ਪਾਵਰਕਾਮ ਤੇ ਟ੍ਰਾਂਸਕੋ ‘ਚ ਕੰਮ ਕਰਦੇ ਆਊਟਸੋਰਸਿੰਗ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ

0
9

ਤਰਨ ਤਾਰਨ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਸੂਬਾ ਕਮੇਟੀ ਨੇ ਪਾਵਰਕਾਮ ਅਤੇ ਟ੍ਰਾਂਸਕੋ ਕਾਰਪੋਰੇਸ਼ਨਾਂ ਵਿੱਚ ਪਿਛਲੇ 15 ਸਾਲ ਤੋਂ ਵੱਖ-ਵੱਖ ਅਸਾਮੀਆਂ ਤੇ ਪੈਸਕੋ ਸਮੇਤ ਹੋਰ ਆਊਟਸੋਰਸਿੰਗ ਏਜੰਸੀਆਂ ਰਾਹੀਂ ਠੇਕੇ ‘ਤੇ ਕੰਮ ਕਰ ਰਹੇ ਕਾਮਿਆਂ ਨੂੰ ਪਾਵਰਕਾਮ ਅਤੇ ਟ੍ਰਾਂਸਕੋ ਦੇ ਰੋਲ ‘ਤੇ ਲੈਣ ਦੀ ਜ਼ੋਰਦਾਰ ਮੰਗ ਕੀਤੀ ਹੈ।ਜਥੇਬੰਦੀ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਕਾਮਿਆਂ ਨੂੰ ਆਪਣੇ ਰੋਲ ‘ਤੇ ਲੈ ਲਵੇ ਤਾਂ ਜਿਥੇ ਠੇਕੇਦਾਰੀ ਪ੍ਰਥਾ ਦਾ ਖਾਤਮਾ ਹੋਵੇਗਾ, ਉਥੇ ਕਾਮਿਆਂ ਦਾ ਆਰਥਿਕ ਸ਼ੋਸ਼ਣ ਵੀ ਰੁਕ ਜਾਵੇਗਾ।ਜਥੇਬੰਦੀ ਨੇ ਪੰਜਾਬ ਸਰਕਾਰ ਨੂੰ ਵੀ ਗੁਹਾਰ ਲਗਾਈ ਹੈ ਕਿ ਪੈਸਕੋ ਸਮੇਤ ਹੋਰ ਏਜੰਸੀਆਂ ਰਾਹੀਂ ਠੇਕੇ ‘ਤੇ ਰੱਖੇ ਕਾਮਿਆਂ ‘ਤੇ ਰੁਜ਼ਗਾਰ ਖੁਸ ਜਾਣ ਦੀ ਲਟਕ ਰਹੀ ਤਲਵਾਰ ਨੂੰ ਖਤਮ ਕਰਨ ਲਈ ਲੋੜੀਂਦੀ ਦਖਲਅੰਦਾਜ਼ੀ ਕਰਕੇ ਮਸਲੇ ਦਾ ਹੱਲ ਕੀਤਾ ਜਾਵੇ।ਇਸ ਮਸਲੇ ਸੰਬੰਧੀ ਜਥੇਬੰਦੀ ਦੀ ਸੂਬਾ ਕਮੇਟੀ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਕਮੇਟੀ ਆਗੂਆਂ ਰਾਕੇਸ਼ ਸੈਣੀ, ਦਵਿੰਦਰ ਸਿੰਘ ਰੋਪੜ, ਮਨਿੰਦਰ ਸਿੰਘ ਮੁਕਤਸਰ , ਕੁਲਵਿੰਦਰ ਸਿੰਘ ਬਾਗੜੀਆਂ, ਮੋਹਨ ਸਿੰਘ ਗਿੱਲ, ਅਰੁਣ ਕੁਮਾਰ ਬਠਿੰਡਾ , ਸਾਹਿਬ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਮਹਿਦੂਦਾਂ, ਕ੍ਰਿਸ਼ਨ ਕਾਂਤ ਸੰਗਰੂਰ, ਜਸਵਿੰਦਰ ਸਿੰਘ ਬਰਗਾੜੀ, ਲਖਬੀਰ ਸਿੰਘ ਸੰਗਰੂਰ, ਰਾਮ ਸਿੰਘ ਰੋਪੜ ਥਰਮਲ, ਠਾਕਰਪ੍ਰੀਤ ਸਿੰਘ ਤੋਂ ਇਲਾਵਾ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਸੁਰਿੰਦਰਪਾਲ ਸਿੰਘ ਲਾਹੌਰੀਆ, ਰਛਪਾਲ ਸਿੰਘ ਪਾਲੀ, ਦਰਸ਼ਨ ਲਾਲ ਮੋਗਾ, ਸਾਬਕਾ ਸੂਬਾ ਆਗੂ ਕਰਮ ਚੰਦ ਭਾਰਦਵਾਜ , ਸਾਬਕਾ ਸੂਬਾ ਪ੍ਰਧਾਨ ਜਰਨੈਲ ਸਿੰਘ ਔਲਖ, ਸਾਬਕਾ ਜਨਰਲ ਸਕੱਤਰ ਬਲਜੀਤ ਸਿੰਘ ਮੋਦਲਾ ਆਦਿ ਨੇ ਵੀ ਹਿੱਸਾ ਲਿਆ। ਮੀਟਿੰਗ ਦੀ ਕਾਰਵਾਈ ਬਾਰੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਅਕਾਲਗੜ੍ਹ ਨੇ ਦੱਸਿਆ ਕਿ ਪਾਵਰਕਾਮ ਅਦਾਰੇ ਦੀ ਮੈਨੇਜਮੈਂਟ ਨੇ ਪਿਛਲੇ ਦਿਨੀਂ ਮਹਿਕਮੇ ਵਿੱਚ ਕੰਮ ਕਰਦੇ ਸੀ ਐੱਚ ਬੀ ਕਾਮਿਆਂ ਨੂੰ ਜਿਵੇਂ ਮਹਿਕਮੇ ਦੇ ਰੋਲ ‘ਤੇ ਲੈ ਕੇ ਸ਼ਲਾਘਾਯੋਗ ਕੰਮ ਕੀਤਾ ਹੈ, ਉਸੇ ਤਰ੍ਹਾਂ ਪੈਸਕੋ ਅਤੇ ਹੋਰ ਏਜੰਸੀਆਂ ਰਾਹੀਂ ਆਊਟਸੋਰਸਿੰਗ ਦੇ ਅਧੀਨ ਕੰਮ ਕਰਦੇ ਕਾਮਿਆਂ ਨੂੰ ਵੀ ਮਹਿਕਮੇ ਦੇ ਰੋਲ ‘ਤੇ ਜਲਦੀ ਤੋਂ ਜਲਦੀ ਲੈ ਕੇ ਪਿਛਲੇ 15 ਸਾਲਾਂ ਤੋਂ ਏਜੰਸੀਆਂ ਅਧੀਨ ਘੱਟ ਤਨਖਾਹ ‘ਤੇ ਕੰਮ ਕਰ ਰਹੇ ਕਾਮਿਆਂ ਨੂੰ ਇਨਸਾਫ ਦਿੱਤਾ ਜਾਵੇ । ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੂਬਾ ਪੱਧਰੀ ਸੱਦੇ ‘ਤੇ 17 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰੇ ਖਿਲਾਫ ਹੋ ਰਹੀ ਕਨਵੈਨਸ਼ਨ ਵਿੱਚ ਲੱਗੇ ਕੋਟਿਆਂ ਮੁਤਾਬਕ ਜਥੇਬੰਦੀ ਦੇ ਵਰਕਰਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ। ਇਸੇ ਤਰ੍ਹਾਂ 19 ਮਈ ਨੂੰ ਪੰਜਾਬ ਏਟਕ ਦੇ ਸੱਦੇ ‘ਤੇ ਲੇਬਰ ਕਮਿਸ਼ਨਰ ਦਫਤਰ ਮੁਹਾਲੀ ਸਾਹਮਣੇ ਦਿੱਤੇ ਜਾ ਰਹੇ ਰੋਸ ਧਰਨੇ ਵਿੱਚ ਵੀ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਲਈ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦਿੱਤਾ । ਜਥੇਬੰਦੀ ਨੇ ਪਾਵਰਕਾਮ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੀਆਂ ਹੋਏ ਸਮਝੌਤਿਆਂ ਤਹਿਤ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ, ਤਾਂ ਜੋ ਇਸ ਸਨਅਤੀ ਅਦਾਰੇ ਦਾ ਮਾਹੌਲ ਸ਼ਾਂਤ ਰੱਖਿਆ ਜਾ ਸਕੇ।