ਪੰਧੇਰ ਖੇੜੀ (ਜਗਦੀਸ਼ ਰਾਏ ਬੌਬੀ)
ਵੀਰਵਾਰ ਪਿੰਡ ਪੰਧੇਰ ਖੇੜੀ ਵਿਖੇ ਕਾਮਰੇਡ ਗੁਰਮੇਲ ਸਿੰਘ ਹੂੰਝਣ ਅਤੇ ਕਾਮਰੇਡ ਜੋਗਿੰਦਰ ਸਿੰਘ ਨੂੰ ਉਹਨਾਂ ਦੇ 37ਵੇਂ ਸ਼ਹੀਦੀ ਦਿਨ ‘ਤੇ ਵਿਸ਼ਾਲ ਸ਼ਹੀਦੀ ਸਮਾਗਮ ਕਰਕੇ ਕੀਤਾ ਗਿਆ। ਇਸ ਵਿੱਚ ਅਹਿਦ ਕੀਤਾ ਗਿਆ ਕਿ ਭਾਜਪਾ ਦੀਆਂ ਫਿਰਕੂ ਤੇ ਵੰਡ-ਪਾਊ ਨੀਤੀਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਏਗਾ ਤੇ ਪੰਜਾਬੀ ਰਲਮਿਲ ਕੇ ਉਸ ਦੀਆਂ ਸਾਜ਼ਿਸ਼ਾਂ ਦਾ ਭਾਂਡਾ ਤੋੜ ਦੇਣਗੇ। ਸਮਾਗਮ ਦੀ ਪ੍ਰਧਾਨਗੀ ਸ਼ਹੀਦ ਗੁਰਮੇਲ ਸਿੰਘ ਹੂੰਝਣ ਦੀ ਸੁਪਤਨੀ ਸ਼ਰਨਜੀਤ ਕੌਰ, ਸ਼ਹੀਦ ਕਾਮਰੇਡ ਜੋਗਿੰਦਰ ਸਿੰਘ ਦੀ ਬੇਟੀ ਸਰਬਜੀਤ ਕੌਰ, ਪਿੰਡ ਪੰਧੇਰ ਖੇੜੀ ਦੀ ਸਰਪੰਚ ਦਲਜੀਤ ਕੌਰ ਅਤੇ ਸ਼ਹੀਦ ਗੁਰਮੇਲ ਹੂੰਝਣ ਦੇ ਭਰਾ ਕੁਲਵੰਤ ਸਿੰਘ ਨੇ ਸਾਂਝੇ ਤੌਰ ‘ਤੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਮੁੱਖ ਬੁਲਾਰੇ ਗੁਲਜ਼ਾਰ ਗੋਰੀਆ ਮੈਂਬਰ ਕੌਮੀ ਕਾਰਜਕਾਰਨੀ ਸੀ ਪੀ ਆਈ ਨੇ ਕਿਹਾ ਕਿ ਗੁਰਮੇਲ ਹੂੰਝਣ ਸ਼ੁਰੂ ਤੋਂ ਹੀ ਇਨਕਲਾਬੀ ਸੁਭਾਅ ਦਾ ਸੀ, ਜੋ ਕਿ ਉਸ ਨੂੰ ਉਸ ਦੇ ਪਿਤਾ ਮਹਾਨ ਇਨਕਲਾਬੀ ਕਾਮਰੇਡ ਚੰਨਣ ਸਿੰਘ ਬਰੋਲਾ ਤੋਂ ਗੁੜ੍ਹਤੀ ਵਿੱਚ ਮਿਲਿਆ ਸੀ। ਉਸ ਨੇ ਨਿਡਰ ਹੋ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਜਨਤਕ ਮੁਹਿੰਮ ਚਲਾਈ ਅਤੇ ਅੱਤਵਾਦੀਆਂ ਹੱਥੋਂ ਸ਼ਹੀਦੀ ਪ੍ਰਾਪਤ ਕੀਤੀ। ਉਸ ਦੇ ਸਹਿਯੋਗੀ ਜੋਗਿੰਦਰ ਸਿੰਘ ਵੀ ਨਾਲ ਸ਼ਹੀਦ ਹੋਏ।
ਸਾਬਕਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਇਹਨਾਂ ਦੋਵਾਂ ਦੀ ਸ਼ਹੀਦੀ ਅਜਾਈਂ ਨਹੀਂ ਜਾਏਗੀ ਤੇ ਕਮਿਊਨਿਸਟ ਪਾਰਟੀਆਂ ਆਉਂਦੀਆਂ ਚੋਣਾਂ ਵਿੱਚ ਭਰਪੂਰ ਯਤਨ ਕਰਨਗੀਆਂ ਕਿ ਭਾਜਪਾ ਦੇ ਵਧਦੇ ਰੱਥ ਨੂੰ ਪੰਜਾਬ ਵਿੱਚ ਰੋਕ ਕੇ ਮੋੜ ਦਿੱਤਾ ਜਾਏ। ਕੌਮੀ ਕੰਟਰੋਲ ਕਮਿਸ਼ਨ ਦੇ ਮੈਂਬਰ ਤੇ ਕੌਮੀ ਕੌਂਸਲ ਦੇ ਮੈਂਬਰ ਹਰਦੇਵ ਅਰਸ਼ੀ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ, ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ, ਨਸ਼ਿਆਂ ਦਾ ਵਪਾਰ ਵਧ ਗਿਆ, ਮਾਫੀਆ ਦਾ ਬੋਲਬਾਲਾ ਅਤੇ ਭ੍ਰਿਸ਼ਟਾਚਾਰ ਸਿਖਰਾਂ ‘ਤੇ ਹੈ। ਪੰਜਾਬ ਸਿਰ ਕਰਜ਼ਾ ਲਗਾਤਾਰ ਵਧ ਰਿਹਾ ਹੈ, ਜਿਸ ਕਰਕੇ ਸੂਬੇ ਦੀ ਆਰਥਿਕਤਾ ਮਰਨ ਦੀ ਹਾਲਤ ਵਿੱਚ ਚਲੀ ਗਈ ਹੈ, ਇਸ ਦਾ ਥਾਂ ਪਰ ਥਾਂ ਹੁਣ ਵਿਰੋਧ ਹੋ ਰਿਹਾ ਹੈ, ਜਿਸ ਦਾ ਪ੍ਰਗਟਾਵਾ ਆਉਣ ਵਾਲੀਆਂ ਚੋਣਾਂ ਵਿੱਚ ਵੀ ਹੋਏਗਾ।
ਏਟਕ ਪੰਜਾਬ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਨੂੰ ਮਜ਼ਦੂਰ ਜਮਾਤ ਤੇ ਕਿਸਾਨਾਂ ਨੂੰ ਰਲ-ਮਿਲ ਕੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਦੀਆਂ ਵੰਡ-ਪਾਊ ਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਮੁਕਾਬਲਾ ਕਰਨਾ ਪਏਗਾ। ਨਿਆਂ ਤੇ ਬਰਾਬਰੀ ‘ਤੇ ਅਧਾਰਤ ਸਮਾਜ ਸਿਰਜਣਾ ਪਏਗਾ। ਡੀ ਪੀ ਮੌੜ ਜ਼ਿਲ੍ਹਾ ਸਕੱਤਰ ਸੀ ਪੀ ਆਈ ਲੁਧਿਆਣਾ ਨੇ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਵਿੱਚ ਜਥੇਬੰਦਕ ਤੌਰ ‘ਤੇ ਪਾਰਟੀ ਨੂੰ ਮਜ਼ਬੂਤ ਕਰਕੇ ਦੇਸ਼ ਅਤੇ ਪੰਜਾਬ ਦੀ ਰਾਜਨੀਤੀ ਨੂੰ ਮੋੜਾ ਦੇਣ ਦਾ ਯਤਨ ਜ਼ੋਰ-ਸ਼ੋਰ ਨਾਲ ਕਰਨਗੇ।ਹੋਰਨਾਂ ਤੋਂ ਇਲਾਵਾ ਸੰਬੋਧਨ ਕਰਨ ਵਾਲਿਆਂ ਵਿੱਚ ਡਾ. ਅਰੁਣ ਮਿੱਤਰਾ, ਚਮਕੌਰ ਸਿੰਘ ਤੇ ਜਸਵੀਰ ਝੱਜ ਸ਼ਾਮਲ ਸਨ। ਬਲਾਕ ਮਲੌਦ ਅਤੇ ਡੇਹਲੋਂ ਦੇ ਸਕੱਤਰ ਭਗਵਾਨ ਸਿੰਘ ਸੋਮਲਖੇੜੀ ਸਿਹਤ ਦੇ ਕਾਰਨ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਉਹਨਾ ਨੇ ਭੇਜੇ ਸੁਨੇਹੇ ਵਿੱਚ ਕਿਹਾ ਕਿ ਇਹਨਾਂ ਬਲਾਕਾਂ ਵਿੱਚ ਪਾਰਟੀ ਆਉਣ ਵਾਲੇ ਸਮੇਂ ਵਿੱਚ ਰਾਜਸੀ ਤੌਰ ‘ਤੇ ਵੰਡ-ਪਾਊ ਅਤੇ ਫਿਰਕੂ ਤਾਕਤਾਂ ਦਾ ਡਟ ਕੇ ਮੁਕਾਬਲਾ ਕਰੇਗੀ।
ਇਸ ਮੌਕੇ ਸਕੂਲੀ ਬੱਚਿਆਂ ਨੂੰ ਇਨਾਮ ਦਿੱਤੇ ਗਏਸ ਜਿਸ ਦਾ ਆਯੋਜਨ ਪ੍ਰਿੰਸੀਪਲ ਜਗਜੀਤ ਸਿੰਘ ਨੇ ਕੀਤਾ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਬੀ ਐੱਸ ਸੀ ਨਰਸਿੰਗ ਦੇ ਪਹਿਲੇ ਸਮੈਸਟਰ ਵਿੱਚੋਂ ਫਸਟ ਆਉਣ ਵਾਲੀ ਵਿਦਿਆਰਥਣ ਟਿੰਬਰਵਾਲ ਦੀ ਪਵਨਪ੍ਰੀਤ ਕੌਰ ਨੂੰ ਵੀ ਸਨਮਾਨਤ ਕੀਤਾ ਗਿਆ। ਗੁਰਮੇਲ ਸਿੰਘ ਮੇਲੀ ਨੇ ਸਟੇਜ ਦਾ ਸੰਚਾਲਨ ਕੀਤਾ।ਕਪੂਰਥਲਾ ਤੋਂ ਇਪਟਾ ਦੀ ਟੀਮ ਵੱਲੋਂ ਨਾਟਕ ਅਤੇ ਕੋਰੋਗਰਾਫੀਆਂ ਪੇਸ਼ ਕੀਤੀਆਂ ਗਈਆਂ ਅਤੇ ਕਵੀਸ਼ਰੀ ਜਥੇ ਵੱਲੋਂ ਪੇਸ਼ਕਾਰੀ ਕੀਤੀਆਂ ਗਈਆਂ। ਬਰਸੀ ਨੂੰ ਕਾਮਯਾਬ ਕਰਨ ਲਈ ਸ਼ਹੀਦ ਕਾਮਰੇਡ ਗੁਰਮੇਲ ਸਿੰਘ ਹੂੰਝਣ ਦੇ ਪੁਰਾਣੇ ਸਾਥੀ ਨਛੱਤਰ ਸਿੰਘ, ਸਾਬਕਾ ਸਰਪੰਚ ਬਲਬੀਰ ਸਿੰਘ, ਬਲਵਿੰਦਰ ਸਿੰਘ ਫੌਜੀ, ਸ਼ਿੰਗਾਰਾ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ ਕਾਕਾ, ਰਸਪਿੰਦਰ ਸਿੰਘ ਨੀਲਾ ਨੇ ਦਿਨ-ਰਾਤ ਕੰਮ ਕੀਤਾ।





