ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁੰਮਨ, ਕ੍ਰਿਸ਼ਨ ਗਰਗ)-ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁੱਧ ਸੂਬਾ ਵਿਆਪੀ ਪ੍ਰਦਰਸ਼ਨ ਸ਼ੁਰੂ ਕਰਦਿਆਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਭਾਜਪਾ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਗੈਰ-ਭਾਜਪਾ ਸਰਕਾਰਾਂ ਨੂੰ ਅਸਥਿਰ ਕਰਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ, ਸੀ ਬੀ ਆਈ ਅਤੇ ਇਨਕਮ ਟੈਕਸ ਵਿਭਾਗ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਵਿਰੁੱਧ ਈ ਡੀ ਦੀ ਕਾਰਵਾਈ ਨੂੰ ਲੈ ਕੇ ‘ਆਪ’ ਆਗੂਆਂ ਤੇ ਵਰਕਰਾਂ ਨੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਭਾਜਪਾ ਦਫ਼ਤਰਾਂ ਦਾ ਘਿਰਾਓ ਕੀਤਾ ਅਤੇ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਹ ਪ੍ਰਦਰਸ਼ਨ ਹੁਸ਼ਿਆਰਪੁਰ, ਪਟਿਆਲਾ, ਮੁਹਾਲੀ ਅਤੇ ਪੰਜਾਬ ਦੇ ਕਈ ਹੋਰ ਹਿੱਸਿਆਂ ਵਿੱਚ ਕੀਤੇ ਗਏ, ਜਿੱਥੇ ‘ਆਪ’ ਆਗੂਆਂ ਨੇ ਕਿਹਾ ਕਿ ਭਾਜਪਾ ਚੁਣੀਆਂ ਹੋਈਆਂ ਸਰਕਾਰਾਂ ਨੂੰ ਡਰਾਉਣ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਚੁੱਪ ਕਰਾਉਣ ਲਈ ਜਾਂਚ ਏਜੰਸੀਆਂ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ । ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ‘ਤੇ ਹਰ ਉਸ ਸਿਆਸੀ ਤਾਕਤ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ, ਜੋ ਉਸ ਅੱਗੇ ਝੁਕਣ ਤੋਂ ਇਨਕਾਰ ਕਰਦੀ ਹੈ।ਹੁਸ਼ਿਆਰਪੁਰ ਵਿੱਚ ‘ਆਪ’ ਆਗੂਆਂ ਨੇ ਪੀ ਐੱਮ ਮੋਦੀ ਦਾ ਪੁਤਲਾ ਫੂਕਿਆ ਅਤੇ ਭਾਜਪਾ ਦੀਆਂ ਕਾਰਵਾਈਆਂ ਨੂੰ ਵਿਰੋਧੀ ਪਾਰਟੀਆਂ ਤੇ ‘ਤਾਨਾਸ਼ਾਹੀ ਅਤੇ ਲੋਕਤੰਤਰ ਵਿਰੋਧੀ ਹਮਲਾ’ ਕਰਾਰ ਦਿੱਤਾ। ਪਾਰਟੀ ਵਰਕਰਾਂ ਨੇ ਕਿਹਾ ਕਿ ਭਾਜਪਾ ਛਾਪਿਆਂ ਅਤੇ ਜ਼ਬਰਦਸਤੀ ਕਾਰਵਾਈਆਂ ਰਾਹੀਂ ਡਰ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਪੰਜਾਬ ਅਜਿਹੀਆਂ ਚਾਲਾਂ ਅੱਗੇ ਗੋਡੇ ਨਹੀਂ ਟੇਕੇਗਾ।
ਸੀਨੀਅਰ ‘ਆਪ’ ਆਗੂ ਤੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੇ ਈ ਡੀ, ਸੀ ਬੀ ਆਈ ਅਤੇ ਇਨਕਮ ਟੈਕਸ ਵਰਗੀਆਂ ਏਜੰਸੀਆਂ ਨੂੰ ਸਿਆਸੀ ਹਥਿਆਰ ਬਣਾ ਦਿੱਤਾ ਹੈ। ਜਦੋਂ ਵੀ ਭਾਜਪਾ ਨੂੰ ਸਿਆਸੀ ਹਾਰ ਜਾਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਵਿਰੋਧੀ ਆਗੂਆਂ ‘ਤੇ ਕੇਂਦਰੀ ਏਜੰਸੀਆਂ ਨੂੰ ਛੱਡ ਦਿੰਦੀ ਹੈ। ਪਹਿਲਾਂ ਬੰਗਾਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਹੁਣ ਪੰਜਾਬ ‘ਤੇ ਹਮਲਾ ਕੀਤਾ ਜਾ ਰਿਹਾ ਹੈ, ਕਿਉਂਕਿ ਭਾਜਪਾ ‘ਆਪ’ ਦੀ ਵਧਦੀ ਲੋਕਪ੍ਰਿਯਤਾ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਕੰਮਾਂ ਨੂੰ ਹਜ਼ਮ ਨਹੀਂ ਕਰ ਪਾ ਰਹੀ। ਚੀਮਾ ਨੇ ਦਾਅਵਾ ਕੀਤਾ ਕਿ ਭਾਜਪਾ ਲੋਕਤੰਤਰੀ ਤਰੀਕੇ ਨਾਲ ਚੁਣੀਆਂ ਗਈਆਂ ਸਰਕਾਰਾਂ ਨੂੰ ਡਰਾ-ਧਮਕਾ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਉਹ ਉਨ੍ਹਾਂ ਨੂੰ ਸਿਆਸੀ ਤੌਰ ‘ਤੇ ਹਰਾ ਨਹੀਂ ਸਕੀ। ਪੰਜਾਬ ਦੇ ਲੋਕ ਦੇਖ ਰਹੇ ਹਨ ਕਿ ਕਿਵੇਂ ਬਦਲਾਖੋਰੀ ਦੀ ਰਾਜਨੀਤੀ ਲਈ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਪਟਿਆਲਾ ਵਿੱਚ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਰੋਸ ਮਾਰਚ ਦੀ ਅਗਵਾਈ ਕੀਤੀ ਅਤੇ ‘ਡਰ ਅਤੇ ਧਮਕਾਉਣ ਦੀ ਰਾਜਨੀਤੀ’ ਕਰਨ ਲਈ ਭਾਜਪਾ ਦੀ ਸਖ਼ਤ ਆਲੋਚਨਾ ਕੀਤੀ। ਮੁਹਾਲੀ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਅਜਿਹੇ ਹੀ ਪ੍ਰਦਰਸ਼ਨ ਕੀਤੇ ਗਏ, ਜਿੱਥੇ ‘ਆਪ’ ਵਰਕਰਾਂ ਨੇ ਭਾਜਪਾ ਦਫ਼ਤਰਾਂ ਦੇ ਬਾਹਰ ਇਕੱਠੇ ਹੋ ਕੇ ਸੰਜੀਵ ਅਰੋੜਾ ਵਿਰੁੱਧ ਕੀਤੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਨਿੰਦਾ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਰਾਜਨੀਤੀ ਧਮਕੀਆਂ, ਛਾਪਿਆਂ ਅਤੇ ਜ਼ਬਰਦਸਤੀ ਦੇ ਦੁਆਲੇ ਘੁੰਮਦੀ ਹੈ। ਜਦੋਂ ‘ਆਪ’ ਨੇ ਕੇਂਦਰ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਪਹਿਲਾਂ ਪੰਜਾਬ ਦੇ ਰਾਜ ਸਭਾ ਮੈਂਬਰਾਂ ‘ਤੇ ਦਬਾਅ ਪਾਇਆ ਅਤੇ ਬਾਅਦ ਵਿੱਚ ਕੈਬਨਿਟ ਮੰਤਰੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾ ਸੋਚਿਆ ਕਿ ਪੰਜਾਬ ਨੂੰ ਈ ਡੀ, ਸੀ ਬੀ ਆਈ ਅਤੇ ਇਨਕਮ ਟੈਕਸ ਦੇ ਛਾਪਿਆਂ ਰਾਹੀਂ ਡਰਾਇਆ ਜਾ ਸਕਦਾ ਹੈ, ਪਰ ਪੰਜਾਬੀਆਂ ਦਾ ਜ਼ੁਲਮ ਵਿਰੁੱਧ ਖੜ੍ਹਨ ਦਾ ਇਤਿਹਾਸ ਰਿਹਾ ਹੈ ਅਤੇ ਉਹ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ‘ਆਪ’ ਆਗੂਆਂ ਨੇ ਦੁਹਰਾਇਆ ਕਿ ਪੰਜਾਬ ਦੇ ਲੋਕ ਸਿਆਸੀ ਬਦਲਾਖੋਰੀ ਲਈ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਨੂੰ ਬਰਦਾਸ਼ਤ ਨਹੀਂ ਕਰਨਗੇ। ਪਾਰਟੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਡਰਾਉਣ-ਧਮਕਾਉਣ ਅਤੇ ਬਦਲਾਖੋਰੀ ਦੀ ਰਾਜਨੀਤੀ ਰਾਹੀਂ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੋਣਗੀਆਂ।
ਲੁਧਿਆਣਾ : ਲੁਧਿਆਣਾ ਵਿੱਚ ਐਤਵਾਰ ਨੂੰ ਉਸ ਵੇਲੇ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ, ਜਦੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਦੋਵਾਂ ਧਿਰਾਂ ਵਿਚਾਲੇ ਹੋਈ ਤਿੱਖੀ ਨੋਕ-ਝੋਕ ਦੌਰਾਨ ਮਾਹੌਲ ਇੰਨਾ ਵਿਗੜ ਗਿਆ ਕਿ ਭਾਜਪਾ ਵਰਕਰਾਂ ਨੇ ‘ਆਪ’ ਵਰਕਰਾਂ ਵੱਲ ਝਾੜੂ ਸੁੱਟੇ। ਇਸ ਹੰਗਾਮੇ ਦੌਰਾਨ ਇੱਕ ਭਾਜਪਾ ਵਰਕਰ ਦੇ ਹੱਥ ‘ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਕਾਫ਼ੀ ਖ਼ੂਨ ਵਹਿ ਗਿਆ। ਲੁਧਿਆਣਾ ਇਕਾਈ ਦੇ ‘ਆਪ’ ਪ੍ਰਧਾਨ ਜਤਿੰਦਰ ਖੰਗੂੜਾ ਦੀ ਅਗਵਾਈ ਵਿੱਚ ਵਰਕਰਾਂ ਨੇ ਗਿੱਲ ਰੋਡ ਸਥਿਤ ਦਾਣਾ ਮੰਡੀ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਜਦੋਂ ‘ਆਪ’ ਵਰਕਰਾਂ ਨੇ ਭਾਜਪਾ ਦਫ਼ਤਰ ਵਿੱਚ ਵੜਨ ਦੀ ਕੋਸ਼ਿਸ਼ ਕੀਤੀ, ਤਾਂ ਅੰਦਰੋਂ ਭਾਜਪਾ ਦੇ ਸੀਨੀਅਰ ਆਗੂ ਅਨਿਲ ਸਾਰੀਨ, ਰਜਨੀਸ਼ ਧੀਮਾਨ ਅਤੇ ਪਰਵੀਨ ਬੰਸਲ ਦੀ ਅਗਵਾਈ ਵਿੱਚ ਵਰਕਰ ਬਾਹਰ ਆ ਗਏ ਅਤੇ ਕੇਜਰੀਵਾਲ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ‘ਆਪ’ ਆਗੂ ਜਤਿੰਦਰ ਖੰਗੂੜਾ ਨੇ ਕਿਹਾ ਕਿ ਕੇਂਦਰ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਲਈ ਈ ਡੀ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਅਤੇ ਲੋਕਤੰਤਰ ਦਾ ਕਤਲ ਕਰਾਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਰਟੀ ਇਸ ‘ਧੱਕੇਸ਼ਾਹੀ’ ਵਿਰੁੱਧ ਸੜਕਾਂ ‘ਤੇ ਉਤਰ ਕੇ ਸੰਘਰਸ਼ ਤੇਜ਼ ਕਰੇਗੀ। ਹਾਲਾਤ ਵਿਗੜਦੇ ਦੇਖ ਪੁਲਸ ਵੱਲੋਂ ਭਾਰੀ ਫੋਰਸ ਤਾਇਨਾਤ ਕੀਤੀ ਗਈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਬਠਿੰਡਾ : ਸੰਜੀਵ ਅਰੋੜਾ ਦੀ ਈ ਡੀ ਵੱਲੋਂ ਕੀਤੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਐਤਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਅੱਗੇ ਰੋਸ ਵਿਖਾਵਾ ਕਰਨ ਪੁੱਜੇ ਤਾਂ ਦਫ਼ਤਰ ਅੱਗੇ ਆਪਣੀ ਪਾਰਟੀ ਦੇ ਝੰਡੇ ਚੁੱਕੀ ਖੜੋਤੇ ਭਾਜਪਾ ਵਰਕਰਾਂ ਨੇ ਨਾਅਰੇਬਾਜ਼ੀ ਕਰਕੇ ‘ਆਪ’ ਵਰਕਰਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵਿਧਾਇਕ ਬਲਕਾਰ ਸਿੱਧੂ ਦੀ ਅਗਵਾਈ ‘ਚ ‘ਆਪ’ ਦੇ ਕਾਰਕੁਨ ਭਾਜਪਾ ਦਫ਼ਤਰ ਵੱਲ ਵਧੇ। ਮਾਹੌਲ ਭਖ਼ਦਾ ਦੇਖ ਕੇ ਦੋਵਾਂ ਧਿਰਾਂ ਦਰਮਿਆਨ ਲਾਈਨ ਬਣਾ ਕੇ ਖੜ੍ਹੇ ਪੁਲਸ ਦੇ ਜਵਾਨਾਂ ਨੇ ਚੌਕਸੀ ਬਣਾ ਕੇ ਦੋਵਾਂ ਧਿਰਾਂ ਨੂੰ ਧੱਕ ਕੇ, ਇੱਕ-ਦੂਜੇ ਤੋਂ ਦੂਰ ਕੀਤਾ। ਜ਼ੋਰ ਅਜ਼ਮਾਇਸ਼ ਤੋਂ ਬਾਅਦ ‘ਆਪ’ ਵਰਕਰ ਥਾਏਂ ਧਰਨਾ ਲਾ ਕੇ ਬੈਠ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰੌਲੇ-ਰੱਪੇ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਆਗੂਆਂ ਨੇ ਸਿਆਸੀ ਬਦਲਾਖ਼ੋਰੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਵਿਰੋਧੀਆਂ ਦੀ ਜ਼ੁਬਾਨਬੰਦੀ ਲਈ ਈ ਡੀ, ਸੀ ਬੀ ਆਈ ਅਤੇ ਹੋਰ ਕੇਂਦਰੀ ਏਜੰਸੀਆਂ ਦੀ ਵਿਰੋਧੀਆਂ ਨੂੰ ਦਬਾਉਣ ਲਈ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਏ ਕਿ ਭਾਜਪਾ ਅਨੈਤਿਕ ਕਾਰਵਾਈਆਂ ‘ਤੇ ਉੱਤਰ ਕੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾ ਕਿਹਾ ਕਿ ਚੰਦ ਰੋਜ਼ ਪਹਿਲਾਂ ਭਾਜਪਾ ਨੇ ਕੋਝੀ ਹਰਕਤ ਕਰਦਿਆਂ ਅਪਰੇਸ਼ਨ ‘ਲੋਟਸ’ ਜ਼ਰੀਏ ‘ਆਪ’ ਦੇ ਸੱਤ ਰਾਜ ਸਭਾ ਮੈਂਬਰਾਂ ਨੂੰ ਡਰਾ-ਧਮਕਾ ਕੇ ਆਪਣੇ ਵਿੱਚ ਰਲਾਇਆ ਅਤੇ ਹੁਣ ਉਸੇ ਕੜੀ ਤਹਿਤ ਮੰਤਰੀ ਸੰਜੀਵ ਅਰੋੜਾ ਨੂੰ ਨਿਸ਼ਾਨਾ ਬਣਾਉਣ ਦੀ ਸ਼ਰਮਨਾਕ ਕਰਤੂਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਜਬਰ ਤੇ ਜ਼ੁਲਮ ਦਾ ਮੂੰਹ ਭੰਨਣ ਵਾਲੇ ਪੰਜਾਬੀਆਂ ਨਾਲ ਇਸ ਟੱਕਰ ‘ਚ ਉਸ ਨੂੰ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਵੇਗੀ। ਪ੍ਰਦਰਸ਼ਨ ਵਿੱਚ ਵਿਧਾਇਕ ਬਲਕਾਰ ਸਿੱਧੂ, ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਪਾਰਟੀ ਦੇ ਤਰਜਮਾਨ ਚੇਅਰਮੈਨ ਨੀਲ ਗਰਗ, ਚੇਅਰਮੈਨ ਬਲਕਾਰ ਸਿੰਘ ਭੋਖੜਾ, ਸਾਬਕਾ ਮੇਅਰ ਪਦਮਜੀਤ ਮਹਿਤਾ ਸਮੇਤ ਬਹੁਤ ਸਾਰੇ ਸੀਨੀਅਰ ਆਗੂ ਅਤੇ ਪਾਰਟੀ ਵਾਲੰਟੀਅਰ ਸ਼ਾਮਲ ਸਨ।





