ਅਰੋੜਾ ਦੀ ਹਿੰਮਤ ਨੂੰ ਸਲਾਮ : ਕੇਜਰੀਵਾਲ

0
4

ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਇੱਕ ਫਰਜ਼ੀ ਕੇਸ ਵਿੱਚ ਗ੍ਰਿਫ਼ਤਾਰ ਕਰਨ ਨੂੰ ਪੰਜਾਬ ਦੇ ਲੋਕਾਂ ਦੇ ਭਰੋਸੇ, ਵਿਕਾਸ ਅਤੇ ਭਵਿੱਖ ਨਾਲ ਧੋਖਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਹੋਰਨਾਂ ਆਗੂਆਂ ਨੇ ਸੰਕਟ ਦੀ ਇਸ ਘੜੀ ਵਿੱਚ ਵੀ ਸੰਜੀਵ ਅਰੋੜਾ ਦੇ ਅਡੋਲ ਰਹਿਣ ਅਤੇ ਭਾਜਪਾ ਵਿੱਚ ਸ਼ਾਮਲ ਨਾ ਹੋਣ ਦੇ ਫੈਸਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ‘ਐੱਕਸ’ ‘ਤੇ ਕਿਹਾ ਕਿ ਕਿਸੇ ਵੀ ਇਨਸਾਨ ਦੇ ਕਿਰਦਾਰ ਦਾ ਪਤਾ ਮੁਸੀਬਤ ਦੇ ਸਮੇਂ ਲੱਗਦਾ ਹੈ। ਸੰਜੀਵ ਅਰੋੜਾ ਨੇ ਭਾਜਪਾ ਵਿੱਚ ਜਾਣ ਦੀ ਬਜਾਏ ਜੇਲ੍ਹ ਜਾਣਾ ਪਸੰਦ ਕੀਤਾ। ਸੰਜੀਵ ਅਰੋੜਾ ਦੀ ਹਿੰਮਤ ਨੂੰ ਸਲਾਮ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੰਜੀਵ ਅਰੋੜਾ ਇੱਕ ਅਜਿਹੇ ਆਗੂ ਹਨ, ਜੋ ਨਾ ਸਿਰਫ਼ ਇਮਾਨਦਾਰ ਅਤੇ ਮਿਹਨਤੀ ਹਨ, ਸਗੋਂ ਪੰਜਾਬ ਲਈ ਉਨ੍ਹਾ ਕੋਲ ਇੱਕ ਸਪੱਸ਼ਟ ਵਿਜ਼ਨ, ਡੂੰਘੀ ਸਮਝ ਅਤੇ ਬਦਲਾਅ ਦਾ ਜਨੂੰਨ ਵੀ ਹੈ। ਸਿਸੋਦੀਆ ਨੇ ਕਿਹਾ ਕਿ ਉਨ੍ਹਾ ਸ਼ਹਿਰਾਂ ਨੂੰ ਸਾਫ਼-ਸੁਥਰਾ ਅਤੇ ਵਿਵਸਥਿਤ ਬਣਾਉਣ ਲਈ ਵੱਡੇ ਪੱਧਰ ‘ਤੇ ਕੰਮ ਸ਼ੁਰੂ ਕੀਤਾ। ਸਟਰੀਟ ਲਾਈਟਾਂ ਨਾਲ ਸ਼ਹਿਰਾਂ ਨੂੰ ਰੁਸ਼ਨਾਉਣ, ਸੜਕਾਂ ਅਤੇ ਗਲੀਆਂ ਵਿੱਚ ਫੈਲੇ ਬਿਜਲੀ ਦੀਆਂ ਤਾਰਾਂ ਦੇ ਜਾਲ ਨੂੰ ਵਿਵਸਥਿਤ ਕਰਨ ਅਤੇ ਆਧੁਨਿਕ ਅਰਬਨ ਇਨਫਰਾਸਟਰਕਚਰ ਖੜ੍ਹਾ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ। ਹਾਲ ਹੀ ਵਿੱਚ ਪਿੰਡਾਂ ਅਤੇ ਖੇਤਾਂ ਵਿੱਚ ਫੈਲੀਆਂ ਨੰਗੀਆਂ ਬਿਜਲੀ ਦੀਆਂ ਤਾਰਾਂ ਨੂੰ ਅੰਡਰ-ਗਰਾਊਂਡ ਕਰਨ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਹਿਮ ਯੋਜਨਾ ਨੂੰ ਜ਼ਮੀਨ ‘ਤੇ ਉਤਾਰਨ ਦੀ ਜ਼ਿੰਮੇਵਾਰੀ ਵੀ ਸੰਜੀਵ ਅਰੋੜਾ ਹੀ ਪੂਰੀ ਮਿਹਨਤ ਤੇ ਵਚਨਬੱਧਤਾ ਨਾਲ ਨਿਭਾ ਰਹੇ ਸਨ।