ਉੱਘੇ ਵਿਦਵਾਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਸ਼ਨੀਵਾਰ ਸਵੇਰੇ ਪੰਚਕੂਲਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 96 ਵਰ੍ਹਿਆਂ ਦੇ ਪ੍ਰੋ. ਵੜੈਚ ਨੇ ਆਪਣੀ ਵਸੀਅਤ ਮੁਤਾਬਕ ਆਪਣੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਪੀ ਜੀ ਆਈ ਚੰਡੀਗੜ੍ਹ ਨੂੰ ਦਾਨ ਕਰ ਦਿੱਤਾ, ਜੋ ਉਨ੍ਹਾ ਦੇ ਸਮਾਜ ਪ੍ਰਤੀ ਸਮਰਪਣ ਦੀ ਵੱਡੀ ਮਿਸਾਲ ਹੈ। ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿੱਚ ਲੰਮਾ ਸਮਾਂ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਪ੍ਰੋ. ਵੜੈਚ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੇ ਕ੍ਰਾਂਤੀਕਾਰੀ ਅੰਦੋਲਨਾਂ, ਖਾਸ ਕਰਕੇ ਗ਼ਦਰ ਲਹਿਰ ਅਤੇ ਸ਼ਹੀਦ ਭਗਤ ਸਿੰਘ ਵਰਗੇ ਸੂਰਬੀਰਾਂ ਦੇ ਇਤਿਹਾਸ ਨੂੰ ਤੱਥਾਂ ਅਤੇ ਦਸਤਾਵੇਜ਼ਾਂ ਦੇ ਅਧਾਰ ‘ਤੇ ਲਿਖਣ ਲਈ ਅਰਪਿਤ ਕਰ ਦਿੱਤੀ। ਉਨ੍ਹਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ 62 ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਸੰਪਾਦਿਤ ਕੀਤੀਆਂ। ਉਨ੍ਹਾ ਦੀ ਖੋਜ ਸਿਰਫ਼ ਕਿਤਾਬਾਂ ਤੱਕ ਹੀ ਸੀਮਤ ਨਹੀਂ ਸੀ, ਸਗੋਂ ਉਨ੍ਹਾ ਅਦਾਲਤੀ ਲੜਾਈਆਂ ਲੜ ਕੇ ਕਈ ਸੁਤੰਤਰਤਾ ਸੈਨਾਨੀਆਂ ਦੇ ਪਰਵਾਰਾਂ ਨੂੰ ਉਨ੍ਹਾਂ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਵਾਪਸ ਦਿਵਾਈਆਂ ਅਤੇ ਅਸਲ ਹੱਕ ਦਿਵਾਏ। ਜਲੰਧਰ ਵਿੱਚ ਸਥਿਤ ‘ਪ੍ਰੋਫ਼ੈਸਰ ਮਲਵਿੰਦਰਜੀਤ ਸਿੰਘ ਵੜੈਚ ਕ੍ਰਾਂਤੀਕਾਰੀ ਖੋਜ ਕੇਂਦਰ’ ਅੱਜ ਵੀ ਉਨ੍ਹਾ ਦੁਆਰਾ ਇਕੱਠੇ ਕੀਤੇ ਹਜ਼ਾਰਾਂ ਦੁਰਲੱਭ ਦਸਤਾਵੇਜ਼ਾਂ ਅਤੇ ਕ੍ਰਾਂਤੀਕਾਰੀਆਂ ਦੀਆਂ ਨਿੱਜੀ ਵਸਤਾਂ ਨੂੰ ਸੰਭਾਲੀ ਬੈਠਾ ਹੈ। ਉਨ੍ਹਾ ਦੇ ਜਾਣ ਨਾਲ ਪੰਜਾਬ ਦੇ ਸਾਹਿਤਕ ਅਤੇ ਇਤਿਹਾਸਕ ਹਲਕਿਆਂ ਵਿੱਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਤਿਗੁਰੂ ਉਦੇ ਸਿੰਘ ਨੇ ਕਿਹਾ ਹੈ ਕਿ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਨਾਮਧਾਰੀ ਸੰਪ੍ਰਦਾਇ ਅਤੇ ਗ਼ਦਰ ਲਹਿਰ ਦੇ ਮਾਨਵਤਾਵਾਦੀ, ਕੌਮੀ, ਕੌਮਾਂਤਰੀ ਅਤੇ ਅਗਾਂਹਵਧੂ ਚਰਿੱਤਰ ਨੂੰ ਪ੍ਰਮਾਣਿਕ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਪੰਜਾਬੀ ਭਾਈਚਾਰੇ ਦੀ ਸੋਚ ਦਾ ਹਿੱਸਾ ਬਣਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬ ਦੇ ਇਤਿਹਾਸ ਦੀ ਖੋਜ ਲਈ ਉਨ੍ਹਾਂ ਦੀ ਦੇਣ ਅਦੁੱਤੀ ਹੈ।
ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਉਹਨਾ ਦੇ ਸਦੀਵੀ ਵਿਛੋੜੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਹਨਾ ਦੇ ਗ਼ਦਰ ਲਹਿਰ ਦੇ ਇਤਿਹਾਸ ਦੇ ਖੇਤਰ ਵਿੱਚ ਵੱਡੇ ਯੋਗਦਾਨ ਨੂੰ ਯਾਦ ਕੀਤਾ। ਇਸ ਸੰਬੰਧੀ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੀਤੀ ਗਈ ਸ਼ੋਕ ਸਭਾ ਵਿੱਚ ਉਹਨਾ ਨੂੰ ਗ਼ਦਰੀਆਂ ਦੇ ਮੁਨਸ਼ੀ ਵਜੋਂ ਕਰਦਿਆਂ ਸ਼ਰਧਾਂਜ਼ਲੀ ਭੇਟ ਕੀਤੀ ਗਈ। ਉਨ੍ਹਾ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ, ਸ਼ਹੀਦ ਭਗਤ ਸਿੰਘ ਦੇ ਮਾਤਾ ਵਿਦਿਆਵਤੀ, ਬਾਬਾ ਹਰੀ ਸਿੰਘ ਉਸਮਾਨ, ਬਾਬਾ ਅਰਜਨ ਸਿੰਘ ਜਗਰਾਉਂ, ਬਾਬਾ ਰੂੜ ਸਿੰਘ ਚੂਹੜਚੱਕ, ਬਾਬਾ ਪਾਲਾ ਸਿੰਘ ਢੁੱਡੀਕੇ, ਸ਼ਹੀਦ ਜਤਿਨ ਦਾਸ ਦੇ ਭਰਾਤਾ ਕਿਰਨ ਦਾਦਾ ਤੇ ਅਨੇਕਾਂ ਹੋਰ ਦੇਸ਼ ਭਗਤਾਂ ਦੀ ਸੰਗਤ ਮਾਣੀ।
ਲੁਧਿਆਣਾ : ਪ੍ਰਲੇਸ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪ੍ਰਲੇਸ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਉੱਘੇ ਚਿੰਤਕ ਡਾ. ਸਵਰਾਜਬੀਰ, ਇਤਿਹਾਸਕਾਰ ਸੁਵਰਨ ਸਿੰਘ ਵਿਰਕ, ਡਾ. ਸਰਬਜੀਤ ਸਿੰਘ, ਡਾ. ਪਾਲ ਕੌਰ ਅਤੇ ਜਸਪਾਲ ਮਾਨਖੇੜਾ ਨੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਮਲਵਿੰਦਰਜੀਤ ਸਿੰਘ ਵੜੈਚ ਪੰਜਾਬ ਦੀ ਉਸ ਪੀੜ੍ਹੀ ਨਾਲ ਸੰਬੰਧਤ ਸਨ, ਜਿਨ੍ਹਾਂ 1947 ਦੇ ਭਿਆਨਕ ਦੁਖਾਂਤ ਨੂੰ ਵੀ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਉਸ ਤੋਂ ਪਹਿਲਾਂ ਭਾਰਤੀ ਅਜ਼ਾਦੀ ਦੀ ਲੜਾਈ ਲੜਨ ਵਾਲੇ ਬਹੁਤ ਸਾਰੇ ਇਨਕਲਾਬੀਆਂ ਦਾ ਸਾਥ ਮਾਣਿਆ।ਪ੍ਰੋ. ਗੁਰਭਜਨ ਸਿੰਘ ਗਿੱਲ ਉੱਘੇ ਚਿੰਤਕ ਹਰੀਸ਼ ਪੁਰੀ, ਓ ਪੀ ਵਸ਼ਿਸ਼ਟ, ਰਤਨ ਸਿੰਘ ਢਿੱਲੋਂ, ਕਿਰਪਾਲ ਕਜ਼ਾਕ, ਬਲਦੇਵ ਮੋਗਾ, ਡਾ. ਗੁਲਜ਼ਾਰ ਪੰਧੇਰ, ਡਾ. ਅਨੂਪ ਸਿੰਘ, ਪ੍ਰੋ. ਬਲਦੇਵ ਬੱਲੀ, ਰਮੇਸ਼ ਯਾਦਵ, ਜਸਪਾਲ ਮਾਨਖੇੜਾ, ਸੁਰਿੰਦਰ ਗਿੱਲ, ਦਰਸ਼ਨ ਜੋਗਾ, ਹਰਮੀਤ ਵਿਦਿਆਰਥੀ, ਮੱਖਣ ਮਾਨ, ਭੋਲਾ ਸਿੰਘ ਸੰਘੇੜਾ, ਬਲਜੀਤਪਾਲ ਸਿੰਘ, ਅਰਵਿੰਦਰ ਕਾਕੜਾ, ਸੁਖਵਿੰਦਰ ਪੱਪੀ, ਤਰਸੇਮ, ਭੁਪਿੰਦਰ ਸਿੰਘ ਸੰਧੂ ਤੇ ਪਟਿਆਲਾ ਇਕਾਈ ਦੇ ਆਗੂ ਡਾ. ਸੰਤੋਖ ਸੁੱਖੀ, ਡਾ. ਗੁਰਮੀਤ ਕੱਲਰਮਾਜਰੀ, ਸਤਪਾਲ ਭੀਖੀ, ਜਗਪਾਲ ਚਹਿਲ ਅਤੇ ਬਲਵਿੰਦਰ ਸਿੰਘ ਭੱਟੀ ਅਤੇ ਹਰਿਆਣਾ ਇਕਾਈ ਦੇ ਜਨਰਲ ਸਕੱਤਰ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਉਹਨਾ ਦਾ ਜਾਣ ਨਾਲ ਪੰਜਾਬੀ ਇਤਿਹਾਸ ਲੇਖਨ ਅਤੇ ਚਿੰਤਨ ਦੇ ਖੇਤਰ ਵਿਚ ਵੱਡਾ ਘਾਟਾ ਹੈ।





