ਚੇਨਈ : ‘ਤਾਮਿਲਾਗਾ ਵੇਤਰੀ ਕਜ਼ਗਮ’ (ਟੀ ਵੀ ਕੇ) ਦੇ ਵਿਧਾਇਕ ਦਲ ਦੇ ਨੇਤਾ ਅਤੇ ਉੱਘੇ ਅਦਾਕਾਰ ਸੀ. ਜੋਸਫ ਵਿਜੇ ਨੇ ਐਤਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਚੇਨਈ ਦੇ ਜਵਾਹਰ ਲਾਲ ਨਹਿਰੂ ਇੰਡੋਰ ਸਟੇਡੀਅਮ ਵਿੱਚ ਕਰਵਾਏ ਗਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਸਹੁੰ ਚੁੱਕ ਸਮਾਗਮ ਨਾਲ ਸੂਬੇ ਦੀ ਰਾਜਨੀਤੀ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਪਿਛਲੇ 60 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਡੀ.ਐੱਮ.ਕੇ ਜਾਂ ਏ.ਆਈ.ਏ.ਡੀ.ਐੱਮ.ਕੇ ਵਰਗੀਆਂ ਦ੍ਰਾਵਿੜ ਪਾਰਟੀਆਂ ਨੂੰ ਪਛਾੜ ਕੇ ਕਿਸੇ ਤੀਜੀ ਧਿਰ ਨੇ ਸੱਤਾ ਸੰਭਾਲੀ ਹੈ। ਸਟੇਡੀਅਮ ਦੇ ਅੰਦਰ ਅਤੇ ਬਾਹਰ ਲੱਖਾਂ ਦੀ ਗਿਣਤੀ ਵਿੱਚ ਵਿਜੇ ਦੇ ਪ੍ਰਸ਼ੰਸਕ ਅਤੇ ਸਮਰਥਕ ਜਸ਼ਨ ਮਨਾ ਰਹੇ ਹਨ। ਵਿਜੇ ਨੂੰ 13 ਮਈ ਤੱਕ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ। ਵਿਜੇ ਦੀ ਨਵੀਂ ਕੈਬਨਿਟ ਵਿੱਚ ਸ਼ਾਮਲ ਮੰਤਰੀਆਂ ‘ਬੱਸੀ’ ਐਨ. ਆਨੰਦ, ਆਦਵ ਅਰਜੁਨ, ਕੇ.ਏ. ਸੇਂਗੋਟਈਅਨ, ਕੇ.ਜੀ. ਅਰੁਣਰਾਜ, ਪੀ. ਵੈਂਕਟਰਮਨਨ, ਸੀ.ਟੀ.ਆਰ. ਨਿਰਮਲ ਕੁਮਾਰ, ਏ. ਰਾਜਮੋਹਨ ਅਤੇ ਕੇ.ਟੀ. ਨੇ ਵੀ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਤੁਰੰਤ ਬਾਅਦ ਪਹਿਲੀ ਵਾਰ ਤਾਮਿਲਨਾਡੂ ਸਕੱਤਰੇਤ ਪਹੁੰਚਣ ‘ਤੇ ਪੁਲਸ ਵਿਭਾਗ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਸਮੀ ‘ਗਾਰਡ ਆਫ਼ ਆਨਰ’ ਦਿੱਤਾ ਗਿਆ। ਸਕੱਤਰੇਤ ਵਿਖੇ ਮੁੱਖ ਮੰਤਰੀ ਦੇ ਚੈਂਬਰ ਵਿੱਚ ਦਾਖਲ ਹੋਣ ਤੋਂ ਬਾਅਦ ਵਿਜੇ ਨੇ ਅਧਿਕਾਰਤ ਤੌਰ ‘ਤੇ ਆਪਣਾ ਕੰਮਕਾਜ ਸੰਭਾਲਿਆ। ਇਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਸਰਕਾਰੀ ਦਸਤਾਵੇਜ਼ਾਂ ਅਤੇ ਫਾਈਲਾਂ ‘ਤੇ ਦਸਤਖਤ ਕੀਤੇ। ਵਿਜੇ ਨੇ ਆਪਣੀ ਪਹਿਲੀ ਕਲਮ ਨਾਲ ਘਰੇਲੂ ਖਪਤਕਾਰਾਂ ਲਈ 200 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਆਦੇਸ਼ ‘ਤੇ ਦਸਤਖਤ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਔਰਤਾਂ ਦੀ ਸੁਰੱਖਿਆ ਲਈ ਇੱਕ ਵਿਸ਼ੇਸ਼ ਫੋਰਸ ਅਤੇ ਰਾਜ ਭਰ ਵਿੱਚ ਨਸ਼ਾ ਤਸਕਰੀ ਵਿਰੋਧੀ ਇਕਾਈਆਂ ਸਥਾਪਤ ਕਰਨ ਦੀ ਫਾਈਲ ਨੂੰ ਵੀ ਮਨਜ਼ੂਰੀ ਦਿੱਤੀ। ਜਵਾਹਰ ਲਾਲ ਨਹਿਰੂ ਇੰਡੋਰ ਸਟੇਡੀਅਮ ਵਿੱਚ ਆਪਣੇ ਪਹਿਲੇ ਸੰਬੋਧਨ ਦੌਰਾਨ ਵਿਜੇ ਨੇ ਕਿਹਾ ਕਿ ਸੂਬੇ ਵਿੱਚ ਹੁਣ ਅਸਲ ਧਰਮ ਨਿਰਪੱਖਤਾ ਅਤੇ ਸਮਾਜਿਕ ਨਿਆਂ ਪ੍ਰਤੀ ਵਚਨਬੱਧ ਸ਼ਾਸਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਇੱਕ ਸਖ਼ਤ ਸੁਨੇਹਾ ਦਿੰਦਿਆਂ ਸਪੱਸ਼ਟ ਕੀਤਾ ਕਿ ਸਰਕਾਰ ਵਿੱਚ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਸ਼ਕਤੀ ਕੇਂਦਰ ਨਹੀਂ ਹੋਵੇਗਾ ਅਤੇ ਉਹ ਖ਼ੁਦ ਹੀ ਸੱਤਾ ਦੇ ਇਕਲੌਤੇ ਕੇਂਦਰ ਹੋਣਗੇ। ਸਹੁੰ ਚੁੱਕ ਸਮਾਗਮ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।





