ਸ਼ਾਹਕੋਟ (ਗਿਆਨ ਸੈਦਪੁਰੀ)
ਇੱਥੋਂ ਥੋੜ੍ਹੀ ਦੂਰ ਕਸਬਾ ਮਹਿਤਪੁਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਵੱਖ-ਵੱਖ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਜ਼ੋਰਦਾਰ ਰੋਸ ਪ੍ਰਦਰਸ਼ਨ ਜਿੱਥੇ ਪੁਲਸ ਤੇ ਸਿਵਲ ਪ੍ਰਸ਼ਾਸਨ ਨੂੰ ਨੀਦੋਂ ਜਗਾ ਗਿਆ, ਉੱਥੇ ਕਿਰਤੀ ਕਿਸਾਨਾਂ ਤੇ ਮਜ਼ਲੂਮਾਂ ਦੇ ਹੱਕਾਂ ਲਈ ਸੰਘਰਸ਼ ਦੇ ਪਾਂਧੀਆਂ ਅੰਦਰ ਨਵਾਂ ਜੋਸ਼ ਭਰ ਗਿਆ। ਮਜ਼ਦੂਰਾਂ ਤੇ ਕਿਸਾਨਾਂ ਦੀਆਂ ਕਰੰਘੜੀਆਂ ਜਿੱਥੇ ਦੋਹਾਂ ਧਿਰਾਂ ਲਈ ਲਾਏ ਜਾਂਦੇ ਨਾਅਰੇ ਨੂੰ ਸਾਰਥਿਕ ਰੂਪ ਦਿੰਦੀਆਂ ਨਜ਼ਰ ਆਈਆਂ, ਉੱਥੇ ਔਰਤਾਂ ਦੀ ਸ਼ਮੂਲੀਅਤ ਵੱਖਰਾ ਨਿਆਰਾ ਤੇ ਉਤਸ਼ਾਹੀ ਮਹੌਲ ਸਿਰਜ ਗਈ। ਪਿਛਲੇ ਸਮੇਂ ਤੋਂ ਮਸਲੇ ਹੱਲ ਕਰਵਾਉਣ ਦੀ ਬਣਦੀ ਜ਼ਿੰਮੇਵਾਰੀ ਤੋਂ ਪਾਸਾ ਵੱਟਦੇ ਰਹੇ ਪੁਲਸ ਪ੍ਰਸ਼ਾਸਨ ਨੂੰ ਪ੍ਰਦਰਸ਼ਨਕਾਰੀਆਂ ਦੀ ਗੱਲ ਗੌਰ ਨਾਲ ਸੁਣਨ ਲਈ ਮਜਬੂਰ ਹੋਣਾ ਪਿਆ। ਸੰਘਰਸ਼ੀ ਯੋਧਿਆਂ ਲਈ ਇਹ ਇੱਕ ਪ੍ਰਾਪਤੀ ਵਜੋਂ ਵੇਖਿਆ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਅਤੇ ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ‘ਕੁੱਤੀ ਦੇ ਚੋਰਾਂ ਨਾਲ ਮਿਲ ਜਾਣ’ ਦੀ ਕਹਾਵਤ ਦੇ ਹਵਾਲੇ ਨਾਲ ਹੁਕਮਰਾਨਾਂ ਦੀ ਧਿਰ ਦੇ ਕੁਝ ਵਿਗੜੈਲ ਕਾਰਕੁਨਾਂ ਅਤੇ ਪੁਲਸ ਅੰਦਰਲੇ ਕੁਝ ਲਾਲਚੀ ਕਿਸਮ ਦੇ ਬੰਦਿਆਂ ਦੀ ਵਕਤੀ ਸਾਂਝ ਬਾਰੇ ਕਿਹਾ ਕਿ ਇਹ ਸਮਾਜ ਦਾ ਨੁਕਸਾਨ ਕਰ ਰਹੀ ਹੈ। ਕਾਮਰੇਡ ਬਰਾੜ ਨੇ ਅਜਿਹੇ ਲੋਕਾਂ ਨੂੰ ਬਾਜ਼ ਆ ਜਾਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਸੰਘਰਸ਼ਸ਼ੀਲ ਜਥੇਬੰਦੀਆਂ ਇਨ੍ਹਾਂ ਨੂੰ ਸਿੱਧੇ ਰਾਹ ਪਾਉਣਾ ਵੀ ਜਾਣਦੀਆਂ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ‘ਤੇ ਹਰ ਵਰਗ ਦੇ ਲੋਕਾਂ ਵੱਲੋਂ ਸਾਂਝਾਂ ਪਾ ਕੇ ਲੜਿਆ ਤੇ ਜਿੱਤਿਆ ਗਿਆ ਅੰਦੋਲਨ ਸਭ ਦੇ ਸਾਹਮਣੇ ਹੈ। ਜੇ ਇਹ ਘੋਲ ਮੋਦੀ ਨੂੰ ਝੁਕਾਅ ਸਕਦੇ ਹਨ ਤਾਂ ਮਹਿਤਪੁਰ ਦੇ ਕੁਝ ਲੋਕਾਂ ਦਾ ਨਾ-ਪਾਕ ਗੱਠਜੋੜ ਲੀਰੋ-ਲੀਰ ਕੀਤਾ ਜਾ ਸਕਦਾ ਹੈ। ਕਾਮਰੇਡ ਬੰਤ ਸਿੰਘ ਬਰਾੜ ਨੇ ਪੁਲਸ ਵੱਲੋਂ ਜੁਡੀਸ਼ਰੀ ਦਾ ਰੋਲ ਨਿਭਾਉਣ ਦੇ ਕਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾ ਕਿਹਾ ਕਿ ਜਦੋਂ ਜਮਹੂਰੀ ਹੀਲੇ-ਵਸੀਲੇ ਸਾਰਥਿਕ ਨਤੀਜੇ ਨਾ ਕੱਢ ਸਕਣ ਤਾਂ ਸਖਤ ਕਦਮ ਚੁੱਕਣੇ ਸਾਨੂੰ ਗੁਰੂ ਗੋਬਿੰਦ ਸਿੰਘ ਦੱਸ ਗਏ ਹਨ।
ਕਾਮਰੇਡ ਬੰਤ ਬਰਾੜ ਨੇ ਜਿਸ ਕਿਸਾਨ ਨਾਲ ਜ਼ਿਆਦਤੀ ਹੋਈ, ਉਸ ਨਾਲ ਖਲੋਣ ਦੀ ਗੱਲ ਕਰਦਿਆਂ ਕਿਹਾ ਕਿ ਧੱਕੇ ਦਾ ਸ਼ਿਕਾਰ ਹੋਣ ਵਾਲੇ ਦੇ ਹੱਕ ਵਿੱਚ ਕਮਿਊਨਿਸਟ ਹਮੇਸ਼ਾ ਡਟ ਕੇ ਸਾਥ ਦਿੰਦੇ ਰਹੇ ਹਨ ਤੇ ਇਹ ਪ੍ਰੰਪਰਾ ਅਸੀਂ ਕਦੇ ਖ਼ਤਮ ਨਹੀਂ ਹੋਣ ਦੇਣੀ। ਰੋਸ ਮਾਰਚ ਦੌਰਾਨ ਆਕਾਸ਼ ਗੁੰਜਾਊ ਨਾਅਰਿਆਂ ਦਾ ਜ਼ਿਕਰ ਕਰਦਿਆਂ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸੁੱਤੇ ਹੋਏ ਪ੍ਰਸ਼ਾਸਨ ਦੇ ਕੰਨ ਖੋਹਲਣ ਲਈ ਇਹ ਜ਼ਰੂਰੀ ਸਨ। ਉਨ੍ਹਾ ਕਿਸਾਨ ਆਗੂ ਸੰਦੀਪ ਅਰੋੜਾ, ਮਨਦੀਪ ਸਿੱਧੂ, ਖੇਤ ਮਜ਼ਦੂਰ ਆਗੂ ਸਿਕੰਦਰ ਸੰਧੂ, ਭੱਠਾ ਮਜ਼ਦੂਰ ਆਗੂ ਸੁਨੀਲ ਕੁਮਾਰ, ਉਨ੍ਹਾਂ ਦੀ ਸਮੁੱਚੀ ਟੀਮ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ, ਜਮਹੂਰੀ ਅਧਿਕਾਰ ਸਭਾ ਦੇ ਆਗੂ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਵੀ ਪੁਲਸ ਪ੍ਰਸ਼ਾਸਨ ਨੂੰ ਹੱਦਾਂ ਵਿੱਚ ਰਹਿਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਇੱਥੋਂ ਦੇ ਲੋਕ ਧੱਕੇ ਖ਼ਿਲਾਫ਼ ਇੱਕਮੁੱਠ ਹੋਣਾ ਜਾਣਦੇ ਹਨ। ਧਰਨੇ ਨੂੰ ਕਾਮਰੇਡ ਚਮਕੌਰ ਸਿੰਘ ਲੁਧਿਆਣਾ, ਜਸਵੀਰ ਸਿੰਘ ਝੱਜ, ਜਸਵਿੰਦਰ ਸਿੰਘ ਭੰਗਲ ਨਵਾਂ ਸ਼ਹਿਰ, ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ, ਕਿਸਾਨ ਆਗੂ ਸੰਦੀਪ ਅਰੋੜਾ, ਮਜ਼ਦੂਰ ਆਗੂ ਸਿਕੰਦਰ ਸੰਧੂ ਤੇ ਸੁਨੀਲ ਕੁਮਾਰ, ਕਿਸਾਨ ਆਗੂ ਦਿਲਬਾਗ ਸਿੰਘ ਚੰਦੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਸਤਨਾਮ ਸਿੰਘ ਲੋਹਗੜ੍ਹ, ਭਾਰਤੀ ਕਿਸਾਨ ਯੂਨੀਅਨ ਖਹਿਰਾ ਦੇ ਆਗੂ ਕੇਵਲ ਸਿੰਘ ਖਹਿਰਾ, ਮੇਜਰ ਸਿੰਘ ਖੁਰਲਾਪੁਰ, ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਮਨਦੀਪ ਸਿੰਘ ਸਿੱਧੂ, ਜਸਵੰਤ ਸਿੰਘ ਲੋਹਗੜ੍ਹ, ਜਸਵਿੰਦਰ ਸਿੰਘ ਢੇਸੀ, ਜਸਵੰਤ ਸਿੰਘ ਲੋਹਗੜ੍ਹ, ਦਲਜੀਤ ਸਿੰਘ, ਇੰਦਰਪਾਲ ਸਿੰਘ, ਰਮਨਜੀਤ ਸਮਰਾ, ਕਰਮ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।





