ਸ਼ਾਹਕੋਟ (ਗਿਆਨ ਸੈਦਪੁਰੀ)
ਭਾਰਤੀ ਖੇਤ ਮਜ਼ਦੂਰ ਯੂਨੀਅਨ, ਆਲ ਇੰਡੀਆ ਦਲਿਤ ਅਧਿਕਾਰ ਅੰਦੋਲਨ, ਆਲ ਇੰਡੀਆ ਐਗਰੀਕਲਚਰਲ ਵਰਕਰਜ਼ ਯੂਨੀਅਨ, ਦਲਿਤ ਸੋਸ਼ਤ ਮੁਕਤੀ ਮੋਰਚਾ ਅਤੇ ਅਖਿਲ ਭਾਰਤੀ ਖੇਤ ਔਰ ਗਰਾਮੀਣ ਮਜ਼ਦੂਰ ਸੰਘ ਦੀ ਸਾਂਝੀ ਮੀਟਿੰਗ ਅਜੈ ਭਵਨ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਲਏ ਗਏ ਫੈਸਲਿਆ ਸੰਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਦਲਿਤ ਅਧਿਕਾਰ ਅੰਦੋਲਨ ਦੇ ਜਨਰਲ ਸਕੱਤਰ ਵੀ ਐੱਸ ਨਿਰਮਲ ਨੇ ਦੱਸਿਆ ਕਿ ਖੇਤ ਮਜ਼ਦੂਰਾਂ ਅਤੇ ਦਲਿਤਾਂ ’ਤੇ ਹੋ ਰਹੇ ਅੱਤਿਆਚਾਰਾਂ ਦੇ ਵਿਰੁੱਧ ਦੇਸ਼ ਭਰ ਵਿੱਚ ਮੁਹਿੰਮ ਚਲਾਈ ਜਾਵੇਗੀ। ਇਸ ਦੀ ਸ਼ੁਰੂਆਤ ਨੈਸ਼ਨਲ ਕਨਵੈਨਸ਼ਨ ਨਾਲ ਹੋਵੇਗੀ, ਜੋ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਭਵਨ ਦਿੱਲੀ ਵਿੱਚ 5 ਨਵੰਬਰ ਨੂੰ ਹੋਵੇਗੀ। ਵੱਖ-ਵੱਖ ਖੇਤ ਮਜ਼ਦੂਰ ਅਤੇ ਦਲਿਤ ਜਥੇਬੰਦੀਆਂ ਵਿਆਪਕ ਅਤੇ ਫੈਸਲਾਕੁਨ ਸੰਘਰਸ਼ ਲਈ ਐਕਸ਼ਨ ਪ੍ਰੋਗਰਾਮ ਤਹਿਤ ਮੁਹਿੰਮ ਸ਼ੁਰੂ ਕਰਨਗੀਆਂ। ਇਹ ਵੀ ਫੈਸਲਾ ਕੀਤਾ ਗਿਆ ਕਿ ਵੱਖ-ਵੱਖ ਰਾਜਾਂ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ 500 ਡੈਲੀਗੇਟ ਕਨਵੈਨਸ਼ਨ ਵਿੱਚ ਭਾਗ ਲੈਣਗੇ। ਭਾਰਤੀ ਖੇਤ ਮਜ਼ਦੂਰ ਯੂਨੀਅਨ ਅਤੇ ਆਲ ਇੰਡੀਆ ਦਲਿਤ ਅਧਿਕਾਰ ਅੰਦੋਲਨ ਦੇ 250 ਡੈਲੀਗੇਟ ਹੋਣਗੇ।
ਨਿਰਮਲ ਨੇ ਦੱਸਿਆ ਮੀਟਿੰਗ ਵਿੱਚ ਵਿਚਾਰ-ਵਟਾਂਦਰੇ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਦਲਿਤ ਔਰਤਾਂ, ਬੱਚਿਆਂ ਅਤੇ ਹੋਰ ਕਮਜ਼ੋਰ ਵਰਗਾਂ ’ਤੇ ਪਿਛਲੇ 8 ਸਾਲ ਤੋਂ ਲਗਾਤਾਰ ਅੱਤਿਆਚਾਰ ਹੋ ਰਹੇ ਹਨ। ਇਸ ਵਿੱਚ ਹਾਥਰਸ ਅਤੇ ਲਖੀਮਪੁਰ ਖੀਰੀ ਵਰਗੀਆਂ ਘਟਨਾਵਾਂ ਸ਼ਰਮਨਾਕ ਉਦਾਹਰਣਾਂ ਹਨ। ਇੱਥੇ ਹੀ ਬੱਸ ਨਹੀਂ ਪ੍ਰਾਇਮਰੀ ਸਕੂਲਾਂ ਵਿੱਚ ਦਲਿਤ ਬੱਚਿਆਂ ਨੂੰ ਕੁੱਟਣ ਦਾ ਸਿਲਸਿਲਾ ਵੀ ਸਾਹਮਣੇ ਹੈ। ਮੀਟਿੰਗ ਵਿੱਚ ਇਹ ਵੀ ਨੋਟ ਕੀਤਾ ਗਿਆ ਕਿ ਪਬਲਿਕ ਸੈਕਟਰ ਦੀਆਂ ਇਕਾਈਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਨਿੱਜੀ ਅਦਾਰਿਆਂ ਵਿੱਚ ਰਾਖਵਾਂਕਰਨ ਖਤਮ ਕੀਤਾ ਜਾ ਰਿਹਾ ਹੈ। ਸਿੱਖਿਆ ਦਾ ਪੱਧਰ ਹੇਠਾਂ ਜਾ ਰਿਹਾ ਹੈ। ਕੀਮਤਾਂ ਅਸਮਾਨ ਛੂਹ ਗਈਆਂ ਹਨ। ਇਸੇ ਦੌਰਾਨ ਅੱਤਿਆਚਾਰਾਂ ਅਤੇ ਹਿੰਸਾ ਵਿੱਚ ਵਾਧਾ ਹੋ ਰਿਹਾ ਹੈ। ਸਰਕਾਰੀ ਅਧਿਕਾਰੀ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਅੱਤਿਆਚਾਰ ਕਰਨ ਵਾਲਿਆਂ ਨੂੰ ਬਚਾਇਆ ਜਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਵਿਆਪਕ ਅਤੇ ਫੈਸਲਾਕੁਨ ਸੰਘਰਸ਼ ਲਈ ਐਕਸ਼ਨ ਪ੍ਰੋਗਰਾਮ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਦਰਿਓ ਸਿੰਘ ਕਸ਼ਅਪ, ਆਲ ਇੰਡੀਆ ਐਗਰੀਕਲਚਰਲ ਵਰਕਰਜ਼ ਯੂਨੀਅਨ ਦੇ ਆਗੂ ਬੀ. ਬੈਂਕਟ ਤੇ ਬਿਕਰਮ ਸਿੰਘ, ਦਲਿਤ ਸੋਸ਼ਤ ਮੁਕਤੀ ਮੋਰਚਾ ਦੇ ਆਗੂ ਰਾਘਵੇਲੂ ਤੇ ਨੱਥੂ ਪ੍ਰਸਾਦ ਅਤੇ ਅਖਿਲ ਭਾਰਤੀ ਖੇਤ ਔਰ ਗਰਾਮੀਣ ਮਜ਼ਦੂਰ ਸੰਘ ਦੇ ਆਗੂ ਰਾਧਿਕਾ ਸ਼ਾਮਲ ਸਨ।