ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ)
ਸੀ ਬੀ ਆਈ ਨੇ 20 ਲੱਖ ਰੁਪਏ ਦੇ ਰਿਸ਼ਵਤ ਕਾਂਡ ‘ਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਚ ਦੋ ਦਲਾਲ ਅਤੇ ਉਨ੍ਹਾਂ ਦਾ ਇੱਕ ਸਹਿਯੋਗੀ ਸ਼ਾਮਲ ਹੈ। ਸੀ ਬੀ ਆਈ ਦੇ ਬੁਲਾਰੇ ਨੇ ਕਿਹਾ ਕਿ ਏਜੰਸੀ ਕੋਲ ਪੰਜਾਬ ਰਾਜ ਟੈਕਸ ਅਧਿਕਾਰੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਉਸ ਦੇ ਪੁੱਤਰ ਰਾਘਵ ਗੋਇਲ ਨੇ ਡਾਇਰੈਕਟਰ ਜਨਰਲ, ਵਿਜੀਲੈਂਸ ਪੰਜਾਬ ਦੇ ਦਫ਼ਤਰ ਵਿੱਚ ਉਸ ਦੇ ਵਿਰੁੱਧ ਲੰਬਿਤ ਸ਼ਿਕਾਇਤ ਨੂੰ ਬੰਦ ਕਰਨ ਲਈ 20 ਲੱਖ ਰੁਪਏ ਦੀ ਮੰਗ ਕੀਤੀ ਹੈ। ਦੋਵੇਂ ਦਲਾਲ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਦੇ ਵਿਚੋਲੇ ਵਜੋਂ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚ ਵਿਜੀਲੈਂਸ ਦੇ ਮੁੱਖ ਡਾਇਰੈਕਟਰ ਦਾ ਰੀਡਰ ਓ.ਪੀ. ਰਾਣਾ ਵੀ ਸ਼ਾਮਲ ਹੈ। ਇਸ ਤਿਕੜੀ ਨੇ ਨਿੱਜੀ ਤੌਰ ‘ਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਸੀ ਕਿ ਰਿਸ਼ਵਤ ਦੇਣ ਤੋਂ ਬਾਅਦ ਉਸ ਦਾ ਮਾਮਲਾ ਖਤਮ ਕਰ ਦਿੱਤਾ ਜਾਵੇਗਾ। ਮੁਲਜ਼ਮਾਂ ਨੇ ਬਾਅਦ ਵਿੱਚ ਰਿਸ਼ਵਤ ਦੀ ਰਕਮ 20 ਲੱਖ ਰੁਪਏ ਤੋਂ ਘਟਾ ਕੇ 13 ਲੱਖ ਰੁਪਏ ਕਰ ਦਿੱਤੀ। ਇਸ ਦੇ ਨਾਲ ਹੀ ਵਿਜੀਲੈਂਸ ਰੀਡਰ ਰਾਣਾ ਨੂੰ ਇੱਕ ਸੈਮਸੰਗ ਗਲੈਕਸੀ ਜ਼ੈੱਡ ਫੋਲਡ 7 ਮੋਬਾਈਲ ਫੋਨ ਵੀ ਦਿੱਤਾ ਗਿਆ। ਸੀ ਬੀ ਆਈ ਨੇ 11 ਮਈ ਨੂੰ ਚੰਡੀਗੜ੍ਹ ਵਿਖੇ ਲਾਏ ਗਏ ਟਰੈਪ ਦੌਰਾਨ ਗੋਇਲ ਪਰਵਾਰ ਦੇ ਇੱਕ ਸਾਥੀ ਅੰਕਿਤ ਵਧਵਾ ਨੂੰ ਮੁਲਜ਼ਮਾਂ ਵੱਲੋਂ ਸ਼ਿਕਾਇਤਕਰਤਾ ਤੋਂ 13 ਲੱਖ ਰੁਪਏ ਨਕਦ ਅਤੇ ਮੋਬਾਈਲ ਫੋਨ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ ਗਿਆ। ਸੀ ਬੀ ਆਈ ਟੀਮ ਨੇ ਪੰਜਾਬ-ਹਰਿਆਣਾ ਸਰਹੱਦ ‘ਤੇ ਅੰਬਾਲਾ ਨੇੜੇ ਰਾਘਵ ਗੋਇਲ ਤੇ ਉਸ ਦੇ ਪਿਤਾ ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਦੋ ਗੰਨਮੈਨਾਂ ਨੂੰ ਫੜ ਲਿਆ ਜਦੋਂ ਕਿ ਰੀਡਰ ਰਾਣਾ ਹਾਲੇ ਫਰਾਰ ਹੈ। ਰਾਘਵ ਗੋਇਲ ਮਲੋਟ ਸ਼ਹਿਰ ਦਾ ਭਾਜਪਾ ਯੂਥ ਆਗੂ ਹੈ। ਸੀ ਬੀ ਆਈ ਨੇ ਸੋਮਵਾਰ ਦੇਰ ਰਾਤ ਮਲੋਟ ਦੇ ਵਾਰਡ ਨੰਬਰ 4 ਵਿੱਚ ਰਾਘਵ ਗੋਇਲ ਦੇ ਘਰ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਟੀਮ ਨੇ ਕੁਝ ਅਹਿਮ ਦਸਤਾਵੇਜ਼ ਅਤੇ 5 ਲੱਖ ਰੁਪਏ ਬਰਾਮਦ ਕੀਤੇ ਦੱਸੇ ਗਏ ਹਨ।




